ਲੁਧਿਆਣਾ-ਮਾਲੇਰਕੋਟਲਾ ਸੜਕ ’ਤੇ ਿਪੰਡ ਭੋੋਗੀਵਾਲ ਦੇ ਗੁਰਦੁਆਰੇ ’ਚ ਕਿਸਾਨਾਂ ਲਈ ਲੰਗਰ ਤਿਆਰ ਕਰਦੀਆਂ ਹੋਈਆਂ ਬੀਬੀਆਂ।-ਫੋਟੋ: ਹਿਮਾਂਸ਼ੂ ਮਹਾਜਨ

ਲੁਧਿਆਣਾ-ਮਾਲੇਰਕੋਟਲਾ ਸੜਕ ’ਤੇ ਿਪੰਡ ਭੋੋਗੀਵਾਲ ਦੇ ਗੁਰਦੁਆਰੇ ’ਚ ਕਿਸਾਨਾਂ ਲਈ ਲੰਗਰ ਤਿਆਰ ਕਰਦੀਆਂ ਹੋਈਆਂ ਬੀਬੀਆਂ।-ਫੋਟੋ: ਹਿਮਾਂਸ਼ੂ ਮਹਾਜਨ

ਪਾਇਲ ਵਿੱਚ ਖੇਤੀ ਬਿੱਲ ਰੱਦ ਕਰਵਾਉਣ ਲਈ ਮੋਦੀ ਸਰਕਾਰ ਖ਼ਿਲਾਫ਼ ਨਾਅਰੇ ਲਾਉਂਦੇ ਹੋਏ ਕਿਸਾਨ।

ਡੀਪੀਐਸ ਬਤਰਾ
ਸਮਰਾਲਾ, 25 ਸਤੰਬਰ

ਸੂਬੇ ਦੀਆਂ 31 ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਬੰਦ ਦੇ ਸੱਦੇ ਦਾ ਵੱਡੇ ਪੱਧਰ ’ਤੇ ਅਸਰ ਵਿਖਾਈ ਦਿੱਤਾ। ਬੰਦ ਦੇ ਸੱਦੇ ਨੂੰ ਕਾਂਗਰਸ ਅਤੇ ਆਪ ਪਾਰਟੀ ਸਮੇਤ ਸਾਰੀਆਂ ਹੀ ਸਿਆਸੀ ਧਿਰਾਂ ਤੋਂ ਇਲਾਵਾ ਵਪਾਰੀਆਂ, ਆੜ੍ਹਤੀਆਂ, ਮਜ਼ਦੂਰਾਂ ਅਤੇ ਦੁਕਾਨਦਾਰਾਂ ਵੱਲੋਂ ਵੱਡਾ ਹੁੰਗਾਰਾ ਮਿਲਿਆ। ਅਕਾਲੀ ਦਲ ਵੱਲੋਂ ਵੀ ਕਿਸਾਨਾਂ ਦੇ ਹੱਕ ਵਿੱਚ ਵੱਖਰੇ ਤੌਰ ’ਤੇ ਚੱਕਾ ਜਾਮ ਕਰਦੇ ਹੋਏ ਕਿਸਾਨਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਅੱਜ ਇਥੇ ਸੈਂਕੜੇ ਹੀ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇਅ ਜਾਮ ਕਰਦੇ ਹੋਏ ਦਿੱਤੇ ਗਏ ਰੋਸ ਧਰਨੇ ਦੀ ਅਗਵਾਈ ਕਰਨ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਪੁੱਜੇ। ਉਨ੍ਹਾਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂ ਬਲਬੀਰ ਸਿੰਘ ਖੀਰਨੀਆਂ ਅਤੇ ਮੰਡੀ ਬੋਰਡ ਪੰਜਾਬ ਦੇ ਸਾਬਕਾ ਡਾਇਰੈਕਟਰ ਆਲਮਦੀਪ ਸਿੰਘ ਮੱਲਮਾਜਰਾ ਵੀ ਕਿਸਾਨਾਂ ਨਾਲ ਰਹੇ। ਕਾਂਗਰਸ ਦੇ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਵੱਲੋਂ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨਾਲ ਕਿਸਾਨੀ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ। ਆਪ ਦੇ ਹਲਕਾ ਇੰਚਾਰਜ ਜਗਤਾਰ ਸਿੰਘ ਦਿਆਲਪੁਰਾ ਸਮੇਤ ਇਲਾਕੇ ਦੀਆਂ ਹੋਰ ਜਥੇਬੰਦੀਆਂ ਅਤੇ ਵਪਾਰ ਮੰਡਲ ਦੇ ਆਗੂਆਂ ਨੇ ਧਰਨੇ ਵਿੱਚ ਪੁੱਜ ਕੇ ਕਿਸਾਨ ਸੰਘਰਸ਼ ਦਾ ਸਮਰਥਨ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਪੂਰਾ ਪੰਜਾਬ ਕੇਂਦਰ ਸਰਕਾਰ ਖਿਲਾਫ਼ ਕਿਸਾਨਾਂ ਦੀ ਲੜਾਈ ’ਚ ਸੜਕਾਂ ’ਤੇ ਆ ਗਿਆ ਹੈ। ਧਰਨੇ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਖਬੀਰ ਸਿੰਘ ਪੱਪੀ, ਸੰਨੀ ਦੁਆ, ਜੋਗਿੰਦਰ ਸਿੰਘ ਸੇਹ, ਗਿਆਨੀ ਮਹਿੰਦਰ ਸਿੰਘ ਭੰਗਲਾਂ, ਹਰਗੁਰਮੁੱਖ ਸਿੰਘ ਦਿਆਲਪੁਰਾ, ਅਵਤਾਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਅਤੇ ਜਥੇਬੰਦੀਆਂ ਦੇ ਮੈਂਬਰ ਹਾਜ਼ਰ ਸਨ।

