ਯੁਵਕ ਮੇਲਾ: ਕਾਲਜ ਆਫ ਵੈਟਰਨਰੀ ਸਾਇੰਸ ਨੇ ਓਵਰਆਲ ਟਰਾਫੀ ਜਿੱਤੀ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦਾ ਅੰਤਰ-ਕਾਲਜ ਯੁਵਕ ਮੇਲਾ ਸਮਾਪਤ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦਾ ਹਫ਼ਤਾ ਭਰ ਚੱਲਿਆ ਅੰਤਰ-ਕਾਲਜ ਯੁਵਕ ਮੇਲਾ ‘ਯੁਵ-ਤਰੰਗ’ ਧੂਮਧਾਮ ਨਾਲ ਸਮਾਪਤ ਹੋਇਆ। ਇਸ ਯੁਵਕ ਮੇਲੇ ਦੀ ਓਵਰਆਲ ਟਰਾਫੀ ਕਾਲਜ ਆਫ ਵੈਟਰਨਰੀ ਸਾਇੰਸ ਨੇ ਜਿੱਤੀ। ਮੇਲੇ ਦੇ ਆਖਰੀ ਦਿਨ ਪੰਜਾਬ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਜਦਕਿ ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਵਿਦਿਆਰਥੀ ਡਾ. ਨਿਰਮਲ ਜੌੜਾ, ਡੀਨ ਡਾ. ਕਿਰਨ ਬੈਂਸ ਅਤੇ ਗਾਇਕ ਪੰਮੀ ਬਾਈ ਵਿਸ਼ੇਸ਼ ਮਹਿਮਾਨਾਂ ਵਜੋਂ ਪਹੁੰਚੇ। ਸਮਾਗਮ ਦੀ ਪ੍ਰਧਾਨਗੀ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕੀਤੀ। ਉਨ੍ਹਾਂ ਨੇ ਸਮਾਗਮ ਦੀ ਸਫ਼ਲਤਾ ਲਈ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਵਧਾਈ ਦਿੱਤੀ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਾਬਿੰਦਰ ਸਿੰਘ ਔਲਖ ਨੇ ਦੱਸਿਆ ਕਿ 14ਵਾਂ ਅੰਤਰ ਕਾਲਜ ਯੁਵਕ ਮੇਲਾ ਦੋ ਪੜਾਵਾਂ ਵਿੱਚ ਕਰਵਾਇਆ ਗਿਆ। ਉਨ੍ਹਾਂ ਨੇ ਉਪ ਕੁਲਪਤੀ, ਸਟਾਫ ਅਤੇ ਵਿਦਿਆਰਥੀਆਂ ਦੇ ਭਰਪੂਰ ਸਹਿਯੋਗ ਦੀ ਵੀ ਸ਼ਲਾਘਾ ਕੀਤੀ। ਇਸ ਸਮਾਗਮ ਦੌਰਾਨ ਬਾਲੀਵੁਡ ਦੇ ਉੱਘੇ ਅਦਾਕਾਰ ਧਰਮਿੰਦਰ ਨੂੰ ਸ਼ਰਧਾਂਜਲੀ ਦਿੱਤੀ ਗਈ। ਪ੍ਰਬੰਧਕੀ ਸਕੱਤਰ ਡਾ. ਸਰਪ੍ਰੀਤ ਸਿੰਘ ਘੁੰਮਣ ਨੇ ਦੱਸਿਆ ਕਿ ’ਵਰਸਿਟੀ ਦੇ ਵੱਖ ਵੱਖ ਕਾਲਜਾਂ ਨਾਲ ਸਬੰਧਤ ਵਿਦਿਆਰਥੀਆਂ ਨੇ ਫਾਈਨ ਆਰਟਸ, ਗਾਇਕੀ, ਨਾਚ ਅਤੇ ਸਾਹਿਤਕ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪ੍ਰਸਿੱਧ ਪੰਜਾਬੀ ਗਾਇਕ ਹਰਦੀਪ ਗਰੇਵਾਲ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸਰੋਤਿਆਂ ਦਾ ਮਨ ਮੋਹ ਲਿਆ। ਸਮਾਗਮ ਦੇ ਅਖੀਰ ’ਚ ਮੁੱਖ ਮਹਿਮਾਨ ਸ੍ਰੀ ਸੰਧੂ, ਉਪ ਕੁਲਪਤੀ ਡਾ. ਗਿੱਲ ਅਤੇ ਹੋਰ ਪਤਵੰਤਿਆਂ ਨੇ ਜੇਤੂਆਂ ਨੂੰ ਇਨਾਮ ਵੰਡੇ। ਉੱਘੇ ਪੰਜਾਬੀ ਅਭਿਨੇਤਾ ਅਤੇ ਕਬੱਡੀ ਕੁਮੈਂਟੇਟਰ ਡਾ. ਦਰਸ਼ਨ ਬੜੀ ਦੇ ਨਾਮ ’ਤੇ ਸਰਵੋਤਮ ਅਦਾਕਾਰ ਲੜਕੇ ਅਤੇ ਲੜਕੀ ਨੂੰ ਗੋਲਡ ਮੈਡਲ ਅਤੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸ ਯੁਵਕ ਮੇਲੇ ਦੀ ਓਵਰਆਲ ਟਰਾਫੀ ਕਾਲਜ ਆਫ ਵੈਟਰਨਰੀ ਸਾਇੰਸ, ਲੁਧਿਆਣਾ ਨੇ ਜਿੱਤੀ ਜਦਕਿ ਰਨਰਜ਼-ਅਪ ਟਰਾਫੀ ਕਾਲਜ ਆਫ ਵੈਟਰਨਰੀ ਸਾਇੰਸ, ਰਾਮਪੁਰਾ ਫੂਲ ਦੇ ਹਿੱਸੇ ਆਈ। ਇਸੇ ਤਰ੍ਹਾਂ ਵਾਈਸ ਚਾਂਸਲਰ ਟਰਾਫੀ ਲੜਕਿਆਂ ਵਿੱਚੋਂ ਪੁਨੀਤ ਰੇਹਾਨ ਅਤੇ ਲੜਕੀਆਂ ਇਸ਼ਨੂਰ ਕੌਰ ਨੂੰ, ਕੋਮਲ ਕਲਾਵਾਂ ਟਰਾਫੀ: ਕਾਲਜ ਆਫ ਵੈਟਰਨਰੀ ਸਾਇੰਸ, ਲੁਧਿਆਣਾ ਨੂੰ, ਸੰਗੀਤ ਟਰਾਫੀ: ਕਾਲਜ ਆਫ ਫ਼ਿਸ਼ਰੀਜ਼ ਨੂੰ, ਲਿਟਰੇਰੀ (ਸਾਹਿਤਕ) ਟਰਾਫੀ, ਨਾਚ ਦੀ ਟਰਾਫੀ ਅਤੇ ਨਾਟਕਾਂ ਦੀ ਟਰਾਫੀ: ਕਾਲਜ ਆਫ ਵੈਟਰਨਰੀ ਸਾਇੰਸ, ਲੁਧਿਆਣਾ ਨੂੰ, ਸਮੂਹ ਨਾਚ ਲੜਕੇ ’ਚ ਕਾਲਜ ਆਫ ਵੈਟਰਨਰੀ ਸਾਇੰਸ, ਰਾਮਪੁਰਾ ਫੂਲ ਅਤੇ ਲੜਕੀਆਂ ਵਿੱਚੋਂ ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ ਦੀਆਂ ਟੀਮਾਂ ਜੇਤੂ ਰਹੀਆਂ। ਸਰਵਉੱਤਮ ਡਾਂਸਰ ਦਾ ਖਿਤਾਬ ਜਤਿਨ ਠਾਕੁਰ ਅਤੇ ਦਿਲਰਾਜ ਕੌਰ ਨੂੰ , ਸਰਵਉੱਚ ਅਦਾਕਾਰ ਦਾ ਪਰਮਪ੍ਰੀਤ ਕੌਰ ਅਤੇ ਨਿਖਿਲ ਕੁਮਾਰ ਨੂੰ ਦਿੱਤਾ ਗਿਆ।

