ਬਿਹਾਰ ’ਤੇ ਦਿੱਲੀ ਦਾ ਕੰਟਰੋਲ: ਪ੍ਰਿਯੰਕਾ
ਬੇਰੁਜ਼ਗਾਰੀ ਤੇ ਪਰਵਾਸ ਦੇ ਮੁੱਦੇ ’ਤੇ ਐੱਨ ਡੀ ਏ ਸਰਕਾਰ ਨੂੰ ਘੇਰਿਆ; ਵੋਟ ਦਾ ਅਧਿਕਾਰ ਕਮਜ਼ੋਰ ਕਰਨ ਦਾ ਦੋਸ਼ ਲਾਇਆ
ਕਾਂਗਰਸ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਬਿਹਾਰ ’ਚ ਬੇਰੁਜ਼ਗਾਰੀ ਤੇ ਪਰਵਾਸ ਦੇ ਮੁੱਦੇ ’ਤੇ ਐੱਨ ਡੀ ਏ ਨੂੰ ਨਿਸ਼ਾਨੇ ’ਤੇ ਲਿਆ ਅਤੇ ਕਿਹਾ ਕਿ ਇੱਥੇ ਕੋਈ ‘ਡਬਲ ਇੰਜਣ ਸਰਕਾਰ’ ਨਹੀਂ ਹੈ ਕਿਉਂਕਿ ਸਭ ਕੁਝ ਦਿੱਲੀ ਤੋਂ ਕੰਟਰੋਲ ਕੀਤਾ ਜਾ ਰਿਹਾ ਹੈ।
ਬਿਹਾਰ ਚੋਣਾਂ ਦੌਰਾਨ ਬੇਗੂਸਰਾਏ ’ਚ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਤੇ ਸੂਬੇ ਦੀਆਂ ਐੱਨ ਡੀ ਏ ਸਰਕਾਰਾਂ ‘ਵੰਡਪਾਊ ਸਿਆਸਤ’ ’ਚ ਰੁੱਝੀਆਂ ਹੋਈਆਂ ਹਨ ਅਤੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਲਈ ‘ਫ਼ਰਜ਼ੀ ਰਾਸ਼ਟਰਵਾਦ’ ਦਾ ਪ੍ਰਚਾਰ ਕਰ ਰਹੀਆਂ ਹਨ। ਵੋਟ ਦੇ ਅਧਿਕਾਰ ਨੂੰ ਭਾਰਤੀ ਸੰਵਿਧਾਨ ਦਾ ਸਭ ਤੋਂ ਵੱਡਾ ਵਰਦਾਨ ਦੱਸਦਿਆਂ ਪ੍ਰਿਯੰਕਾ ਨੇ ਕਿਹਾ ਕਿ ਐੱਨ ਡੀ ਏ ਸਰਕਾਰ ਨੇ ਐੱਸ ਆਈ ਆਰ ਰਾਹੀਂ ਸੂਬੇ ਦੀ ਵੋਟਰ ਸੂਚੀ ’ਚੋਂ ‘65 ਲੱਖ ਵੋਟਰਾਂ ਦੇ ਨਾਂ ਹਟਾ ਕੇ’ ਲੋਕਾਂ ਦੇ ਵੋਟ ਦੇ ਅਧਿਕਾਰ ਨੂੰ ਕਮਜ਼ੋਰ ਕੀਤਾ ਹੈ। ਕਾਂਗਰਸ ਆਗੂ ਨੇ ਕਿਹਾ, ‘‘ਬਿਹਾਰ ’ਚ ਕੋਈ ਡਬਲ ਇੰਜਣ (ਸਰਕਾਰ) ਨਹੀਂ ਹੈ ਸਗੋਂ ਸਿਰਫ਼ ਇੱਕੋ ਇੰਜਣ ਹੈ। ਹਰ ਚੀਜ਼ ਦਿੱਲੀ ਤੋਂ ਕੰਟਰੋਲ ਹੋ ਰਹੀ ਹੈ। ਨਾ ਤੁਹਾਡੀ ਆਵਾਜ਼ ਸੁਣੀ ਜਾ ਰਹੀ ਹੈ ਅਤੇ ਨਾ ਹੀ ਤੁਹਾਡੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਸਨਮਾਨ ਕੀਤਾ ਰਿਹਾ ਹੈ।’’ ਉਨ੍ਹਾਂ ਬਿਹਾਰ ’ਚ ਵੋਟਰ ਸੂਚੀ ਦੀ ਵਿਸ਼ੇਸ਼ ਮੁੜ ਸੁਧਾਈ (ਐੱਸ ਆਈ ਆਰ) ਨੂੰ ਲੈ ਕੇ ਭਾਜਪਾ ਦੀ ਆਲੋਚਨਾ ਕੀਤੀ ਅਤੇ ਦੋਸ਼ ਲਾਇਆ ਕਿ ‘ਵੋਟਰਾਂ ਦੇ ਨਾਂ ਹਟਾਉਣਾ ਲੋਕਾਂ ਦੇ ਹੱਕ ਖੋਹਣਾ ਹੈ’। ਉਨ੍ਹਾਂ ਭਾਜਪਾ ’ਤੇ ਦੋਸ਼ ਲਾਇਆ, ‘ਪਹਿਲਾਂ ਉਨ੍ਹਾਂ ਲੋਕਾਂ ਨੂੰ ਵੰਡਿਆ, ਲੜਾਈ ਕਰਵਾਈ ਪਰ ਅਸਲ ਮੁੱਦਿਆਂ ਤੋਂ ਧਿਆਨ ਨਾ ਭਟਕਾ ਸਕੇ। ਇਸ ਲਈ ਹੁਣ ਵੋਟਾਂ ਚੋਰੀ ਕਰ ਰਹੇ ਹਨ।’

