ਮੁਰਮੂ ਨੇ ਅੰਗੋਲਾ ਨਾਲ ਰਿਸ਼ਤੇ ਨੂੰ ਦਿੱਤੀ ਨਵੀਂ ਉਡਾਣ
ਰੱਖਿਆ, ਊਰਜਾ ਤੇ ਖਣਿਜ ਖੇਤਰਾਂ ’ਚ ਸਹਿਯੋਗ ਵਧਾਉਣ ’ਤੇ ਬਣੀ ਸਹਿਮਤੀ
ਰਾਸ਼ਟਰਪਤੀ ਦਰੋਪਦੀ ਮੁਰਮੂ ਅੰਗੋਲਾ ਦਾ ਆਪਣਾ ਚਾਰ-ਰੋਜ਼ਾ ਇਤਿਹਾਸਕ ਦੌਰਾ ਮੁਕੰਮਲ ਕਰਨ ਤੋਂ ਬਾਅਦ ਅੱਜ ਆਪਣੇ ਦੋ-ਦੇਸ਼ੀ ਦੌਰੇ ਦੇ ਦੂਜੇ ਪੜਾਅ ਤਹਿਤ ਬੋਤਸਵਾਨਾ ਲਈ ਰਵਾਨਾ ਹੋ ਗਏ ਹਨ। ਕਿਸੇ ਵੀ ਭਾਰਤੀ ਰਾਸ਼ਟਰਪਤੀ ਦਾ ਅੰਗੋਲਾ ਦਾ ਇਹ ਪਹਿਲਾ ਦੌਰਾ ਸੀ ਜਿਸ ਦਾ ਮੁੱਖ ਉਦੇਸ਼ ਰਵਾਇਤੀ ਊਰਜਾ ਖੇਤਰ ਤੋਂ ਅੱਗੇ ਵਧ ਕੇ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਸੀ।
ਦੌਰੇ ਦੇ ਆਖਰੀ ਦਿਨ ਰਾਸ਼ਟਰਪਤੀ ਮੁਰਮੂ ਨੇ ਅੰਗੋਲਾ ਦੇ 50ਵੇਂ ਆਜ਼ਾਦੀ ਦਿਹਾੜੇ ਸਮਾਗਮਾਂ ਵਿੱਚ ਸ਼ਿਰਕਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਵਾਈ ਅੱਡੇ ’ਤੇ ਰਸਮੀ ਵਿਦਾਇਗੀ ਦਿੱਤੀ ਗਈ। ਉਹ ਤਿੰਨ ਦਿਨ ਬੋਤਸਵਾਨਾ ਵਿੱਚ ਰਹਿਣਗੇ ਅਤੇ ਮਗਰੋਂ ਦਿੱਲੀ ਲਈ ਰਵਾਨਾ ਹੋਣਗੇ।
ਇਸ ਦੌਰੇ ਦੌਰਾਨ ਰਾਸ਼ਟਰਪਤੀ ਮੁਰਮੂ ਨੇ ਆਪਣੀ ਹਮਰੁਤਬਾ ਜੋਆਓ ਮੈਨੂਅਲ ਗੋਂਕਾਲਵੇਸ ਲੌਰੇਂਕੋ ਨਾਲ ਉੱਚ-ਪੱਧਰੀ ਗੱਲਬਾਤ ਕੀਤੀ ਅਤੇ ਦੋ ਅਹਿਮ ਸਮਝੌਤਿਆਂ ’ਤੇ ਦਸਤਖ਼ਤ ਕੀਤੇ। ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਭਾਰਤੀ ਕੰਪਨੀਆਂ ਨਾਜ਼ੁਕ ਅਤੇ ਦੁਰਲੱਭ ਖਣਿਜਾਂ ਦੀ ਖੋਜ ਕਰਨ ਦੇ ਸਮਰੱਥ ਹਨ ਅਤੇ ਇਸ ਸਹਿਯੋਗ ਨੂੰ ਇਲੈਕਟ੍ਰਿਕ ਵਾਹਨਾਂ, ਸੈਮੀਕੰਡਕਟਰ ਅਤੇ ਮਸਨੂਈ ਬੌਧਿਕਤਾ (ਏ ਆਈ) ਤੱਕ ਵਧਾਇਆ ਜਾ ਸਕਦਾ ਹੈ। ਦੋਵਾਂ ਆਗੂਆਂ ਨੇ ਵਪਾਰ ਅਤੇ ਨਿਵੇਸ਼, ਖੇਤੀਬਾੜੀ, ਸਿਹਤ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਰੱਖਿਆ ਸਮੇਤ ਕਈ ਖੇਤਰਾਂ ਵਿੱਚ ਮੌਜੂਦਾ ਸਹਿਯੋਗ ਦੀ ਸਮੀਖਿਆ ਕੀਤੀ। ਰਾਸ਼ਟਰਪਤੀ ਮੁਰਮੂ ਨੇ ਭਰੋਸਾ ਦਿਵਾਇਆ ਕਿ ਊਰਜਾ ਸੁਰੱਖਿਆ ਅਤੇ ਖੇਤੀਬਾੜੀ ਵਰਗੇ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੀਆਂ ਵੱਡੀਆਂ ਸੰਭਾਵਨਾਵਾਂ ਹਨ।
ਰੱਖਿਆ ਸਹਿਯੋਗ ਬਾਰੇ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ, ਅੰਗੋਲਾ ਦੀਆਂ ਰੱਖਿਆ ਸਬੰਧਤ ਲੋੜਾਂ ਪੂਰੀਆਂ ਕਰਨ ਲਈ ਤਿਆਰ ਹੈ। ਵਿਦੇਸ਼ ਮੰਤਰਾਲੇ ਦੇ ਸਕੱਤਰ (ਆਰਥਿਕ ਸਬੰਧ) ਸੁਧਾਕਰ ਦਲੇਲਾ ਨੇ ਕਿਹਾ ਕਿ ਅੰਗੋਲਾ ਨੇ ਭਾਰਤ ਦੀ ਅਗਵਾਈ ਵਾਲੇ ਦੋ ਮਹੱਤਵਪੂਰਨ ਕੌਮਾਂਤਰੀ ਗੱਠਜੋੜਾਂ ਕੌਮਾਂਤਰੀ ਬਿੱਗ ਕੈਟ ਅਲਾਇੰਸ (ਆਈ ਬੀ ਸੀ ਏ) ਅਤੇ ਗਲੋਬਲ ਬਾਇਓਫਿਊਲ ਅਲਾਇੰਸ (ਜੀ ਬੀ ਏ) ਵਿੱਚ ਸ਼ਾਮਲ ਹੋਣ ਦੀ ਸਹਿਮਤੀ ਜਤਾਈ ਹੈ। ਇਸ ਤੋਂ ਪਹਿਲਾਂ ਮਈ ਵਿੱਚ ਅੰਗੋਲਾ ਕੌਮਾਂਤਰੀ ਸੂਰਜੀ ਗੱਠਜੋੜ (ਆਈ ਐੱਸ ਏ) ਵਿੱਚ ਵੀ ਸ਼ਾਮਲ ਹੋਇਆ ਸੀ।

