Kitchlu Nagar Road Cave-in Ludhiana: ਧਸੀ ਸੜਕ ਦਾ ਕੰਮ 24 ਘੰਟੇ ਚੱਲੇਗਾ
ਨਗਰ ਨਿਗਮ ਕਮਿਸ਼ਨਰ ਨੇ ਅਧਿਕਾਰੀ ਤਾੲਿਨਾਤ ਕੀਤੇ
ਕਿਚਲੂ ਨਗਰ ਦੀ ਮੁੱਖ ਸੜਕ ਦੇ ਅਚਾਨਕ ਧੱਸ ਜਾਣ ਕਾਰਨ ਪੈਦਾ ਹੋਏ ਖ਼ਤਰੇ ਨੂੰ ਵੇਖਦਿਆਂ ਨਗਰ ਨਿਗਮ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਇਸ ਅਹਿਮ ਮਾਰਗ ਨੂੰ ਜਲਦ ਤੋਂ ਜਲਦ ਸੁਰੱਖਿਅਤ ਅਤੇ ਆਵਾਜਾਈ ਦੇ ਯੋਗ ਬਣਾਉਣ ਲਈ ਨਿਗਮ ਕਮਿਸ਼ਨਰ ਨੇ 24 ਘੰਟੇ ਬਿਨਾਂ ਰੁਕੇ ਉਸਾਰੀ ਕਾਰਜ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਪੂਰੇ ਦਿਨ ਅਤੇ ਰਾਤ ਨੂੰ ਤਿੰਨ ਵੱਖ-ਵੱਖ ਸ਼ਿਫ਼ਟਾਂ ਵਿੱਚ ਵੰਡ ਕੇ ਬੀ ਐਂਡ ਆਰ ਅਤੇ ਓ ਐਂਡ ਐੱਮ ਸੈੱਲ ਦੇ ਉੱਚ ਅਧਿਕਾਰੀਆਂ ਸਮੇਤ ਤਕਨੀਕੀ ਅਮਲੇ ਦੀ ਸਿੱਧੀ ਜਵਾਬਦੇਹੀ ਤੈਅ ਕੀਤੀ ਗਈ ਹੈ। ਨਿਗਮ ਵੱਲੋਂ ਜਾਰੀ ਵਿਸ਼ੇਸ਼ ਹੁਕਮਾਂ ਅਨੁਸਾਰ ਪਹਿਲੀ ਸ਼ਿਫ਼ਟ ਸਵੇਰੇ 6 ਵਜੇ ਤੋਂ ਦੁਪਹਿਰ 2 ਵਜੇ ਤੱਕ, ਦੂਜੀ ਸ਼ਿਫ਼ਟ ਦੁਪਹਿਰ 2 ਵਜੇ ਤੋਂ ਰਾਤ 10 ਵਜੇ ਤੱਕ ਅਤੇ ਤੀਜੀ ਸ਼ਿਫ਼ਟ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਨਿਰਧਾਰਿਤ ਕੀਤੀ ਗਈ ਹੈ। ਹਰ ਸ਼ਿਫ਼ਟ ਵਿੱਚ ਜੁਆਇੰਟ ਕਮਿਸ਼ਨਰ, ਜ਼ੋਨਲ ਕਮਿਸ਼ਨਰ, ਐੱਸ ਈ ਅਤੇ ਐਕਸੀਅਨ ਸਮੇਤ ਹੋਰ ਅਧਿਕਾਰੀਆਂ ਦੀ ਮੌਜੂਦਗੀ ਲਾਜ਼ਮੀ ਕੀਤੀ ਗਈ ਹੈ, ਜੋ ਮੌਕੇ ’ਤੇ ਰਹਿ ਕੇ ਪੂਰੀ ਪ੍ਰਕਿਰਿਆ ਦਾ ਜਾਇਜ਼ਾ ਲੈਣਗੇ। ਪਹਿਲੀ ਸ਼ਿਫ਼ਟ ਦੀ ਕਮਾਨ ਜੁਆਇੰਟ ਕਮਿਸ਼ਨਰ ਤਾਪਨ ਭਨੋਟ, ਜ਼ੋਨਲ ਕਮਿਸ਼ਨਰ ਨੀਰਜ ਜੈਨ, ਐੱਸ ਈ ਰਣਜੀਤ ਸਿੰਘ, ਐਕਸੀਅਨ ਸੰਜੀਵ ਕੁਮਾਰ ਅਤੇ ਨੋਡਲ ਅਫ਼ਸਰ ਮਨਪ੍ਰੀਤ ਸਿੰਘ ਸੰਭਾਲ ਰਹੇ ਹਨ। ਦੁਪਹਿਰ ਦੀ ਸ਼ਿਫ਼ਟ ਵਿੱਚ ਜੁਆਇੰਟ ਕਮਿਸ਼ਨਰ ਅਮਨਪ੍ਰੀਤ ਸਿੰਘ, ਜ਼ੋਨਲ ਕਮਿਸ਼ਨਰ ਗੁਰਪਾਲ ਸਿੰਘ, ਐੱਸ ਈ ਪਰਵੀਨ ਸਿੰਗਲਾ, ਐਕਸੀਅਨ ਕੁਲਵਿੰਦਰ ਸਿੰਘ ਅਤੇ ਨੋਡਲ ਅਫ਼ਸਰ ਬਲਜਿੰਦਰ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਰਾਤ ਦੇ ਸਮੇਂ ਲਈ ਜੁਆਇੰਟ ਕਮਿਸ਼ਨਰ ਵਿਨੀਤ ਕੁਮਾਰ, ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਐੱਸ ਈ ਸ਼ਾਮ ਲਾਲ ਗੁਪਤਾ, ਐਕਸੀਅਨ ਰਮਨ ਕੌਸ਼ਲ ਅਤੇ ਨੋਡਲ ਅਫ਼ਸਰ ਰੰਦੀਪ ਦੀ ਮੌਜੂਦਗੀ ਤੈਅ ਕੀਤੀ ਗਈ ਹੈ। ਮੌਕੇ ’ਤੇ ਭਾਰੀ ਮਸ਼ੀਨਰੀ, ਜੇ ਸੀ ਬੀ, ਰੋਡ ਰੋਲਰ, ਡੰਪਰ, ਪਾਣੀ ਦੇ ਟੈਂਕਰ ਅਤੇ ਕਟਰ ਲਗਾਤਾਰ ਤਾਇਨਾਤ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਰਾਤ ਦੇ ਸਮੇਂ ਲਾਈਟਾਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ।
ਡੀ ਸੀ ਨੇ ਕੇਸ ਦਰਜ ਕਰਨ ਦੇ ਹੁਕਮ ਦਿੱਤੇ
ਜ਼ਮੀਨਦੋਜ਼ ਤਾਰਾਂ ਵਿਛਾਉਣ ਲਈ ਬਿਨਾਂ ਯੋਜਨਾ ਤੋਂ ਕੀਤੀ ਜਾ ਰਹੀ ਅੰਧਾ-ਧੁੰਦ ਪੁਟਾਈ ਅਤੇ ਸਾਲਾਂ ਪੁਰਾਣੀ ਕਮਜ਼ੋਰ ਹੋ ਚੁੱਕੀ ਸੀਵਰੇਜ ਪ੍ਰਣਾਲੀ ਕਾਰਨ ਕਿਚਲੂ ਨਗਰ ਇਲਾਕੇ ਵਿੱਚ ਅਚਾਨਕ ਲਗਪਗ 50 ਫੁੱਟ ਮੁੱਖ ਸੜਕ ਧੱਸ ਗਈ। ਇਸ ਕਾਰਨ ਪੂਰੇ ਇਲਾਕੇ ਵਿੱਚ ਭਾਜੜਾਂ ਪੈ ਗਈਆਂ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਨਿਗਮ ਕਮਿਸ਼ਨਰ ਓਜਸਵੀ ਅੰਲਕਾਰ ਨੇ ਮੌਕੇ ਦਾ ਮੁਆਇਨਾ ਕੀਤਾ। ਡੀ ਸੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬਿਨਾਂ ਪ੍ਰਵਾਨਗੀ ਜਾਂ ਲਾਪਰਵਾਹੀ ਨਾਲ ਕੰਮ ਕਰਨ ਵਾਲੀਆਂ ਨਿੱਜੀ ਕੰਪਨੀਆਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਵਾਉਣ ਦੇ ਹੁਕਮ ਦਿੱਤੇ ਹਨ। ਪ੍ਰਸ਼ਾਸਨ ਨੇ ਪ੍ਰਭਾਵਿਤ ਮਾਰਗ ’ਤੇ ਆਵਾਜਾਈ ਪੂਰੀ ਤਰ੍ਹਾਂ ਰੋਕ ਦਿੱਤੀ ਹੈ। ਅਧਿਕਾਰੀਆਂ ਮੁਤਾਬਕ ਸੜਕ ਨੂੰ ਪੂਰੀ ਤਰ੍ਹਾਂ ਚਾਲੂ ਕਰਨ ਵਿੱਚ ਘੱਟੋ-ਘੱਟ 10 ਦਿਨਾਂ ਦਾ ਸਮਾਂ ਲੱਗੇਗਾ।
ਕਾਂਗਰਸ ਨੇ ਨਗਰ ਨਿਗਮ ’ਤੇ ਨਿਸ਼ਾਨਾ ਸੇਧਿਆ
