ਭਾਰਤ ਅਤੇ ਅਮਰੀਕਾ ਤਜਵੀਜ਼ਸ਼ੁਦਾ ਦੁਵੱਲੇ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਤਹਿਤ 10 ਦਸੰਬਰ ਤੋਂ ਤਿੰਨ ਦਿਨੀਂ ਵਾਰਤਾ ਸ਼ੁਰੂ ਕਰਨਗੇ। ਅਮਰੀਕੀ ਟੀਮ ਵਾਰਤਾ ਲਈ ਦਿੱਲੀ ਆ ਰਹੀ ਹੈ।
ਸੂਤਰਾਂ ਨੇ ਕਿਹਾ ਕਿ ਇਹ ਵਾਰਤਾ ਅਹਿਮ ਹੈ ਕਿਉਂਕਿ ਭਾਰਤ ਅਤੇ ਅਮਰੀਕਾ ਇਸ ਵੇਲੇ ਸਮਝੌਤੇ ਦੇ ਪਹਿਲੇ ਪੜਾਅ ਨੂੰ ਅੰਤਿਮ ਰੂਪ ਦੇਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਸੂਤਰਾਂ ਮੁਤਾਬਕ, ‘‘ਤਿੰਨ ਦਿਨੀਂ ਵਾਰਤਾ 10 ਦਸੰਬਰ ਤੋਂ ਸ਼ੁਰੂ ਹੋ ਕੇ 12 ਦਸੰਬਰ ਨੂੰ ਖ਼ਤਮ ਹੋਵੇਗੀ ਅਤੇ ਇਹ ਰਸਮੀ ਵਾਰਤਾ ਨਹੀਂ ਹੈ।’’ ਅਮਰੀਕੀ ਵਫ਼ਦ ਦੀ ਅਗਵਾਈ ਡਿਪਟੀ ਅਮਰੀਕੀ ਵਪਾਰ ਪ੍ਰਤੀਨਿਧ ਰਿਕ ਸਵਿਟਜ਼ਰ ਕਰਨਗੇ।
ਭਾਰਤੀ ਵਸਤਾਂ ’ਤੇ ਅਮਰੀਕਾ ਵੱਲੋਂ 50 ਫੀਸਦ ਟੈਰਿਫ ਲਾਏ ਜਾਣ ਮਗਰੋਂ ਵਪਾਰ ਸਮਝੌਤੇ ’ਤੇ ਵਾਰਤਾ ਲਈ ਅਮਰੀਕੀ ਟੀਮ ਦੂਜੀ ਵਾਰ ਭਾਰਤ ਆ ਰਹੀ ਹੈ। ਇਸ ਤੋਂ ਪਹਿਲਾਂ 16 ਸਤੰਬਰ ਨੂੰ ਅਮਰੀਕੀ ਵਫ਼ਦ ਭਾਰਤ ਦੇ ਦੌਰੇ ’ਤੇ ਆਇਆ ਸੀ। ਵਣਜ ਅਤੇ ਸਨਅਤਾਂ ਬਾਰੇ ਮੰਤਰੀ ਪਿਊਸ਼ ਗੋਇਲ ਦੀ ਅਗਵਾਈ ਹੇਠ ਭਾਰਤੀ ਵਫ਼ਦ 22 ਸਤੰਬਰ ਨੂੰ ਅਮਰੀਕਾ ਗਿਆ ਸੀ। ਸਮਝੌਤੇ ਲਈ ਅਮਰੀਕਾ ਦੇ ਮੁੱਖ ਵਾਰਤਾਕਾਰ ਦੱਖਣੀ ਅਤੇ ਮੱਧ ਏਸ਼ੀਆ ਲਈ ਸਹਾਇਕ ਅਮਰੀਕੀ ਵਪਾਰ ਪ੍ਰਤੀਨਿਧ ਬਰੈਂਡਨ ਲਿੰਚ ਹਨ; ਭਾਰਤੀ ਟੀਮ ਦੀ ਅਗਵਾਈ ਵਣਜ ਵਿਭਾਗ ਦੇ ਸੰਯੁਕਤ ਸਕੱਤਰ ਦਰਪਨ ਜੈਨ ਕਰ ਰਹੇ ਹਨ। ਦੋਵੇਂ ਮੁਲਕਾਂ ਵਿਚਾਲੇ ਵਾਰਤਾ ਇਸ ਲਈ ਵੀ ਅਹਿਮ ਹੈ ਕਿਉਂਕਿ ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਕੁਝ ਦਿਨ ਪਹਿਲਾਂ ਆਖਿਆ ਸੀ ਕਿ ਭਾਰਤ ਨੂੰ ਇਸੇ ਸਾਲ ਅਮਰੀਕਾ ਨਾਲ ਵਪਾਰ ਸਮਝੌਤਾ ਹੋਣ ਦੀ ਆਸ ਹੈ ਜਿਸ ਨਾਲ ਟੈਰਿਫਾਂ ਦਾ ਮਸਲਾ ਵੀ ਹੱਲ ਹੋਵੇਗਾ। ਫਰਵਰੀ ’ਚ ਦੋਵੇਂ ਮੁਲਕਾਂ ਦੇ ਆਗੂਆਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਸਮਝੌਤੇ ਲਈ ਗੱਲਬਾਤ ਕਰਨ।

