ਸੱਤ ਕੁਇੰਟਲ ਭੁੱਕੀ ਸਮੇਤ ਔਰਤ ਅਤੇ ਸਾਥੀ ਗ੍ਰਿਫ਼ਤਾਰ : The Tribune India

ਸੱਤ ਕੁਇੰਟਲ ਭੁੱਕੀ ਸਮੇਤ ਔਰਤ ਅਤੇ ਸਾਥੀ ਗ੍ਰਿਫ਼ਤਾਰ

ਸੱਤ ਕੁਇੰਟਲ ਭੁੱਕੀ ਸਮੇਤ ਔਰਤ ਅਤੇ ਸਾਥੀ ਗ੍ਰਿਫ਼ਤਾਰ

ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤੇ ਮੁਲਜ਼ਮ ਬਾਰੇ ਦੱਸਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਟ੍ਰਿਬਿਊਨ

ਸੰਤੋਖ ਗਿੱਲ

ਮੁੱਲਾਂਪੁਰ-ਦਾਖਾ, 30 ਨਵੰਬਰ

ਲੁਧਿਆਣਾ (ਦਿਹਾਤੀ) ਪੁਲੀਸ ਦੇ ਸੀਆਈਏ ਸਟਾਫ਼ ਨੂੰ ਮਿਲੀ ਸੂਹ ’ਤੇ ਕਾਰਵਾਈ ਕਰਦਿਆਂ ਥਾਣਾ ਦਾਖਾ ਅਧੀਨ ਪਿੰਡ ਵੜੈਚ ਅਤੇ ਦਾਖਾ ਵਿਚ ਇੱਕੋ ਸਮੇਂ ਛਾਪਾ ਮਾਰ ਕੇ ਸੱਤ ਕੁਇੰਟਲ ਭੁੱਕੀ-ਚੂਰਾ, ਨਸ਼ਾ ਪਾਉਣ ਲਈ ਵਰਤੇ ਜਾਣ ਵਾਲੇ ਦਰਜਨਾਂ ਲਿਫ਼ਾਫ਼ੇ, ਤੋਲਣ ਵਾਲਾ ਕੰਡਾ, ਇੱਕ ਲੱਖ ਰੁਪਏ ਡਰੱਗ ਮਨੀ ਅਤੇ ਇਕ ਮਹਿੰਦਰਾ ਪਿਕਅਪ ਗੱਡੀ ਕਬਜ਼ੇ ਵਿਚ ਲਈ ਗਈ।

ਸੁਨੀਤਾ ਪਤਨੀ ਮਨਜੀਤ ਸਿੰਘ ਉਰਫ਼ ਰਾਜੂ ਉਰਫ਼ ਮੰਨੂ ਵਾਸੀ ਉਮਰੇਵਾਲ, ਜ਼ਿਲ੍ਹਾ ਜਲੰਧਰ (ਦਿਹਾਤੀ) ਅਤੇ ਰਣਜੀਤ ਸਿੰਘ ਵਾਸੀ ਸੁਨੀਤਾ ਪੱਤੀ ਪਿੰਡ ਦਾਖਾ ਨੂੰ ਮੌਕੇ ਤੋਂ ਕਾਬੂ ਕਰ ਲਿਆ, ਜਦਕਿ ਸੁਨੀਤਾ ਦਾ ਪਤੀ ਮਨਜੀਤ ਸਿੰਘ ਉਰਫ਼ ਰਾਜੂ ਪੁਲੀਸ ਪਾਰਟੀ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਜਾਂਚ ਅਫ਼ਸਰ ਇੰਸਪੈਕਟਰ ਦਲਬੀਰ ਸਿੰਘ ਇੰਚਾਰਜ ਸੀਆਈਏ ਸਟਾਫ਼ ਜਗਰਾਉਂ ਅਨੁਸਾਰ ਸਬ-ਇੰਸਪੈਕਟਰ ਕਮਲਦੀਪ ਕੌਰ ਦੀ ਸ਼ਿਕਾਇਤ ’ਤੇ ਥਾਣਾ ਦਾਖਾ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਫ਼ਰਾਰ ਮੁਲਜ਼ਮ ਦੀ ਭਾਲ ਆਰੰਭ ਦਿੱਤੀ ਹੈ।

