ਔਰਤਾਂ ਨੇ ਨਸ਼ਾ ਤਸਕਰਾਂ ਖ਼ਿਲਾਫ਼ ਚੁੱਕੀਆਂ ਡਾਂਗਾਂ

ਪੁਲੀਸ ’ਤੇ ਪੈਸੇ ਲੈ ਕੇ ਤਸਕਰਾਂ ਨੂੰ ਛੱਡਣ ਦਾ ਦੋਸ਼; ਪੁਲੀਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ

ਔਰਤਾਂ ਨੇ ਨਸ਼ਾ ਤਸਕਰਾਂ ਖ਼ਿਲਾਫ਼ ਚੁੱਕੀਆਂ ਡਾਂਗਾਂ

ਨਸ਼ਾ ਤਸਕਰਾਂ ਖ਼ਿਲਾਫ਼ ਡਟੀਆਂ ਔਰਤਾਂ ਮੀਡੀਆ ਨਾਲ ਗੱਲਬਾਤ ਕਰਦੀਆਂ ਹੋਈਆਂ।

ਜਸਵੰਤ ਜੱਸ

ਫ਼ਰੀਦਕੋਟ, 19 ਮਈ

ਫ਼ਰੀਦਕੋਟ ਸ਼ਹਿਰ ਦੀਆਂ ਗਰੀਬ ਆਬਾਦੀ ਵਾਲੀਆਂ ਬਸਤੀਆਂ ਦੀਆਂ ਔਰਤਾਂ ਨੇ ਅੱਜ ਇੱਕਮੁੱਠ ਹੋ ਕੇ ਨਸ਼ਾ ਤਸਕਰਾਂ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ ਕੀਤਾ ਹੈ। ਔਰਤਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਕਲੋਨੀ ਵਿੱਚ 20 ਦੇ ਕਰੀਬ ਨਸ਼ਾ ਤਸਕਰ ਸਰਗਰਮ ਹਨ ਅਤੇ ਕਲੋਨੀ ਦੇ ਵਾਸੀ ਨਸ਼ਾ ਤਸਕਰਾਂ ਬਾਰੇ ਕਈ ਵਾਰ ਪੁਲੀਸ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੇ ਚੁੱਕੇ ਹਨ ਪਰ ਪੁਲੀਸ ਅਧਿਕਾਰੀ ਤਸਕਰਾਂ ਖ਼ਿਲਾਫ਼ ਕਾਰਵਾਈ ਨਹੀਂ ਕਰ ਰਹੇ ਬਲਕਿ ਨਸ਼ੇੜੀ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮਹਿੰਦਰ ਕੌਰ ਅਤੇ ਸ਼ਿੰਦਰ ਕੌਰ ਨੇ ਕਿਹਾ ਕਿ ਉਹ ਡਾਂਗਾਂ ਨਾਲ ਲੈਸ ਹੋ ਕੇ ਆਪਣੀ ਕਲੋਨੀ ਵਿੱਚ ਪਹਿਰਾ ਦੇਣਗੀਆਂ। ਇਨ੍ਹਾਂ ਔਰਤਾਂ ਨੇ ਦੋਸ਼ ਲਾਇਆ ਕਿ ਪੁਲੀਸ ਦੇ ਕੁਝ ਅਧਿਕਾਰੀ ਸ਼ਰ੍ਹੇਆਮ ਗਰੀਬ ਬਸਤੀਆਂ ਵਿੱਚ ਨਸ਼ਾ ਵਿਕਵਾ ਰਹੇ ਹਨ।

ਇਹ ਮਾਮਲਾ ਸੁਰਖੀਆਂ ਵਿੱਚ ਆਉਣ ਤੋਂ ਬਾਅਦ ਫਰੀਦਕੋਟ ਦੇ ਐੱਸ.ਪੀ ਬਾਲ ਕ੍ਰਿਸ਼ਨ ਸਿੰਗਲਾ ਨੇ ਕਿਹਾ ਕਿ ਸ਼ਹਿਰ ਦੀ ਬਾਜ਼ੀਗਰ ਬਸਤੀ ਅਤੇ ਸ਼ਹੀਦ ਬਲਵਿੰਦਰ ਸਿੰਘ ਨਗਰ ਦੀਆਂ ਔਰਤਾਂ ਨੇ ਕੁਝ ਪੁਲੀਸ ਅਧਿਕਾਰੀਆਂ ’ਤੇ ਨਸ਼ਾ ਵਿਕਵਾਉਣ ਤੇ ਪੈਸੇ ਲੈ ਕੇ ਤਸਕਰਾਂ ਨੂੰ ਛੱਡਣ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪੁਲੀਸ ਅਧਿਕਾਰੀਆਂ ’ਤੇ ਇਹ ਦੋਸ਼ ਲਾਏ ਗਏ ਹਨ, ਉਨ੍ਹਾਂ ਖ਼ਿਲਾਫ਼ ਪੜਤਾਲ ਦੇ ਹੁਕਮ ਦਿੱਤੇ ਗਏ ਹਨ ਤੇ ਇਨ੍ਹਾਂ ਅਧਿਕਾਰੀਆਂ ਨੂੰ ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ।

