ਜਮਹੂਰੀ ਅਧਿਕਾਰ ਸਭਾ ਵੱਲੋਂ ਜ਼ਿਲ੍ਹਾ ਲੁਧਿਆਣਾ ਇਕਾਈ ਦਾ ਇੱਕ ਰੋਜ਼ਾ ਇਜਲਾਸ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿੱਚ ਕਰਵਾਇਆ ਗਿਆ। ਨਵੇਂ ਅਹੁਦੇਦਾਰਾਂ ਦੀ ਚੋਣ ’ਚ ਜਸਵੰਤ ਜ਼ੀਰਖ ਨੂੰ ਪ੍ਰਧਾਨ ਅਤੇ ਅਜਮੇਰ ਦਾਖਾ ਨੂੰ ਜਨਰਲ ਸਕੱਤਰ ਬਣਾਇਆ ਗਿਆ।
ਇਜਲਾਸ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਡੈਲੀਗੇਟਾਂ ਨੇ ਹਿੱਸਾ ਲਿਆ। ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਜ਼ੀਰਖ ਅਤੇ ਜਨਰਲ ਸਕੱਤਰ ਅਜਮੇਰ ਦਾਖਾ ਅਤੇ ਪ੍ਰੈੱਸ ਸਕੱਤਰ ਅਰੁਣ ਕੁਮਾਰ ਨੇ ਦੱਸਿਆ ਕਿ ਇਜਲਾਸ ਸਭਾ ਦੇ ਸੂਬਾ ਪ੍ਰਧਾਨ ਪ੍ਰੋ. ਜਗਮੋਹਨ ਸਿੰਘ ਦੀ ਨਿਗਰਾਨੀ ਹੇਠ ਕੀਤਾ ਗਿਆ। ਇਜਲਾਸ ਤੋਂ ਇੱਕ ਮਹੀਨਾ ਪਹਿਲਾਂ ਜਮਹੂਰੀ ਅਧਿਕਾਰ ਸਭਾ ਦੀ ਨਵੀਂ ਮੈਂਬਰਸ਼ਿਪ ਕੀਤੀ ਗਈ ਅਤੇ ਇਜਲਾਸ ਵਿੱਚ ਬੀਤੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਕੀਤੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ ਗਈ। ਰਿਪੋਰਟ ਵਿੱਚ ਡੈਲੀਗੇਟਾਂ ਦੇ ਸੁਝਾਵਾਂ ਨੂੰ ਦਰਜ ਕਰਦਿਆਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਮੌਕੇ ਇਕੱਠ ਨੇ ਪੰਜਾਬ ਯੂਨੀਵਰਸਿਟੀ ਵਿੱਚ ਆਰ ਐਸ ਐਸ ਵੱਲੋਂ ਕੀਤੀ ਜਾ ਰਹੀ ਦਖਲਅੰਦਾਜ਼ੀ ਦੀ ਨਿਖੇਧੀ ਕੀਤੀ। ਇਸ ਇਜਲਾਸ ਵਿੱਚ ਪੁਰਾਣੀ ਜਿਲ੍ਹਾ ਕਮੇਟੀ ਨੂੰ ਭੰਗ ਕਰ ਕੇ ਨਵੀਂ 15 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਕਰਦਿਆਂ ਨਵੇਂ ਅਹੁਦੇਦਾਰਾਂ ਦੀ ਵੀ ਚੋਣ ਕੀਤੀ ਗਈ, ਜਿਨ੍ਹਾਂ ਵਿੱਚ ਜਸਵੰਤ ਜ਼ੀਰਖ ਨੂੰ ਪ੍ਰਧਾਨ, ਡਾ. ਦਰਸ਼ਨ ਖੇੜੀ ਨੂੰ ਮੀਤ ਪ੍ਰਧਾਨ, ਅਜਮੇਰ ਦਾਖਾ ਨੂੰ ਜਨਰਲ ਸਕੱਤਰ, ਮੀਨਾਕਸ਼ੀ ਨੂੰ ਸਹਾਇਕ ਸਕੱਤਰ, ਪਰਮਜੀਤ ਸਿੰਘ ਨੂੰ ਵਿੱਤ ਸਕੱਤਰ, ਸਤੀਸ਼ ਸਚਦੇਵਾ ਅਤੇ ਅਰੁਣ ਨੂੰ ਪ੍ਰੈਸ ਸਕੱਤਰ, ਐਡਵੋਕੇਟ ਹਰਪ੍ਰੀਤ ਜ਼ੀਰਖ ਅਤੇ ਨਰਿੰਦਰ ਸਿੰਘ ਨੂੰ ਕਾਨੂੰਨੀ ਸਲਾਹਕਾਰ ਤੋਂ ਇਲਾਵਾ ਡਾ. ਹਰਬੰਸ ਗਰੇਵਾਲ, ਰਾਕੇਸ਼ ਆਜ਼ਾਦ, ਸਵਰਨਜੀਤ ਸਿੰਘ, ਬਲਵਿੰਦਰ ਸਿੰਘ, ਸੁਖਬੀਰ ਸਿੰਘ ਤੇ ਪ੍ਰੋ. ਏ ਕੇ ਮਲੇਰੀ ਨੂੰ ਜ਼ਿਲ੍ਹਾ ਕਾਰਜਕਾਰੀ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ।

