ਜਸਬੀਰ ਸ਼ੇਤਰਾ
ਜਗਰਾਉਂ, 17 ਅਪਰੈਲ
ਰਾਜ ਦੀ ਪ੍ਰਮੁੱਖ ਅਤੇ ਵੱਡੀ ਮੰਡੀ ਜਗਰਾਉਂ ’ਚ ਅੱਜ ਸ਼ਾਮ ਪਏ ਮੀਂਹ ਕਾਰਨ ਲੱਖਾਂ ਬੋਰੀਆਂ ਕਣਕ ਦੀਆਂ ਭਿੱਜ ਗਈਆਂ। ਇਸੇ ਤਰ੍ਹਾਂ ਇਲਾਕੇ ਦੀਆਂ ਪੇਂਡੂ ਮੰਡੀਆਂ ’ਚ ਵੀ ਮੀਂਹ ਤੇ ਹਨ੍ਹੇਰੀ ਕਰਕੇ ਕਣਕ ਨੂੰ ਨੁਕਸਾਨ ਪੁੱਜਣ ਦੀਆਂ ਖ਼ਬਰਾਂ ਹਨ। ਵਾਢੀ ਚੱਲ ਰਹੀ ਹੋਣ ਕਰਕੇ ਅੱਜ ਦੇ ਮੀਂਹ ਅਤੇ ਹਨ੍ਹੇਰੀ ਨੇ ਖੇਤਾਂ ਦੀ ਪੱਕੀ ਫ਼ਸਲ ਦਾ ਵੀ ਨੁਕਸਾਨ ਕੀਤਾ ਹੈ।
ਇਕੱਤਰ ਵੇਰਵਿਆਂ ਅਨੁਸਾਰ ਇਕੱਲੀ ਜਗਰਾਉਂ ਮੰਡੀ ’ਚ ਹੀ ਦੋ ਲੱਖ ਤੋਂ ਵਧੇਰੇ ਗੱਟੂ ਕਣਕ ਪਈ ਹੈ। ਇਸ ਵਿੱਚੋਂ ਇਕ ਲੱਖ ਦੇ ਕਰੀਬ ਕਣਕ ਦਾ ਬੋਰੀਆਂ ’ਚ ਹੈ ਜਦ ਕਿ ਬਾਕੀ ਢੇਰੀਆਂ ਦੇ ਰੂਪ ’ਚ ਖੁੱਲ੍ਹੇ ਅਸਮਾਨ ਹੇਠਾਂ ਪਈ ਹੈ। ਮਾਰਕੀਟ ਕਮੇਟੀ ਨੇ ਭਾਵੇਂ ਮੌਸਮੇ ਦੇ ਮੱਦੇਨਜ਼ਰ ਆੜ੍ਹਤੀਆਂ ਨੂੰ ਅਗਾਊਂ ਤਿਰਪਾਲਾਂ ਤੇ ਪੱਲੀਆਂ ਦਾ ਪ੍ਰਬੰਧ ਕਰਕੇ ਰੱਖਣ ਦੇ ਨਿਰਦੇਸ਼ ਦਿੱਤੇ ਹੋਏ ਸਨ ਅਤੇ ਅਜਿਹਾ ਨਾ ਹੋਣ ’ਤੇ ਭਾਰੀ ਜੁਰਮਾਨੇ ਦੀ ਗੱਲ ਆਖੀ ਹੋਈ ਹੈ। ਇਸ ਦੇ ਬਾਵਜੂਦ ਮੰਡੀ ਅੰਦਰ ਤਿਰਪਾਲਾਂ ਤੇ ਪੱਲੀਆਂ ਦੀ ਘਾਟ ਰੜਕੀ। ਕਣਕ ਦੀ ਸੁਸਤ ਖ਼ਰੀਦ ਅਤੇ ਢਿੱਲੀ ਚੁਕਾਈ ਇਸ ਦਾ ਕਾਰਨ ਬਣੀ। ਜੇਕਰ ਤੇਜ਼ੀ ਨਾਲ ਖਰੀਦ ਕਰਕੇ ਓਨੀ ਹੀ ਤੇਜ਼ੀ ਨਾਲ ਲਿਫਟਿੰਗ ਦਾ ਕੰਮ ਚੱਲਦਾ ਤਾਂ ਅੱਜ ਮੀਂਹ ’ਚ ਲੱਖਾਂ ਬੋਰੀ ਭਿੱਜਣ ਤੋਂ ਬਚ ਸਕਦੀ ਸੀ।
ਮੰਡੀ ’ਚ ਮੌਜੂਦ ਕਿਸਾਨ ਕਰਮਜੀਤ ਸਿੰਘ, ਮਹਿੰਦਰ ਸਿੰਘ ਅਤੇ ਬਖਤੌਰ ਸਿੰਘ ਨੇ ਖਰੀਦ ਪ੍ਰਬੰਧ ਢਿੱਲੇ ਹੋਣ ਦਾ ਰੋਣਾ ਰੋਇਆ। ਆੜ੍ਹਤੀਆਂ ਨੇ ਬੱਦਲਵਾਈ ਕਰਕੇ ਮਜਦੂਰਾਂ ਤੋਂ ਦਿਨ ਸਮੇਂ ਹੀ ਪੱਲੀਆਂ ਨਾਲ ਕਣਕ ਦੀਆਂ ਵੱਡੀ ਗਿਣਤੀ ’ਚ ਢੇਰੀਆਂ ਅਤੇ ਬੋਰੀਆਂ ਢਕਵਾ ਦਿੱਤੀਆਂ ਸਨ ਪਰ ਸ਼ਾਮ ਨੂੰ ਮੀਂਹ ਸਮੇਂ ਦੇਖਣ ਨੂੰ ਮਿਲਿਆ ਕਿ ਹਜ਼ਾਰਾਂ ਬੋਰੀਆਂ ਅਤੇ ਅਨੇਕਾਂ ਢੇਰੀਆਂ ਬਿਨਾਂ ਢਕੇ ਤੋਂ ਹੀ ਮੀਂਹ ’ਚ ਭਿੱਜ ਰਹੀਆਂ ਸਨ। ਖੇਤੀ ਮਾਹਿਰਾਂ ਅਨੁਸਾਰ ਢੇਰੀਆਂ ਵਾਲੀ ਕਣਕ ਨੂੰ ਮੀਂਹ ਦੀ ਮਾਰ ਘੱਟ ਪਵੇਗੀ ਪਰ ਬੋਰੀਆਂ ’ਚ ਬੰਦ ਕਣਕ ਅਤੇ ਬਾਰਦਾਨੇ ਦਾ ਨੁਕਸਾਨ ਹੋ ਸਕਦਾ ਹੈ। ਕਣਕ ਦੀ ਸੁਸਤ ਖ਼ਰੀਦ ਅਤੇ ਢਿੱਲੀ ਚੁਕਾਈ ਇਸ ਕਣਕ ਦੇ ਭਿੱਜਣ ਦਾ ਦਾਰਨ ਬਣੀ ਹੈ।