ਪਾਇਲ (ਦੇਵਿੰਦਰ ਸਿੰਘ ਜੱਗੀ): ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ, ਖੇਤ ਮਜ਼ਦੂਰ, ਆੜ੍ਹਤੀਆਂ, ਟਰਾਂਸਪੋਰਟਰਾਂ, ਵਪਾਰੀਆਂ ਅਤੇ ਹੋਰ ਵਰਗ ਦੇ ਵਿਰੋਧ ਦੇ ਬਾਵਜੂਦ ਪਾਸ ਕੀਤੇ ਖੇਤੀ ਬਿੱਲ ਦੇ ਭਾਰੀ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੱਦੋ ਚੌਂਕ ਪਾਇਲ ਵਿਖੇ ਧਰਨਾ ਦਿੱਤਾ ਗਿਆ ਜਿਸ ਵਿੱਚ ਵੱਖੋ-ਵੱਖਰੀਆਂ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਇਸ ਮੌਕੇ ਕਿਸਾਨਾਂ ਨੇ ਰੋਸ ਵਿੱਚ ਆ ਕੇ ਮੋਦੀ ਸਰਕਾਰ ਖਿਲ਼ਾਫ ਨਾਅਰੇਬਾਜ਼ੀ ਕੀਤੀ। ਬੀਕੇਯੂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ। ਪ੍ਰਦਰਸ਼ਨ ਵਿਚ ਅਕਾਲੀ ਦਲ ਤੇ ਕਾਂਗਰਸ ਦੇ ਵਰਕਰ ਘੱਟ ਗਿਣਤੀ ਵਿੱਚ ਵੇਖਣ ਨੂੰ ਮਿਲੇ।

ਖੰਨਾ (ਜੋਗਿੰਦਰ ਸਿੰਘ ਓਬਰਾਏ): ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਅੱਜ ਏਸ਼ੀਆਂ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਖੇ ਵੱਖ ਵੱਖ ਕਿਸਾਨ ਜੱਥੇਬੰਦੀਆਂ ਨੇ ਪੰਜਾਬ ਬੰਦ ਤੇ ਚੱਕਾ ਜਾਮ ਕਰਕੇ ਜਰਨੈਲੀ ਸੜਕ ’ਤੇ ਧਰਨਾ ਦਿੱਤਾ। ਇਸ ਮੌਕੇ ਖੰਨਾ ਦੇ ਸਾਰੇ ਬਾਜ਼ਾਰ ਬੰਦ ਰਹੇ, ਇਥੋਂ ਤੱਕ ਕਿ ਜ਼ਰੂਰੀ ਸੇਵਾਵਾਂ ਦੇਣ ਵਾਲੇ ਅਦਾਰੇ ਵੀ ਬੰਦ ਸਨ ਅਤੇ ਬੈਂਕਾਂ ਦਾ ਕੰਮ ਠੱਪ ਪਿਆ ਸੀ। ਅੱਜ ਦੇ ਇਸ ਧਰਨੇ ਵਿਚ ਵੱਖ ਵੱਖ ਕਿਸਾਨ ਜੱਥੇਬੰਦੀਆਂ ਤੋਂ ਇਲਾਵਾ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ ਡੈਮੋਕਰੈਟਿਕ, ਕਰਿਆਨਾ, ਕੱਪੜਾ ਵਪਾਰੀ, ਆੜ੍ਹਤੀ, ਮਜ਼ਦੂਰ ਜੱਥੇਬੰਦੀਆਂ, ਮੁਨੀਮ, ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ।

