ਨੌਜਵਾਨ ਨੇ ਟਰੈਫਿਕ ਮੁਲਾਜ਼ਮ ’ਤੇ ਕਾਰ ਚੜ੍ਹਾਈ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਨੰਬਰ 8 ਨੇੜੇ ਵੀਰਵਾਰ ਰਾਤ ਨੂੰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪੁਲੀਸ ਨੇ ਨਾਕੇ ਦੌਰਾਨ ਇੱਕ ਕਾਰ ਚਾਲਕ ਨੂੰ ਰੋਕਿਆ ਪਰ ਉਸ ਨੇ ਕਾਰ ਰੋਕਣ ਦੀ ਬਜਾਏ ਪੁਲੀਸ ਮੁਲਾਜ਼ਮ ’ਤੇ ਚੜ੍ਹਾ ਦਿੱਤੀ। ਅਧਿਕਾਰੀਆਂ ਵੱਲੋਂ ਵਾਇਰਲੈੱਸ ਕਾਲ ਕਰਨ ਤੋਂ ਬਾਅਦ ਉਸ ਨੂੰ ਬਾਅਦ ਵਿੱਚ ਫੜ੍ਹ ਲਿਆ ਗਿਆ। ਸੂਚਨਾ ਮਿਲਣ ਤੋਂ ਬਾਅਦ ਪੀ ਏ ਯੂ ਥਾਣੇ ਦੀ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ। ਪੀ ਸੀ ਆਰ ਮੁਲਾਜ਼ਮ ਅਜਾਇਬ ਸਿੰਘ ਦੀ ਸ਼ਿਕਾਇਤ ’ਤੇ ਪੁਲੀਸ ਨੇ ਗਿੱਲ ਰੋਡ ਸਥਿਤ ਮੁਹੱਲਾ ਚੇਤ ਸਿੰਘ ਨਗਰ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਅਜਾਇਬ ਸਿੰਘ ਨੇ ਦੱਸਿਆ ਕਿ ਉਹ ਪੀ ਸੀ ਆਰ ਜ਼ੋਨ ਇੰਚਾਰਜ ਕੋਲ ਡਰਾਈਵਰ ਵਜੋਂ ਤਾਇਨਾਤ ਹੈ। ਉਨ੍ਹਾਂ ਨੇ ਬੀਤੀ ਰਾਤ ਪੀ ਏ ਯੂ ਗੇਟ ਨੰਬਰ 8 ਦੇ ਨੇੜੇ ਨਾਕਾ ਲਗਾਇਆ ਹੋਇਆ ਸੀ। ਉਹ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਚਲਾਨਾਂ ਲਈ ਡਰਾਈਵਰਾਂ ਦੀ ਜਾਂਚ ਕਰ ਰਹੇ ਸਨ। ਇਸ ਦੌਰਾਨ ਉਸਨੇ ਇੱਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਰੋਕਣ ਦੀ ਬਜਾਏ ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਡਰਾਈਵਰ ਨੇ ਉਸ ਨੂੰ ਮਾਰਨ ਦੇ ਇਰਾਦੇ ਨਾਲ ਕਾਰ ਸਿੱਧੀ ਉਸ ਦੇ ਵਿੱਚ ਮਾਰੀ ਤੇ ਫ਼ਰਾਰ ਹੋ ਗਿਆ। ਉਹ ਕਾਰ ਦੇ ਉਪਰ ਡਿੱਗਿਆ ਤੇ ਕਾਰ ਚਾਲਕ ਬਿਨਾਂ ਉਸਦੀ ਪਰਵਾਹ ਕੀਤੇ ਕਾਰ ਭਜਾ ਕੇ ਲੈ ਗਿਆ। ਉਸਦੀ ਲੱਤ ਅਤੇ ਬਾਂਹ ’ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਵਿੱਚ ਗੋਡੇ ਦੀ ਅੰਦਰੂਨੀ ਸੱਟ ਵੀ ਲੱਗੀ ਹੈ। ਪੀਏਯੂ ਦੀ ਪੁਲੀਸ ਨੇ ਮੁਹੱਲਾ ਚੇਤ ਸਿੰਘ ਨਗਰ ਦੇ ਰਹਿਣ ਵਾਲੇ ਮੁਲਜ਼ਮ ਲਵਪ੍ਰੀਤ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਹੈ।
