ਹਿਮਾਚਲ: ਸਾਬਕਾ ਫ਼ੌਜੀਆਂ ਅਤੇ ਵੀਰ ਨਾਰੀਆਂ ਦੀ ਪੈਨਸ਼ਨ ’ਚ 40 ਫ਼ੀਸਦ ਵਾਧਾ
ਹਿਮਾਚਲ ਪ੍ਰਦੇਸ਼ ਸਰਕਾਰ ਨੇ 1987 ਤੋਂ ਪਹਿਲਾਂ ਸਵੈ-ਇੱਛਾ ਨਾਲ ਸੇਵਾਮੁਕਤ ਹੋਣ ਵਾਲੇ ਸਾਬਕਾ ਫ਼ੌਜੀਆਂ ਅਤੇ ਉਨ੍ਹਾਂ ਦੀਆਂ ਵਿਧਵਾਵਾਂ ਨੂੰ ਦਿੱਤੀ ਜਾਣ ਵਾਲੀ ਪ੍ਰਤੀ ਮਹੀਨਾ ਪੈਨਸ਼ਨ ’ਚ 2000 ਰੁਪਏ ਦਾ ਵਾਧਾ ਕੀਤਾ ਹੈ।
ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਬਕਾ ਫ਼ੌਜੀਆਂ ਅਤੇ ਵੀਰ ਨਾਰੀਆਂ ਨੂੰ ਹੁਣ 3,000 ਰੁਪਏ ਦੀ ਬਜਾਏ 5,000 ਰੁਪਏ ਮਹੀਨਾਵਾਰ ਪੈਨਸ਼ਨ ਮਿਲੇਗੀ।
ਸੈਨਿਕ ਭਲਾਈ ਵਿਭਾਗ ਦੇ ਡਾਇਰੈਕਟਰ ਬ੍ਰਿਗੇਡੀਅਰ ਮਦਨਸ਼ੀਲ ਸ਼ਰਮਾ ਨੇ ਕਿਹਾ, ‘ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ, ਜੂਨ ਦੇ ਮਹੀਨੇ ਵਿੱਚ, ਤਿੰਨ ਮਹੀਨਿਆਂ ਅਪਰੈਲ, ਮਈ ਅਤੇ ਜੂਨ ਲਈ 15,000 ਰੁਪਏ ਦੀ ਇੱਕਮੁਸ਼ਤ ਰਕਮ ਜਾਰੀ ਕੀਤੀ ਜਾਵੇਗੀ।’
ਉਨ੍ਹਾਂ ਦੱਸਿਆ ਕਿ ਰਾਜ ਵਿੱਚ ਕੁੱਲ 507 ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੀਆਂ ਵਿਧਵਾਵਾਂ ਨੂੰ ਪੈਨਸ਼ਨ ਵਾਧੇ ਦਾ ਲਾਭ ਮਿਲੇਗਾ। ਇਨ੍ਹਾਂ ਸਾਬਕਾ ਸੈਨਿਕਾਂ ਨੂੰ ਭਾਰਤ ਸਰਕਾਰ ਤੋਂ ਕੋਈ ਪੈਨਸ਼ਨ ਨਹੀਂ ਮਿਲਦੀ।
ਇਸ ਵੇਲੇ ਸੂਬੇ ਵਿੱਚ 246 ਸਾਬਕਾ ਫ਼ੌਜੀ ਅਤੇ ਸਾਬਕਾ ਫ਼ੌਜੀਆਂ ਦੀਆਂ 261 ਵਿਧਵਾਵਾਂ ਨੂੰ ਪੈਨਸ਼ਨ ਵਾਧੇ ਦਾ ਲਾਭ ਮਿਲੇਗਾ। ਪਹਿਲਾਂ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੀਆਂ ਵਿਧਵਾਵਾਂ ਦੀ ਮਾਸਿਕ ਪੈਨਸ਼ਨ ਲਈ 15,21,000 ਰੁਪਏ ਮਹੀਨਾਵਾਰ ਬਜਟ ਅਲਾਟ ਕੀਤਾ ਜਾਂਦਾ ਸੀ, ਜਿਸ ਨੂੰ ਹੁਣ ਵਧਾ ਕੇ 25,35,000 ਰੁਪਏ ਮਹੀਨਾਵਾਰ ਬਜਟ ਕਰ ਦਿੱਤਾ ਗਿਆ ਹੈ। -ਪੀਟੀਆਈ