ਔਰਤ ਨੇ ਖ਼ੁਦ ’ਤੇ ਤੇਲ ਛਿੜਕ ਕੇ ਅੱਗ ਲਾਈ; ਮੌਤ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 15 ਮਈ
ਸਿੱਧਵਾਂ ਬੇਟ ਦੇ ਪਿੰਡ ਕੰਨੀਆਂ ਹੁਸੈਨੀ ਦੀ ਔਰਤ ਨੇ ਤੇਲ ਛਿੜਕ ਕੇ ਖ਼ੁਦ ਨੂੰ ਅੱਗ ਲਾ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੇ ਪਿਤਾ ਨੇ ਉਸ ਦੇ ਦਿਓਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਪ੍ਰਾਪਤ ਜਾਣਕਾਰੀ ਅਨੁੁਸਾਰ ਮ੍ਰਿਤਕਾ ਜੋਤੀ ਕੌਰ ਦੇ ਪਿਤਾ ਬੂਟਾ ਸਿੰਘ ਵਾਸੀ ਪਿੰਡ ਕੁਲਾਰ (ਜੱਸੋਵਾਲ) ਨੇ ਏਐੱਸਆਈ ਸੁਖਮੰਦਰ ਸਿੰਘ ਦੀ ਹਾਜ਼ਰੀ ਵਿੱਚ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਕੁੱਝ ਵਰ੍ਹੇ ਪਹਿਲਾਂ ਮਨਜੀਤ ਸਿੰਘ ਵਾਸੀ ਕੰਨੀਆਂ ਹੁਸੈਨੀ ਨਾਲ ਹੋਇਆ ਸੀ ਤੇ ਦੋਵਾਂ ਦੇ ਦੋ ਪੁੱਤਰ ਹਨ। ਵਿਆਹ ਤੋਂ ਕੁੱਝ ਸਾਲ ਬਾਅਦ ਮਨਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਤੇ ਪਰਿਵਾਰ ਦੀ ਸਹਿਮਤੀ ਨਾਲ ਜੋਤੀ ਕੌਰ ਬੱਚਿਆਂ ਸਮੇਤ ਆਪਣੇ ਦਿਓਰ ਸੁਖਵਿੰਦਰਪਾਲ ਸਿੰਘ ਉਰਫ ਕਿੰਦਾ ਨਾਲ ਰਹਿਣ ਲੱਗ ਪਈ।
ਸਮਾਂ ਬੀਤਣ ’ਤੇ ਸੁਖਵਿੰਦਰਪਾਲ ਸਿੰਘ ਤੇ ਜੋਤੀ ਵਿੱਚ ਲੜਾਈਆਂ ਹੋਣ ਲੱਗੀਆਂ ਤੇ ਕਈ ਵਾਰ ਆਪਸੀ ਸੁਲਾਹ ਵੀ ਕਰਵਾਈ ਗਈ। ਬੀਤੇ ਕੱਲ੍ਹ ਸੁਖਵਿੰਦਰਪਾਲ ਸਿੰਘ ਨੇ ਬੂਟਾ ਸਿੰਘ ਨੂੰ ਫੋਨ ’ਤੇ ਦੱਸਿਆ ਕਿ ਅੱਗ ਲੱਗਣ ਕਰਕੇ ਜੋਤੀ ਦੀ ਮੌਤ ਹੋ ਗਈ ਹੈ। ਜਦੋਂ ਬੂਟਾ ਸਿੰਘ ਕੰਨੀਆਂ ਹੁਸੈਨੀ ਪੁੱਜਿਆ ਤਾਂ ਵੇਖਿਆ ਕਿ ਜੋਤੀ ਦਾ ਸਰੀਰ ਪੂਰੀ ਤਰ੍ਹਾਂ ਝੁਲਸਿਆ ਹੋਇਆ ਸੀ ਤੇ ਡੀਜ਼ਲ ਦੀ ਬਦਬੂ ਆ ਰਹੀ ਸੀ। ਉਸ ਨੇ ਜੋਤੀ ਦੀ ਮੌਤ ਲਈ ਸੁਖਵਿੰਦਰਪਾਲ ਨੂੰ ਜ਼ਿੰਮੇਵਾਰ ਦੱਸਿਆ ਹੈ। ਪੁਲੀਸ ਨੇ ਸੁਖਵਿੰਦਰਪਾਲ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਆਰੰਭ ਦਿੱਤੀ ਹੈ।