ਅਕਾਲੀਆਂ ਵੱਲੋਂ ਭਾਜਪਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਲਾਡੋਵਾਲ ਨੇੜੇ ਧਰਨੇ ਿਵੱਚ ਹਾਜ਼ਰੀ ਲਾਉਣ ਤੋਂ ਪਹਿਲਾਂ ਕਿਸਾਨਾਂ ਵੱਲੋਂ ਟੌਲ ਪਲਾਜ਼ਾ ਕੋਲ ਖੜ੍ਹਾਏ ਟਰੈਕਟਰ।-ਫੋਟੋ: ਹਿਮਾਂਸ਼ੂ ਮਹਾਜਨ

ਮਾਛੀਵਾੜਾ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਵਲੋਂ ਖੇਤੀ ਬਿੱਲਾਂ ਦੇ ਵਿਰੋਧ ਵਿਚ ਅੱਜ ਚੱਕਾ ਜਾਮ ਕੀਤਾ ਗਿਆ। ਹਲਕਾ ਸਾਹਨੇਵਾਲ ਦੇ ਅਕਾਲੀ ਵਰਕਰਾਂ ਨੇ ਕੁਹਾੜਾ ਚੌਂਕ ਵਿਚ ਧਰਨਾ ਦਿੱਤਾ। ਹਲਕਾ ਸਾਹਨੇਵਾਲ ਤੋਂ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ਼ਰਨਜੀਤ ਸਿੰਘ ਢਿੱਲੋਂ ਨੂੰ ਕਰੋਨਾ ਹੋਣ ਕਾਰਨ ਉਨ੍ਹਾਂ ਦੇ ਪੁੱਤਰ ਸਿਮਰਨਜੀਤ ਸਿੰਘ ਢਿੱਲੋਂ ਨੇ ਧਰਨੇ ਦੀ ਅਗਵਾਈ ਕੀਤੀ। ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਲੋਕ ਰੋਹ ਅੱਗੇ ਸਰਕਾਰਾਂ ਦੀ ਹੈਂਕੜ ਨਹੀਂ ਚੱਲਦੀ ਤੇ ਆਖਿਰ ਸਰਕਾਰਾਂ ਨੂੰ ਝੁਕਣਾ ਪਵੇਗਾ ਅਤੇ ਕਿਸਾਨ ਮਾਰੂ ਫੈਸਲੇ ਵਾਪਸ ਲੈਣੇ ਪੈਣਗੇ। ਉਨ੍ਹਾਂ ਕਿਹਾ ਕਿ ਜਿਸ ਧੱਕੇ ਨਾਲ ਬਿੱਲ ਨੂੰ ਰਾਜ ਸਭਾ ਵਿਚ ਪਾਸ ਕੀਤਾ ਗਿਆ ਉਸ ਦੀ ਮਿਸਾਲ ਕਿਤੇ ਵੀ ਨਹੀਂ ਮਿਲਦੀ। ਸ੍ਰੀ ਢਿੱਲੋਂ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਜਿਨ੍ਹਾਂ ਨਾਲ ਹੋ ਰਹੇ ਧੱਕੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਮਸਲਿਆਂ ਲਈ ਅਕਾਲੀ ਦਲ ਫੈਸਲਾਕੁਨ ਲੜਾਈ ਲੜੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨ ਵਿਰੋਧੀ ਬਿੱਲ ਵਾਪਸ ਨਾ ਲਏ ਗਏ ਤਾਂ ਇਸ ਰੋਹ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਧਰਨੇ ਕਾਰਨ ਕੁਹਾੜਾ ਚੌਂਕ ਤੋਂ ਸਾਹਨੇਵਾਲ, ਚੰਡੀਗੜ੍ਹ, ਲੁਧਿਆਣਾ, ਮਾਛੀਵਾੜਾ ਤੇ ਜੰਡਿਆਲੀ ਨੂੰ ਜਾਂਦੀਆਂ ਸੜਕਾਂ ’ਤੇ ਕਈ ਕਿਲੋਮੀਟਰ ਤੱਕ ਵਾਹਨਾਂ ਦੀਆਂ ਲੰਮੀਆਂ ਲਾਈਆਂ ਲੱਗੀਆਂ ਰਹੀਆਂ।

