ਜਸਬੀਰ ਸ਼ੇਤਰਾ
ਜਗਰਾਉਂ, 11 ਅਪਰੈਲ
ਅਨਾਜ ਮੰਡੀ ਜਗਰਾਉਂ ’ਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ। ਵੇਰਵਿਆਂ ਅਨੁਸਾਰ ਅੱਜ ਆੜ੍ਹਤ ਦੀਆਂ ਦੋ ਦੁਕਾਨਾਂ ’ਤੇ 750 ਕੁਇੰਟਲ ਕਣਕ ਆਈ। ਸਰਕਾਰ ਵਲੋਂ 10 ਅਪਰੈਲ ਤੋਂ ਖਰੀਦ ਸ਼ੁਰੂ ਕਰਨ ਵਾਲੇ ਐਲਾਨ ਦੇ ਬਾਵਜੂਦ ਕਣਕ ਦੀ ਖਰੀਦ ਨਹੀਂ ਹੋ ਸਕੀ। ਮਾਰਕੀਟ ਕਮੇਟੀ ਦੇ ਅਧਿਕਾਰੀ ਅਵਤਾਰ ਸਿੰਘ ਨੇ ਕਣਕ ਆਉਣ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਦੋ ਫਰਮਾਂ ਦੇ ਵੱਖ-ਵੱਖ ਪਿੰਡਾਂ ’ਚੋਂ 1500 ਬੋਰੀ ਕਣਕ ਆਈ ਹੈ। ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਸੰਪਰਕ ਕਰਨ ’ਤੇ ਕਿਹਾ ਕਿ ਇਕ ਦੋ ਦਿਨਾਂ ’ਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਸਾਬਕਾ ਮੰਤਰੀ ਤੇ ਜ਼ਿਲ੍ਹਾ ਯੋਜਨਾ ਬੋਰਡ ਲੁਧਿਆਣਾ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਕਣਕ ਦੀ ਖਰੀਦ ਦੀ ਰਸਮੀ ਸ਼ੁਰੂਆਤ ਕਰਵਾਉਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਣਕ ਦੀ ਖਰੀਦ ਲਈ ਪੂਰੇ ਪ੍ਰਬੰਧ ਕੀਤੇ ਹੋਏ ਹਨ। ਸਰਕਾਰ ਸਾਰੀ ਕਣਕ ਦੀ ਖਰੀਦ ਕਰੇਗੀ ਅਤੇ ਕਿਸਾਨਾਂ ਨੂੰ ਅਦਾਇਗੀ ਸਮੇਤ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਜਾਰੀ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਲੋੜੀਂਦੇ ਪ੍ਰਬੰਧ ਵੀ ਕੀਤੇ ਗਏ ਹਨ। ਯਾਦ ਰਹੇ ਬਲਾਕ ਜਗਰਾਉਂ ਅੰਦਰ ਐਤਕੀਂ 32500 ਹੈਕਟੇਅਰ ਕਣਕ ਦੀ ਕਾਸ਼ਤ ਹੋਈ ਹੈ। ਮੌਸਮ ’ਚ ਕੁਝ ਠੰਢਕ ਹੋਣ ਕਰਕੇ ਵਾਢੀ ਦਾ ਕੰਮ ਕੁਝ ਪੱਛੜਿਆ ਹੈ ਪਰ ਅਗਲੇ ਦਿਨਾਂ ’ਚ ਵਾਢੀ ’ਚ ਤੇਜ਼ੀ ਦੇ ਨਾਲ ਹੀ ਮੰਡੀ ’ਚ ਕਣਕ ਦੀ ਆਮਦ ਵੀ ਤੇਜ਼ ਹੋ ਜਾਵੇਗੀ।
ਖੰਨਾ (ਜੋਗਿੰਦਰ ਸਿੰਘ ਉਬਰਾਏ): ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ’ਚ ਕਣਕ ਦੀ ਸਰਕਾਰੀ ਖ਼ਰੀਦ ਸੋਮਵਾਰ ਤੋਂ ਸ਼ੁਰੂ ਹੋਵੇਗੀ। ਦੱਸਣਯੋਗ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਆੜ੍ਹਤੀਆਂ ਵੱਲੋਂ ਕਣਕ ਦੀ ਖ਼ਰੀਦ ਦਾ ਬਾਈਕਾਟ ਕੀਤਾ ਹੋਇਆ ਸੀ ਤੇ ਅਨਾਜ ਮੰਡੀ ’ਚ ਮਾਰਕੀਟ ਕਮੇਟੀ ਦਫ਼ਤਰ ਮੂਹਰੇ ਧਰਨਾ ਦਿੱਤਾ ਹੋਇਆ ਸੀ। ਆੜ੍ਹਤੀਆਂ ਦੀ ਹੜਤਾਲ ਹੋਣ ਕਰਕੇ ਅਨਾਜ ਮੰਡੀ ’ਚ ਇੱਕ ਵੀ ਟਰਾਲੀ ਫ਼ਸਲ ਦੀ ਨਹੀਂ ਆਈ, ਜਿਸ ਕਰਕੇ ਸਰਕਾਰ 10 ਅਪਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਵਿਚ ਸਫ਼ਲ ਨਹੀਂ ਹੋ ਸਕੀ। ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਆੜ੍ਹਤੀਆਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ, ਜਿਸ ਕਰਕੇ ਆੜ੍ਹਤੀਆਂ ਨੇ ਹੜਤਾਲ ਖ਼ਤਮ ਕਰ ਦਿੱਤੀ ਹੈ।