ਅਨਾਜ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਸ਼ੁਰੂ

ਅਨਾਜ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਸ਼ੁਰੂ

ਖੰਨਾ ਮੰਡੀ ’ਚ ਕਣਕ ਦੀ ਖਰੀਦ ਸ਼ੁਰੂ ਕਰਵਾਉਂਦੇ ਹੋਏ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ।

ਜੋਗਿੰਦਰ ਸਿੰਘ ਓਬਰਾਏ 

ਖੰਨਾ, 12 ਅਪਰੈਲ

ਪੰਜਾਬ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿੱਚ 1.48 ਲੱਖ ਮੀਟਰਿਕ ਟਨ ਕਣਕ ਆਈ, ਜਿਸ ਵਿੱਚੋਂ 70 ਹਜ਼ਾਰ ਮੀਟਰਿਕ ਟਨ ਕਣਕ ਖਰੀਦ ਲਈ ਗਈ ਹੈ| ਇਹ ਪ੍ਰਗਟਾਵਾ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਬਾਰੇ ਮੰੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਕਣਕ ਦੀ ਖਰੀਦ ਸ਼ੁਰੂ ਕਰਵਾਉਣ ਮੌਕੇ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਮਾਰਕੀਟ ਕਮੇਟੀ ਖੰਨਾ ਦੀ  ਆੜ੍ਹਤੀਆ ਐਸੋਸੀਏਸ਼ਨ ਨਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖਰੀਦ ਪ੍ਰਕਿਰਿਆ ਵਿਚ ਆੜ੍ਹਤੀਆਂ ਦੀ ਨਿਰੰਤਰ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਅਤੇ 131 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਲਦ ਹੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪੰਜਾਬ ਸਰਕਾਰ ਵੱਲੋਂ ਪਾ ਦਿੱਤੀ ਜਾਵੇਗੀ। ਆਸ਼ੂ ਨੇ ਦੱਸਿਆ ਕਿ ਸਿਵਲ ਸਪਲਾਈ ਵਿਭਾਗ ਨੇ ਖਰੀਦ ਸਬੰਧੀ ਸਾਫ਼ਟਵੇਅਰ ਵਿਚ ਸੋਧ ਕਰ ਦਿੱਤੀ ਹੈ। ਹਲਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਕਣਕ ਦੇ ਸੀਜ਼ਨ ਵਿੱਚ ਵੀ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।  ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ  ਹਰਬੰਸ ਸਿੰਘ ਰੋਸ਼ਾ ਨੇ 131 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਲਦ ਹੀ ਆੜ੍ਹਤੀਆਂ ਦੇ ਬੈਂਕ ਖਾਤਿਆਂ ਵਿੱਚ ਪਾਉਣ ਲਈ ਭਾਰਤ ਭੂਸ਼ਣ ਆਸ਼ੂ ਦਾ ਧੰਨਵਾਦ ਕੀਤਾ|

ਸਮਰਾਲਾ (ਡੀਪੀਐੱਸ ਬੱਤਰਾ): ਇਥੋਂ ਦੀ ਅਨਾਜ ਮੰਡੀ ’ਚ ਕਣਕ ਦੀ ਸਰਕਾਰੀ ਖਰੀਦ ਦੀ ਰਸਮੀ ਸ਼ੁਰੂਆਤ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਵੱਲੋਂ ਕੀਤੀ ਗਈ। ਅੱਜ ਪਹਿਲੇ ਦਿਨ ਮੰਡੀ ਵਿੱਚ ਕਰੀਬ 450 ਕੁਇੰਟਲ ਫ਼ਸਲ ਦੀ ਆਮਦ ਹੋਈ, ਜਿਸ ਦੀ ਪਨਸਪ ਵੱਲੋਂ 1975 ਰੁਪਏ ਦੀ ਸਰਕਾਰੀ ਕੀਮਤ ’ਤੇ ਖਰੀਦ ਕੀਤੀ ਗਈ। ਇਸ ਤੋਂ ਪਹਿਲਾਂ ਵਿਧਾਇਕ ਢਿੱਲੋਂ ਨੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਂਦੇ ਹੋਏ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸੋਨੇ ਵਰਗੀ ਫ਼ਸਲ ਦਾ ਪੂਰਾ ਮੁੱਲ ਪਵੇਗਾ ਅਤੇ ਹਰ ਕਿਸਾਨ ਦੀ ਫ਼ਸਲ ਖਰੀਦਣ ਲਈ ਸਰਕਾਰ ਵਚਨਬੱਧ ਹੈ। 

ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਮਾਛੀਵਾੜਾ ਅਨਾਜ ਮੰਡੀ ’ਚ ਅੱਜ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ, ਜਿਸ ਦੀ ਸ਼ੁਰੂਆਤ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕਰਵਾਈ। 

ਪਾਇਲ (ਦੇਵਿੰਦਰ ਸਿੰਘ ਜੱਗੀ): ਇੱਥੇ ਦਾਣਾ ਮੰਡੀ ਵਿੱਚ ਕਣਕ ਦੀ ਖਰੀਦ ਦਾ ਰਸਮੀ ਉਦਘਾਟਨ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਸੰਤਪ੍ਰੀਤ ਐਂਡ ਕੰਪਨੀ ਦੀ ਦੁਕਾਨ ‘ਤੇ ਆਏ ਕਿਸਾਨ ਬਲਵੰਤ ਸਿੰਘ ਪੁੱਤਰ ਸਾਵਣ ਸਿੰਘ ਵਾਸੀ ਮਕਸੂਦੜਾ ਦੀ ਢੇਰੀ ਦਾ ਭਾਅ ਲਾ ਕੇ ਕੀਤਾ। ਇਸ ਮੌਕੇ ਵਿਧਾਇਕ ਵੱਲੋਂ ਕਿਸਾਨ ਨੂੰ ਸਿਰੋਪਾਓ ਵੀ ਭੇਟ ਕੀਤਾ ਗਿਆ ਪ੍ਰੰਤੂ ਕਿਸਾਨ ਨੇ ਮੌਕੇ ‘ਤੇ ਹੀ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਰਸਮੀ ਉਦਘਾਟਨ ਨੂੰ ਨਹੀਂ ਮੰਨਦਾ ਕਿਉਂਕਿ ਮੰਡੀ ਵਿੱਚ ਆੜ੍ਹਤੀਆਂ ਕੋਲ ਬਾਰਦਾਨਾ ਹੀ ਨਹੀਂ ਹੈ, ਕਾਹਦੇ ਵਿੱਚ ਕਣਕ ਦੀ ਭਰਾਈ ਕੀਤੀ ਜਾਵੇਗੀ। ਇਹ ਸਭ ਸਰਕਾਰ ਦਾ ਮਹਿਜ ਡਰਾਮਾ ਹੈ।  ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਦਾਣਾ ਮੰਡੀ ਵਿੱਚ 20 ਹਜ਼ਾਰ ਤੋਂ ਵੱਧ ਬੋਰੀ ਕਣਕ ਦੀ ਆ ਚੁੱਕੀ ਹੈ, ਪਰ ਬਾਰਦਾਨਾਂ ਕਿਸੇ ਵੀ ਏਜੰਸੀ ਵੱਲੋਂ ਨਹੀਂ ਭੇਜਿਆ ਗਿਆ। ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਖਰੀਦ ਸਮੇਂ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਕੋਈ ਵੀ ਦਿੱਕਤ ਨਹੀਂ ਆਉਣ ਦੇਵੇਗੀ।   

ਰਾਏਕੋਟ (ਰਾਮ ਗੋਪਾਲ ਰਾਏਕੋਟੀ): ਅੱਜ ਮੁੱਖ ਦਾਣਾ ਮੰਡੀ ਰਾਏਕੋਟ ਵਿੱਚ ਮਾਰਕੀਟ ਕਮੇਟੀ ਰਾਏਕੋਟ ਦੇ ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ ਵੱਲੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ।  ਉਨ੍ਹਾਂ ਦੇ ਨਾਲ ਵਾਈਸ ਚੇਅਰਮੈਨ ਸੁਦਰਸ਼ਨ ਜੋਸ਼ੀ, ਸਕੱਤਰ ਜਸਮੀਤ ਸਿੰਘ ਬਰਾੜ, ਏਐਫਐਸਓ ਚਰਨਜੀਤ ਸਿੰਘ ਤੋਂ ਇਲਾਵਾ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਹਾਜ਼ਰ ਸਨ। 