ਸਮਰਾਲਾ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਵੱਲੋਂ ਖੇਤੀ ਬਿੱਲਾਂ ਦੇ ਮੁੱਦੇ ’ਤੇ ਕੇਂਦਰ ਸਰਕਾਰ ਦਾ ਸਾਥ ਛੱਡ ਕੇ ਕਿਸਾਨਾਂ ਦੇ ਹੱਕ ਵਿੱਚ ਡੱਟਦੇ ਹੋਏ ਤਿੰਨ ਘੰਟੇ ਲਈ ਚੱਕਾ ਜਾਮ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਸੈਂਕੜਿਆਂ ਦੀ ਗਿਣਤੀ ਵਿੱਚ ਅਕਾਲੀ ਵਰਕਰਾਂ ਵੱਲੋਂ ਸਮਰਾਲਾ ਵਿਖੇ 11 ਵਜੇ ਤੋਂ 2 ਵਜੇ ਤੱਕ ਲਗਾਏ ਗਏ ਧਰਨੇ ਦੀ ਅਗਵਾਈ ਹਲਕਾ ਇੰਚਾਰਜ਼ ਜਥੇ. ਸੰਤਾ ਸਿੰਘ ਉਮੈਦਪੁਰੀ, ਸਾਬਕਾ ਅਕਾਲੀ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਢਿੱਲੋਂ ਅਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਰਜਿੰਦਰ ਸਿੰਘ ਬਬਲੂ ਲੋਪੋਂ ਵੱਲੋਂ ਕੀਤੀ ਗਈ। ਇਸ ਮੌਕੇ ਆਗੂਆਂ ਨੇ ਆਪਣੀ ਹੀ ਭਾਈਵਾਲ ਪਾਰਟੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਲਲਕਾਰਦੇ ਹੋਏ ਕਿਸਾਨ ਵਿਰੋਧੀ ਬਿੱਲ ਵਾਪਸ ਨਾ ਲਏ ਜਾਣ ਦੀ ਸੂਰਤ ’ਚ ਪੰਜਾਬੀਆਂ ਦਾ ਗੁੱਸਾ ਝੱਲਣ ਲਈ ਤਿਆਰ ਰਹਿਣ ਨੂੰ ਕਿਹਾ। ਆਗੂਆਂ ਨੇ ਕਿਹਾ ਕਿ ਖੇਤੀ ਬਿੱਲ ਕਿਸਾਨ ਅਤੇ ਪੰਜਾਬ ਵਿਰੋਧੀ ਹਨ। ਇਸ ਲਈ ਅਕਾਲੀ ਦਲ ਇਹ ਬਿੱਲ ਰੋਕਣ ਲਈ ਅੱਜ ਕੇਂਦਰ ਸਰਕਾਰ ਤੋਂ ਬਾਹਰ ਹੋ ਕੇ ਕਿਸਾਨ ਹਿੱਤਾਂ ਲਈ ਸੜਕਾਂ ’ਤੇ ਧਰਨੇ ਲਾ ਕੇ ਬੈਠਾ ਹੈ। ਇਸ ਤੋਂ ਪਹਿਲਾ ਸੈਂਕੜੇ ਹੀ ਅਕਾਲੀ ਵਰਕਰਾਂ ਨੇ ਖੰਨਾ-ਨਵਾਂਸ਼ਹਿਰ ਮੁੱਖ ਮਾਰਗ ’ਤੇ