ਮੁਹੱਲੇ ਦੀਆਂ ਔਰਤਾਂ ਨੇ ਅੱਜ ਇਸ ਸਬੰਧੀ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੂੰ ਲਿਖਤੀ ਸ਼ਿਕਾਇਤ ਦੇ ਕੇ ਮੰਗ ਕੀਤੀ ਕਿ ਨਸ਼ਾ ਤਸਕਰੀ ਵਿੱਚ ਸ਼ਾਮਲ ਪੁਲੀਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਵਿਧਾਇਕ ਸੇਖੋਂ ਨੇ ਸ਼ਹਿਰ ਦੀਆਂ ਔਰਤਾਂ ਦੇ ਵਫ਼ਦ ਨਾਲ ਮੁਲਾਕਾਤ ਕਰਨ ਤੋਂ ਬਾਅਦ ਭਰੋਸਾ ਦਿੱਤਾ ਕਿ ਨਸ਼ਾ ਤਸਕਰਾਂ ਦਾ ਸਾਥ ਦੇਣ ਵਾਲੇ ਪੁਲੀਸ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਇਸ ਸਬੰਧੀ ਉਹ ਡੀ.ਜੀ.ਪੀ. ਪੰਜਾਬ ਤੇ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕਰਨ ਲਈ ਵਿਸ਼ੇਸ਼ ਤੌਰ ’ਤੇ ਚੰਡੀਗੜ੍ਹ ਜਾ ਰਹੇ ਹਨ।

