ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 1 ਜੁਲਾਈ
ਲੰਡਨ ਤੋਂ ਪੰਜਾਬ ਦੇ ਦੌਰੇ ’ਤੇ ਆਏ ਪੱਤਰਕਾਰ ਅਤੇ ਚਿੰਤਕ ਨਰਪਾਲ ਸਿੰਘ ਸ਼ੇਰਗਿੱਲ ਨੇ ਕਿਹਾ ਹੈ ਕਿ ਚੜ੍ਹਦੀ ਜਵਾਨੀ ਦੇ ਵਿਲੱਖਣ ਜੋਸ਼ ਨੂੰ ਸਾਰਥਿਕ ਪਾਸੇ ਵੱਲ ਲਗਾਉਣਾ ਜ਼ਰੂਰੀ ਹੁੰਦਾ ਹੈ ਪਰ ਇਸ ਵੇਲੇ ਇਸ ਜੋਸ਼ ਨੂੰ ਗ਼ਲਤ ਦਿਸ਼ਾ ਮਿਲ ਰਹੀ ਹੈ।
ਇੱਥੇ ਉੱਘੇ ਰੰਗ ਕਰਮੀ ਅਤੇ ਲੇਖਕ ਡਾ. ਨਿਰਮਲ ਜੌੜਾ ਨਾਲ ਆਪਣੇ ਨਵੇਂ ਪ੍ਰਾਜੈਕਟ ਸਬੰਧੀ ਕੀਤੀ ਵਾਰਤਾਲਾਪ ਦੌਰਾਨ ਨੌਜਵਾਨਾਂ ਵਿੱਚ ਵਧ ਰਹੀ ਬੇਚੈਨੀ ਤੇ ਚਿੰਤਾ ਪ੍ਰਗਟ ਕਰਦਿਆਂ ਸ੍ਰੀ ਸ਼ੇਰਗਿੱਲ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਹਿੰਸਕ ਹੋਣ ਤੋਂ ਬਚਾਉਣਾ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਉਸ ਨਾਜ਼ੁਕ ਮੋੜ ’ਤੇ ਖੜ੍ਹਾ ਹੈ ਜਿੱਥੇ ਇਸ ਦੀ ਹਰ ਸਮੱਸਿਆ ਨੂੰ ਗੰਭੀਰਤਾ ਨਾਲ ਸਮਝਣ, ਵਿਚਾਰਨ ਅਤੇ ਸੁਲਝਾਉਣ ਦੀ ਲੋੜ ਹੈ। ਸ੍ਰੀ ਸ਼ੇਰਗਿੱਲ ਵੱਲੋਂ ਵਿਦੇਸ਼ ਵਿੱਚ ਰਹਿਕੇ ਪੰਜਾਬ ਅਤੇ ਪੰਜਾਬੀਆਂ ਬਾਰੇ ਲਿਖਣ ਦੀ ਸ਼ਲਾਘਾ ਕਰਦਿਆਂ ਡਾ. ਨਿਰਮਲ ਜੌੜਾ ਨੇ ਕਿਹਾ ਕਿ ਸ੍ਰੀ ਸ਼ੇਰਗਿੱਲ ਵੱਲੋਂ ਕੀਤੇ ਕਾਰਜ ਵੱਡਮੁੱਲੇ ਅਤੇ ਸਾਂਭਣਯੋਗ ਹਨ। ਇਸ ਮੌਕੇ ਸ. ਸ਼ੇਰਗਿੱਲ ਵੱਲੋਂ ਵਿਦੇਸ਼ਾਂ ਵਿੱਚ ਵੱਸਦੇ ਭਾਰਤੀਆਂ ਦੀਆਂ ਪ੍ਰਾਪਤੀਆਂ ਦੀ ਵੇਰਵੇ ਵਾਲੀ ਵੱਡ ਅਕਾਰੀ ਪੁਸਤਕ ਨਿਰਮਲ ਜੌੜਾ ਨੂੰ ਭੇਂਟ ਕੀਤੀ ਗਈ।