ਬਿਜਲੀ ਦੀਆਂ ਤਾਰਾਂ ਜੁੜਨ ਕਾਰਨ ਪਸ਼ੂਆਂ ਦੇ ਵਾੜੇ ’ਚ ਅੱਗ ਲੱਗੀ
ਫ਼ਤਹਿਗੜ੍ਹ ਪੰਜਤੂਰ, 16 ਮਈ
ਇੱਥੋਂ ਨੇੜਲੇ ਪਿੰਡ ਸੰਘੇੜਾ ਵਿੱਚ ਅੱਜ ਸ਼ਾਮ ਇਕ ਕਿਸਾਨ ਦੇ ਪਸ਼ੂਆਂ ਵਾਲੇ ਵਾੜੇ ਵਿੱਚ ਅੱਗ ਲੱਗ ਗਈ, ਜਿਸ ਕਾਰਨ ਵਾੜੇ ’ਚ ਬੱਝੀ ਇਕ ਮੱਝ ਬੁਰੀ ਤਰ੍ਹਾਂ ਸੜ ਗਈ ਅਤੇ ਇਕ ਝੁਲਸਣ ਕਾਰਨ ਗੰਭੀਰ ਜ਼ਖ਼ਮੀ ਹੋ ਗਈ। ਅੱਗ ਬਿਜਲੀ ਦੀਆਂ ਤਾਰਾਂ ਆਪਸ ਵਿੱਚ ਜੁੜ ਕੇ ਹੋਈ ਸਪਾਰਿੰਗ ਕਾਰਨ ਲੱਗੀ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਸੰਘੇੜਾ ਦੇ ਕਿਸਾਨ ਗੁਰਦੀਪ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਨੇ ਆਪਣੇ ਘਰ ਵਿਚ ਹੀ ਆਰਜ਼ੀ ਤੌਰ ’ਤੇ ਕੱਖਾਂ-ਕਾਨਿਆਂ ਦਾ ਵਾੜਾ ਬਣਾਇਆ ਹੋਇਆ ਸੀ। ਅੱਜ ਸ਼ਾਮ ਚਾਰ ਵਜੇ ਦੇ ਕਰੀਬ ਇਸ ਵਾੜੇ ਅੰਦਰ ਬਿਜਲੀ ਸਪਲਾਈ ਵਾਲੀਆਂ ਤਾਰਾਂ ਆਪਸ ’ਚ ਜੁੜ ਗਈਆਂ ਅਤੇ ਅੱਗ ਲੱਗ ਗਈ।
ਪੀੜਤ ਕਿਸਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਵੇਲੇ ਵਾੜੇ ਵਿੱਚ ਦੋ ਮੱਝਾਂ ਬੱਝੀਆਂ ਹੋਈਆਂ ਸਨ, ਜਿਨ੍ਹਾਂ ਵਿੱਚੋਂ ਇੱਕ ਮੱਝ ਕੁਝ ਦਿਨਾਂ ਬਾਅਦ ਹੀ ਸੂਣ ਵਾਲੀ ਸੀ। ਇਕ ਮੱਝ ਦੀ ਅੱਗ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੂਜੀ ਪੰਜਾਹ ਫ਼ੀਸਦੀ ਝੁਲਸ ਗਈ।
ਪਿੰਡ ਵਾਸੀਆਂ ਨੇ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਨਹੀਂ। ਪੀੜਤ ਪਰਿਵਾਰ ਨੇ ਸਰਕਾਰ ਕੋਲੋਂ ਹੋਏ ਨੁਕਸਾਨ ਦਾ ਮੁਆਵਜ਼ਾ ਮੰਗਿਆ ਹੈ।