ਫਰੀਦਕੋਟ ਦੇ ਨੌਜਵਾਨਾਂ ਨੇ ‘ਚਿੱਟੇ’ ਨੂੰ ਆਖਿਆ ਅਲਵਿਦਾ

ਨਸ਼ਾ ਛੱਡਣ ਵਾਲੇ ਨੌਜਵਾਨ ਦੇ ਘਰ ਜਾ ਕੇ ਸਨਮਾਨ ਕਰਦੇ ਹੋਏ ਵਿਧਾਇਕ ਗੁਰਦਿੱਤ ਸਿੰਘ ਸੇਖੋਂ।

ਫਰੀਦਕੋਟ (ਨਿਜੀ ਪੱਤਰ ਪ੍ਰੇਰਕ) ਪਿਛਲੇ 9 ਸਾਲਾਂ ਤੋਂ ਚਿੱਟੇ ਦੇ ਨਸ਼ੇ ’ਤੇ ਲੱਗੇ ਨੌਜਵਾਨਾਂ ਨੇ ਅੱਜ ਅਖੀਰ ਇਸ ਨਸ਼ੇ ਨੂੰ ਤਿਆਗ ਦਿੱਤਾ ਹੈ। ਨੌਜਵਾਨਾਂ ਨੇ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਹਾਜ਼ਰੀ ਵਿੱਚ ਨਸ਼ਾ ਛੱਡਣ ਦਾ ਪ੍ਰਣ ਕਰਦਿਆਂ ਮੰਗ ਕੀਤੀ ਕਿ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਬਿਹਤਰ ਇਲਾਜ ਦਿੱਤਾ ਜਾਵੇ ਤਾਂ ਜੋ ਉਹ ਨਸ਼ੇ ਦੀ ਮਾਰ ’ਚੋਂ ਬਾਹਰ ਆ ਸਕਣ। ਸ਼ਹੀਦ ਬਲਵਿੰਦਰ ਸਿੰਘ ਨਗਰ ਦੇ ਤਿੰਨ ਨੌਜਵਾਨ ਕਰੀਬ 9 ਸਾਲ ਪਹਿਲਾਂ ਨਸ਼ੇ ਦੇ ਆਦੀ ਹੋ ਗਏ ਸਨ ਅਤੇ ਹੁਣ ਤੱਕ ਇਹ ਲਗਾਤਾਰ ਨਸ਼ਾ ਕਰਦੇ ਆ ਰਹੇ ਸੀ। ਆਮ ਆਦਮੀ ਪਾਰਟੀ ਦੇ ਵਰਕਰ ਐਂਟੀ ਡਰੱਗ ਟੀਮਾਂ ਬਣਾ ਕੇ ਨਸ਼ਾ ਤਸਕਰਾਂ ਦੀ ਭਾਲ ਵਿੱਚ ਗਲੀ ਮੁਹੱਲਿਆਂ ਵਿੱਚ ਜਾ ਰਹੇ ਸਨ ਜਿੱਥੇ ਇਹ ਨੌਜਵਾਨ ਟੀਮ ਨੂੰ ਮਿਲੇ ਤੇ ਉਨ੍ਹਾਂ ਨੇ ਵਿਧਾਇਕ ਨੂੰ ਮਿਲਣ ਦੀ ਇੱਛਾ ਜਾਹਰ ਕੀਤੀ। ਵਿਧਾਇਕ ਨੇ ਮੌਕੇ ’ਤੇ ਪਹੁੰਚ ਕੇ ਨੌਜਵਾਨਾਂ ਦੀ ਤਕਲੀਫ਼ ਸੁਣੀ ਤੇ ਐਲਾਨ ਕੀਤਾ ਕਿ ਜੇ ਨੌਜਵਾਨ ਨਸ਼ਾ ਛੱਡਣ ਦੀ ਪਹਿਲ ਕਰਦੇ ਹਨ ਤਾਂ ਉਨ੍ਹਾਂ ਨੂੰ ਨਸ਼ਾ ਛੁਡਾਊ ਹਸਪਤਾਲ ਵਿੱਚ ਉੱਤਮ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਸ੍ਰੀ ਸੇਖੋਂ ਨੇ ਕਿਹਾ ਕਿ ਫ਼ਰੀਦਕੋਟ ਦੇ ਜ਼ਿਲ੍ਹਾ ਨਸ਼ਾ ਛੁਡਾਊ ਕੇਂਦਰ ਵਿੱਚ ਲੋੜੀਂਦੇ ਡਾਕਟਰ, ਸਟਾਫ਼, ਦਵਾਈਆਂ ਤੇ ਸਹੂਲਤਾਂ ਨੂੰ ਤੁਰੰਤ ਮੁਕੰਮਲ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਨੌਜਵਾਨ ਅਜਿਹੀ ਪਹਿਲ ਕਦਮੀ ਕਰਨਗੇ। ਹੈਪੀ ਸਿੰਘ, ਗੁਰਤੇਜ ਸਿੰਘ ਖੋਸਾ, ਸਿਮਰਜੀਤ ਸਿੰਘ ਸਾਧਾਂਵਾਲਾ, ਗੁਰਜੰਟ ਸਿੰਘ ਅਤੇ ਮਾਸਟਰ ਅਮਰਜੀਤ ਸਿੰਘ ਨੇ ਕਿਹਾ ਕਿ ਇਲਾਕੇ ਭਰ ਵਿੱਚ ਅਜਿਹੇ ਨੌਜਵਾਨਾਂ ਦੀ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ ਜੋ ਨਸ਼ਾ ਛੱਡਣ ਦੀ ਇੱਛਾ ਰੱਖਦੇ ਹਨ ਪਰ ਨਸ਼ਾ ਤਸਕਰ ਉਨ੍ਹਾਂ ਨੂੰ ਨਸ਼ੇ ਦੇ ਜਾਲ ਵਿੱਚੋਂ ਬਾਹਰ ਨਹੀਂ ਆਉਣ ਦੇ ਰਹੇ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਜੇ ਸਖ਼ਤੀ ਵਰਤੇ ਜਾਵੇ ਤਾਂ ਨੌਜਵਾਨਾਂ ਨੂੰ ਅਜੇ ਵੀ ਮਾਰੂ ਨਸ਼ੇ ਤੋਂ ਬਚਾਉਣ ਦੀਆਂ ਕਾਫ਼ੀ ਸੰਭਾਵਨਾਵਾਂ ਹਨ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All