
ਮੋਟਰਸਾਈਕਲ ਨੂੰ ਟੱਕਰ ਮਾਰਨ ਵਾਲੀ ਬੱਸ ਨੂੰ ਘੇਰ ਕੇ ਖੜ੍ਹੇ ਲੋਕ।
ਗੁਰਿੰਦਰ ਸਿੰਘ
ਲੁਧਿਆਣਾ, 25 ਅਕਤੂਬਰ
ਥਾਣਾ ਦੁੱਗਰੀ ਦੇ ਇਲਾਕੇ ਦੁੱਗਰੀ ਨਹਿਰ ਦੇ ਪੁਲ ’ਤੇ ਇਕ ਨਾਮਲੂਮ ਵਾਹਨ ਵੱਲੋਂ ਟੱਕਰ ਮਾਰੇ ਜਾਣ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਸਬੰਧੀ ਮਨਜੀਤ ਨਗਰ ਵਾਸੀ ਪਵਨਦੀਪ ਸਿੰਘ ਨੇ ਦੱਸਿਆ ਹੈ ਕਿ ਉਹ ਰਾਤ ਸਮੇਂ ਆਪਣੇ ਦੋਸਤਾਂ ਅਮਨਦੀਪ ਸਿੰਘ ਅਤੇ ਨਰੇਸ਼ ਕੁਮਾਰ (17 ਸਾਲ) ਪੁੱਤਰ ਕਮਲਜੀਤ ਸਿੰਘ ਵਾਸੀ ਮਨਜੀਤ ਨਗਰ ਨਾਲ ਮੋਟਰਸਾਈਕਲ ਤੇ’ ਅਮਨਦੀਪ ਸਿੰਘ ਨੂੰ ਉਸ ਦੇ ਘਰ ਛੱਡਣ ਲਈ ਦੁੱਗਰੀ ਜਾ ਰਹੇ ਸਨ। ਜਦੋਂ ਉਹ ਦੁੱਗਰੀ ਨਹਿਰ ਦੇ ਪੁਲ ’ਤੇ ਪੁੱਜੇ ਤਾਂ ਪਿੱਛੋਂ ਆਉਂਦੇ ਤੇਜ਼ ਰਫ਼ਤਾਰ ਨਾਮਲੂਮ ਵਾਹਨ ਦੇ ਚਾਲਕ ਨੇ ਮੋਟਰਸਾਈਕਲ ਵਿੱਚ ਟੱਕਰ ਮਾਰੀ। ਇਸ ਨਾਲ ਉਹ ਹੇਠਾਂ ਡਿੱਗ ਪਏ ਅਤੇ ਨਰੇਸ਼ ਕੁਮਾਰ ਦੇ ਸਿਰ ਵਿੱਚ ਸੱਟ ਲੱਗਣ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਂਚ ਅਧਿਕਾਰੀ ਦਲਜੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਨਾਮਾਲੂਮ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਲਾਸ਼ ਦੇ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
ਸੜਕ ਹਾਦਸੇ ’ਚ 14 ਸਾਲਾਂ ਵਿਦਿਆਰਥੀ ਦੀ ਮੌਤ, ਇਕ ਜਖ਼ਮੀ
ਦੋਰਾਹਾ (ਪੱਤਰ ਪ੍ਰੇਰਕ): ਇੱਥੇ ਦੋਰਾਹਾ ਨੇੜੇ ਵਾਪਰੇ ਸੜਕ ਹਾਦਸੇ ਵਿਚ ਇਕ 14 ਸਾਲਾ ਨਾਬਾਲਗ ਦੀ ਮੌਤ ਹੋ ਗਈ, ਜੋ ਮਾਪਿਆਂ ਦੇ ਤਿੰਨ ਪੁੱਤਰਾਂ ਵਿਚੋਂ ਵੱਡਾ ਸੀ। ਮਿਲੀ ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਗਿੱਦੜੀ ਨੇ ਪੁਲੀਸ ਨੂੰ ਦੱਸਿਆ ਕਿ ਉਹ ਦੁੱਗਰੀ ਤੋਂ ਗਿੱਦੜੀ ਵੱਲ ਆਪਣੇ ਮੋਟਰਸਾਈਕਲ ’ਤੇ ਘਰ ਜਾ ਰਿਹਾ ਸੀ ਤਾਂ ਤਰੁਨਪ੍ਰੀਤ ਸਿੰਘ ਵਾਸੀ ਦੋਬੁਰਜੀ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿੱਚ ਨੌਵੀਂ ਜਮਾਤ ਵਿਚ ਪੜ੍ਹਦਾ ਹੈ, ਨੇ ਸਕੂਲ ਜਾਣ ਲਈ ਲਿਫ਼ਟ ਮੰਗੀ ਤਾਂ ਉਸ ਨੂੰ ਪਿੱਛੇ ਬਿਠਾ ਲਿਆ ਤੇ ਉਹ ਚੱਲ ਪਏ। ਬਾਬੇ ਸ਼ਹੀਦਾਂ ਗਿੱਦੜੀ ਦੇ ਮੋੜ ’ਤੇ ਸਾਹਮਣੇ ਤੋਂ ਇਕ ਮਿਨੀ ਬੱਸ ਲਾਪ੍ਰਵਾਹੀ ਤੇ ਬੜੀ ਤੇਜ਼ ਰਫ਼ਤਾਰ ਨਾਲ ਗਲਤ ਸਾਈਡ ਤੋਂ ਆਈ ਤੇ ਉਸ ਦੇ ਮੋਟਰਸਾਈਕਲ ਵਿਚ ਸਿੱਧੀ ਟੱਕਰ ਮਾਰੀ। ਇਸ ਨਾਲ ਮੋਟਰਸਾਈਕਲ ਟੁੱਟ ਗਿਆ ਤੇ ਉਸ ਦੇ ਕਾਫ਼ੀ ਸੱਟਾਂ ਲੱਗੀਆਂ। ਹਾਦਸੇ ਵਿੱਚ ਤਰੁਨਪ੍ਰੀਤ ਸਿੰਘ ਹੇਠਾਂ ਡਿੱਗ ਗਿਆ ਅਤੇ ਬੱਸ ਦਾ ਟਾਇਰ ਉਸ ’ਤੇ ਚੜ੍ਹ ਗਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੋਰਾਹਾ ਪੁਲੀਸ ਨੇ ਮੁਲਜ਼ਮ ਖਿਲਾਫ਼ ਵੱਖ ਵੱਖ ਧਰਾਵਾਂ ਅਧੀਨ ਕੇਸ ਦਰਜ ਕਰ ਲਿਆ। ਬੱਸ ਡਰਾਈਵਰ ਮੌਕੇ ’ਤੇ ਗੱਡੀ ਛੱਡ ਕੇ ਫਰਾਰ ਹੋ ਗਿਆ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