ਧਰਨਾ ਦਿੰਦੇ ਹੋਏ ਆਵਾਜਾਈ ਨੂੰ ਠੱਪ ਰੱਖਿਆ।

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਯੂਥ ਅਕਾਲੀ ਦਲ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਦਾ ਜ਼ੋਰਦਾਰ ਵਿਰੋਧ ਕਰਦਿਆਂ ਅੱਜ ਜਲੰਧਰ ਬਾਈਪਾਸ ਚੌਂਕ ਨੇੜੇ ਸੜਕ ਉਪਰ ਧਰਨਾ ਦੇ ਕੇ ਹਾਈਵੇਅ ਜਾਮ ਕੀਤਾ ਅਤੇ ਰੋਸ ਮੁਜ਼ਾਹਰਾ ਕਰਕੇ ਮੋਦੀ ਸਰਕਾਰ ਤੋਂ ਕਿਸਾਨ ਵਿਰੋਧੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਗੁਰਦੀਪ ਸਿੰਘ ਗੋਸ਼ਾ, ਵਿਜੇ ਦਾਨਵ, ਮਦਨ ਲਾਲ ਬੱਗਾ, ਪੂਨਮ ਅਰੋੜਾ, ਮਨਪ੍ਰੀਤ ਸਿੰਘ ਬੰਟੀ, ਨੇਕ ਸਿੰਘ ਖਾਲਸਾ, ਪਰਮਜੀਤ ਸਿੰਘ ਪੰਮਾ ਅਤੇ ਹੋਰ ਆਗੂ ਵੀ ਸ਼ਾਮਲ ਹੋਏ। ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਖੇਤੀ ਦੇ ਮੁੱਦੇ ’ਤੇ ਕਿਸਾਨਾਂ ਲਈ ਲੜਾਈ ਲੜੇਗਾ ਅਤੇ ਕੋਈ ਵੀ ਕੁਰਬਾਨੀ ਦੇਣ ਲਈ ਪਿਛੇ ਨਹੀਂ ਹੱਟੇਗਾ। ਇਸ ਮੌਕੇ ਗਗਨਦੀਪ ਸਿੰਘ ਗਿਆਸਪੁਰਾ, ਵਰੁਣ ਮਲਹੋਤਰਾ, ਸੰਜੀਵ ਚੌਧਰੀ, ਦੀਪੂ ਗਿਆਸਪੁਰਾ, ਜਤਿੰਦਰ ਸਿੰਘ ਖਾਲਸਾ, ਸਬਜੀਤ ਸਿੰਘ ਸੰਨੀ ਬੇਦੀ, ਈਸ਼ਾਨ ਸ਼ਰਮਾ, ਕਰਮਵੀਰ ਸਿੰਘ ਦੁੱਗਰੀ, ਗੁਰਮਨਜੋਤ ਸਿੰਘ ਹਾਜ਼ਰ ਸਨ।

