ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਸਤੰਬਰ
ਸਨਅਤੀ ਸ਼ਹਿਰ ਦੀ ਏਸੀ ਮਾਰਕੀਟ ਵਿੱਚ ਪਾਰਕਿੰਗ ਨੂੰ ਲੈ ਕੇ ਕਰਿੰਦਿਆਂ ਵੱਲੋਂ ਕੁਝ ਨੌਜਵਾਨਾਂ ਨਾਲ ਕੁੱਟਮਾਰ ਕੀਤੀ ਗਈ। ਇਸ ਦੌਰਾਨ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਥਾਣਾ ਕੋਤਵਾਲੀ ਪੁਲੀਸ ਨੇ ਜਾਂਚ ਕੀਤੀ ਤੇ ਅਣਪਛਾਤੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਲਿਆ।
ਜ਼ਖਮੀ ਤੋਸਿਵ ਰਾਜਾ ਨੇ ਪੁਲੀਸ ਨੂੰ ਦੱਸਿਆ ਕਿ ਉਹ ਏਸੀ ਮਾਰਕੀਟ ’ਚ ਲੇਡੀਜ਼ ਸੂਟ ਦੀ ਪੈਕਿੰਗ ਦਾ ਕੰਮ ਕਰਦਾ ਹੈ। ਉਸ ਨਾਲ ਦੋਮੋਰੀਆ ਪੁਲ ਦੇ ਰਹਿਣ ਵਾਲੇ ਦਿਸ਼ਾਨ ਤੇ ਅਨਵਰ ਵੀ ਕੰਮ ਕਰਦੇ ਹਨ। 2 ਦਿਨ ਪਹਿਲਾਂ ਉਹ ਕੰਮ ਕਰਨ ਲਈ ਆਏ ਸਨ। ਜਿਵੇਂ ਹੀ ਉਹ ਐਕਟਿਵਾ ਪਾਰਕਿੰਗ ’ਚ ਖੜ੍ਹੀ ਕਰਨ ਲੱਗੇ ਤਾਂ ਠੇਕੇਦਾਰ ਦੇ ਕਰਿੰਦੇ ਨੇ ਉਨ੍ਹਾਂ ਤੋਂ 10 ਰੁਪਏ ਦੀ ਪਰਚੀ ਦੇ 30 ਰੁਪਏ ਮੰਗੇ। ਉਨ੍ਹਾਂ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਕਿਸੇ ਤਰ੍ਹਾਂ ਉਨ੍ਹਾਂ ਭੱਜ ਕੇ ਆਪਣੀ ਜਾਨ ਬਚਾਈ। ਪੀੜਤ ਦੇ ਹੀ ਇੱਕ ਹੋਰ ਸਾਥੀ ਖਾਲਿਦ ਜਮਾਲ ਨੇ ਦੱਸਿਆ ਕਿ ਝਗੜੇ ਤੋਂ ਬਾਅਦ ਉਹ ਦੋਸਤ ਮੁਹੰਮਦ ਨਰੂਲ ਨੂੰ ਛਾਉਣੀ ਮੁਹੱਲਾ ਉਸ ਦੇ ਘਰ ਛੱਡਣ ਗਏ ਸਨ। ਇਸ ਦੌਰਾਨ ਫਿਰ ਤੋਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਲੋਕਾਂ ਨੇ ਹਮਲਾ ਕਰ ਦਿੱਤਾ। ਇਸ ਸਬੰਧੀ ਸ਼ਿਕਾਇਤ ਥਾਣਾ ਡਿਵੀਜ਼ਨ ਨੰਬਰ 4 ਵਿੱਚ ਦਿੱਤੀ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।