ਬੀਕਾਨੇਰ, 22 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਦੇ ਦੁਸ਼ਮਣਾਂ ਨੂੰ ਪਤਾ ਲੱਗ ਗਿਆ ਹੈ ਕਿ ਜਦੋਂ ‘ਸਿੰਧੂਰ’ ਬਾਰੂਦ ਬਣ ਜਾਂਦਾ ਹੈ ਤਾਂ ਕੀ ਹੁੰਦਾ ਹੈ। ਉਨ੍ਹਾਂ ਪਾਕਿਸਤਾਨ ਨੂੰ ਗੋਡੇ ਟੇਕਣ ਲਈ ਮਜਬੂਰ ਕਰਨ ਲਈ ਭਾਰਤੀ ਹਥਿਆਰਬੰਦ ਬਲਾਂ ਦੀ ਸ਼ਲਾਘਾ ਕੀਤੀ। ਰਾਜਸਥਾਨ ’ਚ ਜਨਤਕ ਸਮਾਗਮ ’ਚ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਨੂੰ ਨਿਸ਼ਾਨੇ ’ਤੇ ਰੱਖਿਆ ਤੇ ਕਿਹਾ ਕਿ 22 ਅਪਰੈਲ (ਪਹਿਲਗਾਮ ਹਮਲਾ) ਦੇ ਹਮਲੇ ਦੇ ਜਵਾਬ ’ਚ ਉਨ੍ਹਾਂ 22 ਮਿੰਟਾਂ ਅੰਦਰ 9 ਵੱਡੇ ਅਤਿਵਾਦੀ ਟਿਕਾਣੇ ਤਬਾਹ ਕਰ ਦਿੱਤੇ।
ਬੀਕਾਨੇਰ ਦੇ ਪਲਾਨਾ ’ਚ ਜਨਤਕ ਰੈਲੀ ਦੌਰਾਨ ਉਨ੍ਹਾਂ ਕਿਹਾ, ‘ਦੁਨੀਆ ਤੇ ਦੇਸ਼ ਦੇ ਦੁਸ਼ਮਣਾਂ ਨੇ ਦੇਖ ਲਿਆ ਹੈ ਕਿ ਜਦੋਂ ‘ਸਿੰਧੂਰ’ ‘ਬਾਰੂਦ’ ਬਣਦਾ ਹੈ ਤਾਂ ਕੀ ਹੁੰਦਾ ਹੈ।’ ਉਨ੍ਹਾਂ ਕਿਹਾ, ‘ਹੁਣ ਮੋਦੀ ਦੀਆਂ ਰਗਾਂ ’ਚ ਲਹੂ ਨਹੀਂ, ਗਰਮ ਸਿੰਧੂਰ ਦੌੜ ਰਿਹਾ ਹੈ। ਪਾਕਿਸਤਾਨ ਨੂੰ ਹਰ ਅਤਿਵਾਦੀ ਹਮਲੇ ਲਈ ਭਾਰੀ ਕੀਮਤ ਚੁਕਾਉਣੀ ਪਵੇਗੀ।’ ਉਨ੍ਹਾਂ ਕਿਹਾ ਕਿ ਅਤਿਵਾਦੀ ਹਮਲੇ ’ਤੇ ਭਾਰਤ ਦੀ ਪ੍ਰਤੀਕਿਰਿਆ ਬਦਲੇ ਦੀ ਖੇਡ ਨਹੀਂ ਸਗੋਂ ‘ਨਿਆਂ ਦਾ ਨਵਾਂ ਰੂਪ’ ਹੈ ਅਤੇ ਪਾਕਿਸਤਾਨ ਨਾਲ ਕੋਈ ਵਪਾਰ ਜਾਂ ਗੱਲਬਾਤ ਨਹੀਂ ਹੋਵੇਗੀ, ਸਿਰਫ਼ ਮਕਬੂਜ਼ਾ ਕਮਸ਼ੀਰ ਬਾਰੇ ਗੱਲ ਹੋਵੇਗੀ। ਪਾਕਿਸਤਾਨ ਨੂੰ ਸਖਤ ਸੁਨੇਹਾ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਰਤ ਪਰਮਾਣੂ ਧਮਕੀਆਂ ਤੋਂ ਡਰਨ ਵਾਲਾ ਨਹੀਂ ਹੈ ਤੇ ਜੇ ਦੇਸ਼ ’ਤੇ ਕੋਈ ਅਤਿਵਾਦੀ ਹਮਲਾ ਹੁੰਦਾ ਹੈ ਤਾਂ ਉਸ ਦਾ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ।
ਅਪਰੇਸ਼ਨ ਸਿੰਧੂਰ ਦੀ ਕਾਮਯਾਬੀ ਲਈ ਹਥਿਆਰਬੰਦ ਬਲਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ, ‘ਸਾਡੀ ਸਰਕਾਰ ਨੇ ਤਿੰਨੇ ਹਥਿਆਰਬੰਦ ਬਲਾਂ ਨੂੰ ਖੁੱਲ੍ਹ ਦਿੱਤੀ ਸੀ। ਉਨ੍ਹਾਂ ਮਿਲ ਕੇ ਅਜਿਹਾ ਜਾਲ ਵਿਛਾਇਆ ਕਿ ਪਾਕਿਸਤਾਨ ਨੂੰ ਗੋਡੇ ਟੇਕਣ ਲਈ ਮਜਬੂਰ ਹੋਣਾ ਪਿਆ।’ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਬੀਕਾਨੇਰ ’ਚ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਿਆ। ਉਨ੍ਹਾਂ ਕਿਹਾ, ‘ਕੋਈ ਨਹੀਂ ਜਾਣਦਾ ਕਿ ਪਾਕਿਸਤਾਨ ਦਾ ਰਹੀਮਯਾਰ ਖਾਨ ਹਵਾਈ ਅੱਡਾ ਮੁੜ ਕਦੋਂ ਖੁੱਲ੍ਹੇਗਾ। ਇਹ ਆਈਸੀਯੂ ’ਚ ਹੈ। ਹਮਲੇ ਨੇ ਇਸ ਨੂੰ ਤਬਾਹ ਕਰ ਦਿੱਤਾ ਹੈ।’ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਦੇਸ਼ਨੋਕ ’ਚ ਮਸ਼ਹੂਰ ਕਰਨੀ ਮਾਤਾ ਮੰਦਰ ’ਚ ਪੂਜਾ ਕੀਤੀ। ਸਮਾਗਮ ’ਚ ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ, ਰਾਜਸਥਾਨ ਦੇ ਰਾਜਪਾਲ ਹਰੀਭਾਊ ਬਾਗੜੇ, ਮੁੱਖ ਮੰਤਰੀ ਭਜਨ ਲਾਲ ਸ਼ਰਮਾ ਹਾਜ਼ਰ ਸਨ। -ਪੀਟੀਆਈ
ਫਿਲਮਾਂ ਦੇ ਫੋਕੇ ਡਾਇਲਾਗ ਨਾ ਬੋਲਣ ਮੋਦੀ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਤਾਜ਼ਾ ਬਿਆਨ ਨੂੰ ਲੈ ਕੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਫਿਲਮਾਂ ਜਿਹੇ ਫੋਕੇ ਡਾਇਲਾਗ’ ਬੋਲਣ ਦੀ ਬਜਾਏ ਸੰਸਦ ਦਾ ਵਿਸ਼ੇਸ਼ ਇਜਲਾਸ ਸੱਦ ਕੇ ਸਦਨ ’ਚ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਅਤੇ ਸਾਰੀਆਂ ਪਾਰਟੀਆਂ ਦੇ ਆਗੂਆਂ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਦਾਅਵਾ ਵੀ ਕੀਤਾ ਕਿ ਸੰਸਦ ਮੈਂਬਰਾਂ ਦੇ ਵਫ਼ਦਾਂ ਨੂੰ ਵੱਖ ਵੱਖ ਮੁਲਕਾਂ ਦੇ ਦੌਰਿਆਂ ’ਤੇ ਭੇਜਣਾ ‘ਸਮੂਹਿਕ ਧਿਆਨ ਵੰਡਾਉਣ ਵਾਲੇ ਢੰਗ-ਤਰੀਕਿਆਂ’ ਦੀ ਕਵਾਇਦ ਹੈ। ਉਨ੍ਹਾਂ ‘ਐਕਸ’ ’ਤੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਬੀਕਾਨੇਰ ’ਚ ਦਿੱਤੇ ਗਏ ਫੋਕੇ ਫਿਲਮੀ ਡਾਇਲਾਗਾਂ ਵਾਲੇ ਭਾਸ਼ਣਾਂ ਦੀ ਬਜਾਏ ਪੁੱਛੇ ਜਾ ਰਹੇ ਗੰਭੀਰ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਜੈਰਾਮ ਰਮੇਸ਼ ਨੇ ਕਿਹਾ, ‘‘ਪਹਿਲਗਾਮ ਦੇ ਵਹਿਸ਼ੀ ਕਾਤਲ ਹਾਲੇ ਤੱਕ ਆਜ਼ਾਦ ਕਿਉਂ ਹਨ। ਕੁਝ ਰਿਪੋਰਟਾਂ ਮੁਤਾਬਕ ਉਹ ਪਿਛਲੇ 18 ਮਹੀਨਿਆਂ ’ਚ ਪੁਣਛ, ਗਗਨਗੀਰ ਅਤੇ ਗੁਲਮਰਗ ’ਚ ਹੋਏ ਤਿੰਨ ਦਹਿਸ਼ਤੀ ਹਮਲਿਆਂ ਲਈ ਵੀ ਜ਼ਿੰਮੇਵਾਰ ਸਨ। ਤੁਸੀਂ ਕਿਸੇ ਵੀ ਸਰਬ-ਪਾਰਟੀ ਮੀਟਿੰਗ ਦੀ ਅਗਵਾਈ ਕਿਉਂ ਨਹੀਂ ਕੀਤੀ ਅਤੇ ਵਿਰੋਧੀ ਧਿਰਾਂ ਨੂੰ ਭਰੋਸੇ ’ਚ ਕਿਉਂ ਨਹੀਂ ਲਿਆ?’’ ਕਾਂਗਰਸ ਆਗੂ ਨੇ ਕਿਹਾ ਕਿ ਮੋਦੀ ਨੇ ਤਿੰਨ ਵੱਡੇ ਤਬਾਹਕੁਨ ਹਥਿਆਰ ਛੱਡੇ ਹਨ ਅਤੇ ਇਹ ‘ਸਮੂਹਿਕ ਬਦਨਾਮੀ ਦੇ ਹਥਿਆਰ’ ਭਾਜਪਾ ਹੈੱਡਕੁਆਰਟਰ ਤੋਂ ਛੱਡੇ ਜਾ ਰਹੇ ਹਨ ਤੇ ਧਿਆਨ ਵੰਡਾਉਣ ਵਜੋਂ ਸੰਸਦ ਮੈਂਬਰਾਂ ਦੇ ਵਫ਼ਦਾਂ ਨੂੰ ਵਿਦੇਸ਼ ਭੇਜਿਆ ਜਾ ਰਿਹਾ ਹੈ। -ਪੀਟੀਆਈ