ਦੁਕਾਨਦਾਰਾਂ ਤੇ ਆੜ੍ਹਤੀਆਂ ਵਲੋਂ ਬਿੱਲ ਰੱਦ ਨਾ ਕਰਨ ’ਤੇ ਸੰਘਰਸ਼ ਦੀ ਚਿਤਾਵਨੀ

ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀਬਾੜੀ ਆਰਡੀਨੈਂਸਾਂ ਖਿਲਾਫ਼ ਅੱਜ ਮਾਛੀਵਾੜਾ ਵਿਚ ਵੱਖ-ਵੱਖ ਥਾਵਾਂ ’ਤੇ ਕਿਸਾਨਾਂ, ਆੜ੍ਹਤੀਆਂ, ਜਥੇਬੰਦੀਆਂ ਤੇ ਦੁਕਾਨਦਾਰਾਂ ਨੇ ਧਰਨੇ ਦਿੱਤੇ ਅਤੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹ ਆਰਡੀਨੈਂਸ ਰੱਦ ਨਾ ਕੀਤੇ ਤਾਂ ਪੰਜਾਬ ਵਾਸੀ ਹੋਰ ਤਿੱਖਾ ਸੰਘਰਸ਼ ਕਰਨਗੇ। ਮਾਛੀਵਾੜਾ ਮੇਨ ਚੌਂਕ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਆੜ੍ਹਤੀ ਐਸੋਸੀਏਸ਼ਨ, ਦੁਕਾਨਦਾਰ ਯੂਨੀਅਨ, ਸੀ.ਪੀ.ਆਈ, ਲੋਕ ਸੰਘਰਸ਼ ਕਮੇਟੀ, ਭ੍ਰਿਸ਼ਟਾਚਾਰ ਵਿਰੋਧੀ ਫਰੰਟ, ਅਕਾਊਂਟੈਂਟ ਵੈਲਫੇਅਰ ਐਸੋਸੀਏਸ਼ਨ, ਆਲ ਇੰਡੀਆ ਸਟੂਡੈਂਟ ਫੈਡਰੇਸ਼ਨ, ਪੈਨਸ਼ਨਰਜ਼ ਮਹਾਂ ਸੰਘ, ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਨੁਮਾਇੰਦਿਆਂ ਨੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਆਰਡੀਨੈਂਸ ਪੰਜਾਬ ਦੇ ਹਰੇਕ ਵਰਗ ਲਈ ਨੁਕਸਾਨਦੇਹ ਹਨ ਅਤੇ ਇਨ੍ਹਾਂ ਨੂੰ ਜੇਕਰ ਰੱਦ ਨਾ ਕੀਤਾ ਗਿਆ ਤਾਂ ਸਮੂਹ ਪੰਜਾਬ ਵਾਸੀ ਦਿੱਲੀ ਜਾ ਕੇ ਕੇਂਦਰ ਸਰਕਾਰ ਖਿਲਾਫ਼ ਰੋਸ ਮੁਜਾਹਰੇ ਕਰਨਗੇ। ਇਸ ਧਰਨੇ ’ਚ ਸੁਖਵਿੰਦਰ ਸਿੰਘ ਭੱਟੀਆਂ, ਤੇਜਿੰਦਰ ਸਿੰਘ ਕੂੰਨਰ, ਹਰਜਿੰਦਰ ਸਿੰਘ ਖੇੜਾ, ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ, ਚੇਅਰਮੈਨ ਦਰਸ਼ਨ ਕੁਮਾਰ ਕੁੰਦਰਾ, ਪ੍ਰਦੇਸ਼ ਸਕੱਤਰ ਕਸਤੂਰੀ ਲਾਲ ਮਿੰਟੂ, ਰਾਜਵੰਤ ਸਿੰਘ ਕੂੰਨਰ, ਸੰਤ ਸਮਾਜ ਦੇ ਆਗੂ ਬਾਬਾ ਸੁੱਧ ਸਿੰਘ ਟੂਸੇ ਵਾਲੇ, ਅਰਵਿੰਦਰਪਾਲ ਸਿੰਘ ਵਿੱਕੀ, ਮੋਹਿਤ ਕੁੰਦਰਾ, ਪਰਮਿੰਦਰ ਸਿੰਘ ਗੁਲਿਆਣੀ, ਨਿਤਿਨ ਜੈਨ ਮੌਜੂਦ ਸਨ। ਇਸ ਤੋਂ ਇਲਾਵਾ ਗਨੀ ਖਾਂ ਨਬੀ ਖਾਂ ਗੇਟ ਨੇੜੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਜ਼ਿਲ੍ਹਾ ਉਪ ਪ੍ਰਧਾਨ ਕੁਲਦੀਪ ਸਿੰਘ ਗਰੇਵਾਲ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ।

ਦੋਰਾਹਾ (ਪੱਤਰ ਪ੍ਰੇਰਕ): ਕਿਸਾਨ ਜੱਥੇਬੰਦੀਆਂ ਦੇ ਸੱਦੇ ’ਤੇ ਖੇਤੀ ਆਰਡੀਨੈਸਾਂ ਖਿਲਾਫ਼ ਦੋਰਾਹਾ ਜਰਨੈਲੀ ਸੜਕ, ਬੱਸ ਸਟੈਂਡ ਤੇ ਹਜ਼ਾਰਾਂ ਦੀ ਤਾਦਾਦ ਵਿਚ ਕਿਸਾਨਾਂ ਤੋਂ ਇਲਾਵਾ ਵੱਖ ਵੱਖ ਰਾਜਨੀਤਕ ਜੱਥੇਬੰਦੀਆਂ, ਆੜ੍ਹਤੀਆਂ ਐਸੋਸੀਏਸ਼ਨ, ਮਜ਼ਦੂਰ ਯੂਨੀਅਨ, ਮੁਲਾਜ਼ਮ, ਧਾਰਮਿਕ, ਸਮਾਜ ਸੇਵੀ ਜੱਥੇਬੰਦੀਆਂ ਨੇ ਸਾਂਝੇ ਤੌਰ ਤੇ ਧਰਨਾ ਦਿੱਤਾ। ਇਸ ਇੱਕਠ ਵਿਚ ਸਭ ਤੋਂ ਵਧੇਰੇ ਇਕੱਠ ਨੌਜਵਾਨ ਕਿਸਾਨਾਂ ਦਾ ਸੀ। ਅੱਜ ਦੇ ਧਰਨੇ ਮੌਕੇ ਦੋਰਾਹਾ ਨੇੜੇ ਮੱਲ੍ਹੀਪੁਰ ਪਿੰਡ ਵਿਚ ਜਰਨੈਲੀ ਸੜਕ ’ਤੇ ਸਿਰਫ਼ ਪੰਜ ਕਿਸਾਨ ਲੜਕੇ ਕਾਲੇ ਝੰਡੇ ਲੈ ਕੇ ਬੈਠੇ ਰਹੇ। ਉਨ੍ਹਾਂ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਦੋਰਾਹਾ ਦੇ ਸਾਰੇ ਬਜ਼ਾਰ ਮੁਕੰਮਲ ਬੰਦ ਰਹੇ।