ਜਗਰਾਉਂ ਮੰਡੀ ਵਿੱਚ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਕਣਕ ਦੇ ਅੰਬਾਰ ਲੱਗੇ

ਜਗਰਾਉਂ (ਜਸਬੀਰ ਸ਼ੇਤਰਾ): ਅਨਾਜ ਮੰਡੀ ਜਗਰਾਉਂ ’ਚ ਕਣਕ ਦੀ ਆਮਦ ਨੇ ਸੋਮਵਾਰ ਨੂੰ ਅਚਾਨਕ ਤੇਜ਼ੀ ਫੜ ਲਈ। ਸਰਕਾਰ ਵਲੋਂ 10 ਅਪਰੈਲ ਤੋਂ ਖਰੀਦ ਸ਼ੁਰੂ ਕਰਨ ਅਤੇ ਮੀਂਹ ਦੀ ਪੇਸ਼ੀਨਗੋਈ ਕਰਕੇ ਕਿਸਾਨ ਤੇਜ਼ੀ ਨਾਲ ਕਣਕ ਮੰਡੀਆਂ ’ਚ ਲਿਆਉਣ ਲੱਗੇ ਹਨ। ਅੱਜ ਮੰਡੀ ਦੇ ਕੀਤੇ ਦੌਰਾ ਦੌਰਾਨ ਮੰਡੀ ਵਿੱਚ ਦਰਜਨਾਂ ਢੇਰੀਆਂ ਨਜ਼ਰ ਆਈਆਂ। ਜਾਣਕਾਰੀ ਮੁਤਾਬਿਕ ਸ਼ਾਮ ਤੱਕ ਹਜ਼ਾਰਾਂ ਕੁਇੰਟਲ ਕਣਕ ਮੰਡੀ ’ਚ ਆ ਚੁੱਕੀ ਸੀ ਪਰ ਇਸ ਦੀ ਬੋਲੀ ਨਹੀਂ ਲੱਗ ਸਕੀ। ਸਰਕਾਰੀ ਐਲਾਨ ਦਾ ਅੱਜ ਤੀਸਰਾ ਦਿਨ ਹੋਣ ਦੇ ਬਾਵਜੂਦ ਬੋਲੀ ਲਾ ਕੇ ਖਰੀਦ ਦਾ ਕੰਮ ਸ਼ੁਰੂ ਨਾ ਹੋਇਆ। ਮੰਡੀਆਂ ਦੇ ਕੁਝ ਆੜ੍ਹਤੀਆਂ ਨੇ ਵੀ ਖਰੀਦ ਸ਼ੁਰੂ ਨਾ ਹੋਣ ’ਤੇ ਰੋਸ ਪ੍ਰਗਟਾਇਆ। ਮਾਰਕੀਟ ਕਮੇਟੀ ਦੇ ਸੈਕਟਰੀ ਜਸ਼ਨਦੀਪ ਸਿੰਘ ਦਾ ਕਹਿਣਾ ਸੀ ਕਿ ਅੱਜ ਤਿੰਨ ਹਜ਼ਾਰ ਕੁਇੰਟਲ ਕਣਕ ਦੀ ਆਮਦ ਹੋਈ ਹੈ। ਦੂਜੇ ਪਾਸੇ ਆੜ੍ਹਤੀਆਂ ਨੇ ਕਿਹਾ ਕਿ ਇਸ ਤੋਂ ਕਈ ਗੁਣਾ ਕਣਕ ਮੰਡੀ ’ਚ ਆ ਚੁੱਕੀ ਹੈ। ਸਾਬਕਾ ਮੰਤਰੀ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਭਲਕੇ ਮੰਗਲਵਾਰ ਨੂੰ ਜਗਰਾਉਂ ਮੰਡੀ ’ਚ ਖਰੀਦ ਸ਼ੁਰੂ ਕਰਵਾਈ ਜਾਵੇਗੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All