ਲੁਧਿਆਣਾ (ਗੁਰਿੰਦਰ ਸਿੰਘ): ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਪਵਨ ਦੀਵਾਨ ਨੇ ਸ਼ਹਿਰ ਵਾਸੀਆਂ ਦੀ ਜਾਨ-ਮਾਲ ਨੂੰ ਦਰਪੇਸ਼ ਖ਼ਤਰੇ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਉਦਯੋਗਿਕ ਸ਼ਹਿਰ ਵਿੱਚ ਲਗਾਤਾਰ ਸੜਕਾਂ ਧੱਸਣ ਦੀਆਂ ਘਟਨਾਵਾਂ ਲੋਕਾਂ ਦੀ ਜਾਨ ਲਈ ਵੱਡਾ ਖ਼ਤਰਾ ਬਣ ਗਈਆਂ ਹਨ। ਅੱਜ ਕਿਚਲੂ ਨਗਰ ਵਿੱਚ ਲਾਇਨਜ਼ ਭਵਨ ਰੋਡ ’ਤੇ ਸੜਕ ਧੱਸਣ ਦੀ ਘਟਨਾ ਦਾ ਜਾਇਜ਼ਾ ਲੈਣ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਦੀਵਾਨ ਨੇ ਕਿਹਾ ਕਿ ਇਹ ਸੰਕਟ ਹੁਣ ਸਿਰਫ਼ ਜਾਇਦਾਦ ਦੇ ਨੁਕਸਾਨ ਤੱਕ ਸੀਮਿਤ ਨਹੀਂ, ਸਗੋਂ ਲੋਕਾਂ ਦੀਆਂ ਜਾਨਾਂ ਵੀ ਖ਼ਤਰੇ ਵਿੱਚ ਪੈ ਗਈਆਂ ਹਨ। ਸੱਗੂ ਚੌਕ ਨੇੜੇ ਵਾਪਰੀ ਇਸ ਘਟਨਾ ਦੌਰਾਨ ਨੇੜਲੇ ਰਿਹਾਇਸ਼ੀ ਮਕਾਨ ਵਾਲ-ਵਾਲ ਬਚੇ ਹਨ। ਉਨ੍ਹਾਂ ਦੱਸਿਆ ਕਿ ਲਗਪਗ ਚਾਰ ਦਹਾਕੇ ਪੁਰਾਣੀ ਅਤੇ ਜਰਜਰ ਹੋ ਚੁੱਕੀ 72 ਇੰਚ ਦੀ ਸੀਵਰੇਜ ਲਾਈਨ ਦੇ ਟੁੱਟਣ ਕਾਰਨ ਇਹ ਸੜਕ ਧੱਸੀ ਹੈ, ਜਿਸ ਕਾਰਨ ਨੇੜਲੇ ਮਕਾਨਾਂ ਨੂੰ ਵੀ ਸਿੱਧਾ ਖ਼ਤਰਾ ਪੈਦਾ ਹੋ ਗਿਆ ਹੈ। ਨਗਰ ਨਿਗਮ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਨਿਗਮ ਨਾ ਤਾਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿੱਚ ਸਫ਼ਲ ਰਿਹਾ ਹੈ ਅਤੇ ਨਾ ਹੀ ਮੁਰੰਮਤ ਦੇ ਕੰਮ ਨੂੰ ਸਮੇਂ ਸਿਰ ਨੇਪਰੇ ਚਾੜ੍ਹ ਰਿਹਾ ਹੈ। ਮੁਰੰਮਤ ਵਿੱਚ 10-15 ਦਿਨ ਲੱਗਣ ਕਾਰਨ ਪਾਣੀ ਦੀ ਸਪਲਾਈ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਉਨ੍ਹਾਂ ਮੰਗ ਕੀਤੀ ਕਿ ਨਿਗਮ ਦੀ ਪਹਿਲੀ ਤਰਜੀਹ ਖ਼ਤਰਨਾਕ ਹਾਲਤ ਵਿੱਚ ਖੜ੍ਹੇ ਮਕਾਨਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਹੋਣੀ ਚਾਹੀਦੀ ਹੈ। ਇਸ ਮੌਕੇ ਸੁਸ਼ੀਲ ਮਲਹੋਤਰਾ, ਇੰਦਰਜੀਤ ਕਪੂਰ, ਨਵੀਸ ਵਾਸਨ, ਕਮਲ ਸਿੰਘਾਨੀਆ, ਰਾਘਵ ਸਿੰਘਾਨੀਆ ਅਤੇ ਕਪਿਲ ਖਰਬੰਦਾ ਵੀ ਹਾਜ਼ਰ ਸਨ।