ਲੋਕ ਇਨਸਾਫ ਪਾਰਟੀ ਦੇ ਕਾਰਕੁਨਾਂ ਵੱਲੋਂ ਸ਼ਿਰਕਤ

ਲਾਢੋਵਾਲ ਵਿੱਚ ਕਿਸਾਨ ਜੱਥੇਬੰਦੀਆਂ ਨੂੰ ਸੰਬੋਧਨ ਕਰਦੇ ਸ੍ਰੀ ਸਿਵੀਆ।

ਲੁਧਿਆਣਾ (ਖੇਤਰੀ ਪ੍ਰਤੀਨਿਧ): ਲਾਢੋਵਾਲ ਵਿਚ ਕਿਸਾਨ ਜੱਥੇਬੰਦੀਆਂ ਵੱਲੋਂ ਖੇਤੀ ਆਰਡੀਨੈਂਸ ਦੇ ਵਿਰੋਧ ਵਿੱਚ ਅੱਜ ਦਿੱਤੇ ਰੋਸ ਦੌਰਾਨ ਲੋਕ ਇਨਸਾਫ ਪਾਰਟੀ ਵੱਲੋਂ ਕਿਸਾਨ ਵਿੰਗ ਦੇ ਪ੍ਰਧਾਨ ਰਣਧੀਰ ਸਿੰਘ ਸਿਵੀਆਂ ਨੇ ਵੱਡੇ ਜੱਥੇ ਨਾਲ ਸ਼ਮੂਲੀਅਤ ਕੀਤੀ। ਇਸ ਮੌਕੇ ਸ੍ਰੀ ਸਿਵੀਆ ਨੇ ਸਮੂਹ ਕਿਸਾਨ ਜੱਥੇਬੰਦੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਕਿਸਾਨਾਂ ਦੇ ਨਾਲ ਉਦੋਂ ਤੱਕ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਰਹੇਗੀ ਜਦੋਂ ਤੱਕ ਇਸ ਸੰਘਰਸ਼ ਨੂੰ ਸਫਲਤਾ ਨਹੀਂ ਮਿਲ ਜਾਂਦੀ। ਉਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਬਿੱਲ ਲਿਆ ਕੇ ਨਾ ਸਿਰਫ ਕਿਸਾਨਾਂ ਨਾਲ ਧੋਖਾ ਕੀਤਾ ਸਗੋਂ ਪੰਜਾਬ ਦੀ ਆਰਥਿਕਤਾ ਨੂੰ ਵੀ ਵੱਡੀ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਦੇਸ਼ ਵਿਆਪੀ ਚੱਕਾ ਜਾਮ 5 ਨੂੰ, 26-27 ਨਵੰਬਰ ਨੂੰ ‘ਦਿੱਲੀ ਚੱਲੋ’ ਪ੍ਰੋਗ...

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਕੇਂਦਰ ਸਰਕਾਰ ਵਲੋਂ 31 ਅਕਤੂਬਰ ਤੱਕ ਜਾਰੀ ਨਿਰਦੇਸ਼ਾਂ ਦੀ ਸਮਾਂ-ਸੀਮਾ ’ਚ...