ਸਬ-ਇੰਸਪੈਕਟਰ ਕਮਲਦੀਪ ਕੌਰ ਨੂੰ ਮਿਲੀ ਸੂਚਨਾ ਅਨੁਸਾਰ ਜਲੰਧਰ ਜ਼ਿਲ੍ਹੇ ਦੇ ਪਿੰਡ ਉਮਰੇਵਾਲ ਦਾ ਰਹਿਣ ਵਾਲਾ ਮਨਜੀਤ ਸਿੰਘ ਉਰਫ਼ ਰਾਜੂ ਉਰਫ਼ ਮੰਨੂ ਅੱਜ-ਕੱਲ੍ਹ ਥਾਣਾ ਦਾਖਾ ਅਧੀਨ ਪਿੰਡ ਵੜੈਚ ਵਿਚ ਆਪਣੀ ਪਤਨੀ ਸੁਨੀਤਾ ਸਮੇਤ ਰਹਿੰਦਾ ਹੈ, ਦੂਜੇ ਸੂਬਿਆਂ ਤੋਂ ਲਿਆ ਕੇ ਭੁੱਕੀ-ਚੂਰਾ ਇਲਾਕੇ ਵਿਚ ਵੇਚਦੇ ਹਨ ਅਤੇ ਉਹ ਇਸ ਕੰਮ ਵਿਚ ਕਾਫ਼ੀ ਅਰਸੇ ਤੋਂ ਲੱਗੇ ਹਨ। ਛਾਪੇਮਾਰੀ ਦੌਰਾਨ ਦੋ ਕੁਇੰਟਲ ਭੁੱਕੀ-ਚੂਰਾ ਉਨ੍ਹਾਂ ਘਰੋਂ ਮਿਲ ਗਿਆ, ਮੌਕੇ ’ਤੇ ਹੀ ਸੁਨੀਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਦਕਿ ਮਨਜੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਪੁੱਛਗਿੱਛ ਵਿਚ ਹੋਏ ਖ਼ੁਲਾਸੇ ਤੋਂ ਬਾਅਦ ਮਹਿੰਦਰਾ ਪਿਕਅਪ ਗੱਡੀ ਨੰਬਰ ਪੀਬੀ 46 ਕੇ 0134 ਅਤੇ 5 ਕਵਿੰਟਲ ਭੁੱਕੀ-ਚੂਰਾ ਤੀਸਰੇ ਸਾਥੀ ਪਿੰਡ ਦਾਖਾ ਦੀ ਸੁਨੀਤਾ ਪੱਤੀ ਦੇ ਰਹਿਣ ਵਾਲੇ ਰਣਜੀਤ ਸਿੰਘ ਦੇ ਘਰੋਂ ਵੀ ਬਰਾਮਦ ਹੋ ਗਈ। ਇਸ ਛਾਪੇਮਾਰੀ ਦੌਰਾਨ ਨਸ਼ਾ ਵੇਚ ਕੇ ਕਮਾਏ 1 ਲੱਖ ਰੁਪਏ, ਦਰਜਨਾਂ ਲਿਫ਼ਾਫ਼ੇ ਅਤੇ ਨਸ਼ਾ ਤੋਲਣ ਲਈ ਰੱਖਿਆ ਕੰਡਾ ਵੀ ਮਿਲਿਆ।

ਰਣਜੀਤ ਸਿੰਘ ਨੂੰ ਵੀ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਹਾਲਾਂਕਿ ਕਿ ਮੁਲਜ਼ਮ ਮਨਜੀਤ ਸਿੰਘ ਦਾ ਮੌਕੇ ਤੋਂ ਫਰਾਰ ਹੋਣਾ ਪੁਲੀਸ ਨੂੰ ਸ਼ੱਕ ਦੇ ਘੇਰੇ ਵਿੱਚ ਖੜ੍ਹਾ ਕਰਦਾ ਹੈ। 

ਹੈਰੋਇਨ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ

ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਨਸ਼ਾ ਪੂਰਤੀ ਅਤੇ ਜਲਦੀ ਪੈਸੇ ਕਮਾਉਣ ਦੇ ਚੱਕਰ ਬਾਹਰੀ ਇਲਾਕਿਆਂ ’ਚੋਂ ਹੈਰੋਇਨ ਲਿਆ ਕੇ ਸ਼ਹਿਰ ’ਚ ਸਪਲਾਈ ਕਰਨ ਵਾਲੇ ਇੱਕ ਮੁਲਜ਼ਮ ਨੂੰ ਐਂਟੀ ਨਾਰਕੋਟਿਕਸ ਵਿਭਾਗ 2 ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਨੂੰ ਦਰੇਸੀ ਇਲਾਕੇ ’ਚੋਂ ਉਸ ਸਮੇਂ ਕਾਬੂ ਕੀਤਾ, ਜਦੋਂ ਉਹ ਹੈਰੋਇਨ ਦੀ ਸਪਲਾਈ ਕਰਨ ਲਈ ਜਾ ਰਿਹਾ ਸੀ। ਮੁਲਜ਼ਮ ਦੇ ਕਬਜ਼ੇ ’ਚੋਂ ਪੁਲੀਸ ਨੇ 110 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਮਾਮਲੇ ’ਚ ਥਾਣਾ ਦਰੇਸੀ ਪੁਲੀਸ ਨੇ ਘਾਟੀ ਮੁਹੱਲਾ ਸ਼ੁਭਮ ਬਾਲੀ ਉਰਫ਼ ਸ਼ਿਵਮ ਉਰਫ਼ ਗੀਗਾ ਖਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਬੁੱਧਵਾਰ ਅਦਾਲਤ ’ਚ ਪੇਸ਼ ਕਰ ਇੱਕ ਦਿਨਾਂ ਰਿਮਾਂਡ ’ਤੇ ਲੈ ਕੇ ਪੁੱਛਗਿਛ ਸ਼ੂਰੂ ਕਰ ਦਿੱਤੀ ਹੈ। ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪੁਲੀਸ ਨੇ ਘਾਟੀ ਮੁਹੱਲਾ ਕੋਲ ਹੀ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਸ਼ੁਭਮ ਬਾਹਰੀ ਇਲਾਕਿਆਂ ’ਚੋਂ ਹੈਰੋਇਨ ਲਿਆ ਕੇ ਸ਼ਹਿਰ ’ਚ ਸਪਲਾਈ ਕਰਦਾ ਹੈ। ਇਸ ਸਮੇਂ ਉਹ ਮੋਟਰਸਾਈਕਲ ’ਤੇ ਕਿਸੇ ਨੂੰ ਹੈਰੋਇਨ ਦੇਣ ਲਈ ਜਾ ਰਿਹਾ ਹੈ। ਪੁਲੀਸ ਨੇ ਮੁਲਜ਼ਮ ਨੂੰ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ ਕਰ ਉਸਦੇ ਕਬਜ਼ੇ ’ਚੋਂ ਹੈਰੋਇਨ ਬਰਾਮਦ ਕਰ ਲਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All