ਮੀਂਹ ਤੇ ਝੱਖੜ ਕਾਰਨ ਕਣਕ ਦੀ ਫ਼ਸਲ ਵਿਛੀ

ਮੀਂਹ ਤੇ ਝੱਖੜ ਕਾਰਨ ਕਣਕ ਦੀ ਫ਼ਸਲ ਵਿਛੀ

ਜਗਰਾਉਂ ’ਚ ਝੱਖੜ ਤੇ ਮੀਂਹ ਕਾਰਨ ਵਿਛੀ ਹੋਈ ਕਣਕ ਦੀ ਪੱਕੀ ਫ਼ਸਲ।

ਜਸਬੀਰ ਸ਼ੇਤਰਾ

ਜਗਰਾਉਂ, 7 ਅਪਰੈਲ

ਬੀਤੀ ਰਾਤ ਚੱਲੀ ਤੇਜ਼ ਹਨ੍ਹੇਰੀ, ਝੱਖੜ ਅਤੇ ਪਏ ਮੀਂਹ ਕਾਰਨ ਇਲਾਕੇ ਦੇ ਕਈ ਪਿੰਡਾਂ ’ਚ ਕਣਕ ਦੀ ਪੱਕੀ ਫ਼ਸਲ ਵਿਛ ਗਈ। ਖੇਤੀਬਾੜੀ ਵਿਭਾਗ ਨੇ 5 ਫ਼ੀਸਦ ਤੋਂ ਵਧੇਰੇ ਕਣਕ ਵਿਛਣ ਦੀ ਗੱਲ ਮੰਨੀ ਹੈ। ਅਚਨਚੇਤ ਆਈ ਕੁਦਰਤੀ ਆਫ਼ਤ ਦਾ ਕਣਕ ਦੇ ਝਾੜ ’ਤੇ ਵੀ ਮਾੜਾ ਅਸਰ ਪੈਣ ਦੀ ਸੰਭਾਵਨਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਦੋ ਕਿੱਲੋ ਪ੍ਰਤੀ ਕੁਇੰਟਲ ਤੋਂ ਵਧੇਰੇ ਝਾੜ ਘੱਟ ਨਿਕਲੇਗਾ। ਇਸ ਤਰ੍ਹਾਂ ਪਹਿਲਾਂ ਹੀ ਖੇਤੀ ’ਚ ਮੁਨਾਫ਼ਾ ਘੱਟ ਜਾਣ ਅਤੇ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਕਣਕਾਂ ਪਾਲਣ ਵਾਲਿਆਂ ਨੂੰ ਝਾੜ ਘੱਟ ਹੋਣ ਦਾ ਵਾਧੂ ਨੁਕਸਾਨ ਵੀ ਹੁਣ ਝੱਲਣਾ ਪਵੇਗਾ। ਖੇਤੀਬਾੜੀ ਵਿਭਾਗ ਦਾ ਕਹਿਣਾ ਸੀ ਕਿ ਕੁਇੰਟਲ ਪਿੱਛੇ ਇਕ ਤੋਂ ਡੇਢ ਕਿਲੋ ਝਾੜ ਘੱਟ ਹੋ ਸਕਦਾ ਹੈ। ਇਥੇ ਪਿੰਡ ਅਖਾੜਾ, ਡੱਲਾ, ਭੰਮੀਪੁਰਾ, ਸ਼ੇਰਪੁਰ ਕਲਾਂ, ਨਾਨਕਸਰ ਰੋਡ, ਕਾਉਂਕੇ ਕਲਾਂ ਸਮੇਤ ਹੋਰ ਕਈ ਪਿੰਡਾਂ ’ਚ ਦੇਖਣ ਨੂੰ ਮਿਲਿਆ ਕਿ ਝੱਖੜ ਅਤੇ ਮੀਂਹ ਕਾਰਨ ਕਣਕਾਂ ਵਿਛੀਆਂ ਹੋਈਆਂ ਸਨ। ਜਿਹੜੀ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਸੀ, ਉਸ ਨੂੰ ਕੁਝ ਘੱਟ ਨੁਕਸਾਨ ਹੋਇਆ। ਜਦਕਿ ਹਰੀ ਖੜ੍ਹੀ ਕਣਕ ਦੀ ਫ਼ਸਲ ਵਧੇਰੇ ਨੁਕਸਾਨੀ ਗਈ। ਦੋ ਹਫ਼ਤੇ ਪਹਿਲਾਂ 23 ਮਾਰਚ ਨੂੰ ਵੀ ਇਸੇ ਤਰ੍ਹਾਂ ਤੇਜ਼ ਹਵਾਵਾਂ, ਝੱਖੜ ਅਤੇ ਮੀਂਹ ਆਇਆ ਸੀ ਪਰ ਉਦੋਂ ਕਣਕ ਦੀ ਫ਼ਸਲ ਦਾ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ ਸੀ। ਉਸ ਦੇ ਮੁਕਾਬਲੇ ਐਤਕੀਂ ਦੇ ਝੱਖੜ ਅਤੇ ਮੀਂਹ ਜ਼ਿਆਦਾ ਮਾਰੂ ਨਜ਼ਰ ਆ ਰਿਹਾ ਹੈ। ਇਸ ਵਾਰ ਕਣਕ ਦੀ ਸਰਕਾਰੀ ਖਰੀਦ 10 ਅਪਰੈਲ ਤੋਂ ਸ਼ੁਰੂ ਕਰਨ ਦਾ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੋਇਆ ਹੈ ਪਰ ਤਾਜ਼ਾ ਹਾਲਾਤ ਤੇ ਮੌਸਮ ਕਰਕੇ ਹੁਣ ਲੱਗਦਾ ਹਾੜ੍ਹੀ ਦਾ ਸੀਜ਼ਨ ਕੁਝ ਪੱਛੜ ਜਾਵੇਗਾ। ਝੱਖੜ ਅਤੇ ਮੀਂਹ ਕਰਕੇ ਵਾਢੀ ’ਚ ਦੇਰੀ ਦੀ ਸੰਭਾਵਨਾ ਬਣ ਗਈ ਹੈ। ਕਣਕ ਦੀ ਪੱਕੀ ਫ਼ਸਲ ਜਿਹੜੀ ਵਿੱਛ ਗਈ ਹੈ ਉਸ ਦੀ ਵਾਢੀ ਵੀ ਹੱਥੀਂ ਕਰਵਾਉਣੀ ਪਵੇਗੀ। ਇਸ ਤੋਂ ਇਲਾਵਾ ਕਰੋਨਾ ਮਹਾਮਾਰੀ ਕਰਕੇ ਵੀ ਮੰਡੀਆਂ ’ਚ ਕੁਝ ਸ਼ਰਤਾਂ ਲਾਗੂ ਕਰ ਦਿੱਤੀਆਂ ਗਈਆਂ ਹਨ। ਉਪਰੋਕਤ ਪਿੰਡਾਂ ਦੇ ਕਿਸਾਨਾਂ ਪ੍ਰੀਤਮ ਸਿੰਘ, ਗੁਰਚਰਨਜੀਤ ਸਿੰਘ ਰਾਜੂ, ਬਲਰਾਜ ਸਿੰਘ, ਸੁਖਦੇਵ ਸਿੰਘ ਤੂਰ ਆਦਿ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਕਿਸਾਨਾਂ ਨਾਲ ਧ੍ਰੋਹ ਕਮਾ ਰਹੀ ਹੈ, ਇਕ ਤੋਂ ਬਾਅਦ ਇਕ ਮੋਦੀ ਹਕੂਮਤ ਕਿਸਾਨ ਵਿਰੋਧੀ ਫ਼ੈਸਲੇ ਲੈਣ ’ਤੇ ਉਤਾਰੂ ਹੈ। ਉਪਰੋਂ ਹੁਣ ਕੁਦਰਤ ਦੀ ਕਰੋਪੀ ਕਿਸਾਨਾਂ ਦਾ ਜਿਉਣਾ ਦੁੱਭਰ ਕਰ ਰਹੀ ਹੈ। ਬਲਾਕ ਖੇਤੀਬਾੜੀ ਅਫ਼ਸਰ ਗੁਰਦੀਪ ਸਿੰਘ ਦਾ ਕਹਿਣਾ ਸੀ ਕਿ ਜਗਰਾਉਂ ਬਲਾਕ ਵਿੱਚ 32,500 ਹੈਕਟੇਅਰ ਰਕਬੇ ’ਚ ਕਣਕ ਬੀਜੀ ਗਈ ਹੈ। ਬੀਤੀ ਰਾਤ ਦੇ ਝੱਖੜ ਅਤੇ ਮੀਂਹ ਕਰਕੇ 5 ਫ਼ੀਸਦ ਕਣਕ ਨੂੰ ਨੁਕਸਾਨ ਪੁੱਜਣ ਦੀ ਸੰਭਾਵਨਾ ਹੈ।

ਕਿਸਾਨਾਂ ਨੂੰ ਹੋਲੋਗ੍ਰਾਮ ਵਾਲੀਆਂ ਸਲਿੱਪਾਂ ਹੋਣਗੀਆਂ ਜਾਰੀ

ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਕਰੋਨਾਵਾਇਰਸ ਦੀ ਮਹਾਮਾਰੀ ਦੌਰਾਨ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਕਣਕ ਦੀ ਖਰੀਦ ਨੂੰ ਯਕੀਨੀ ਬਣਾਉਣ ਲਈ ਇੱਕ ਕਦਮ ਹੋਰ ਅੱਗੇ ਵੱਧਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਨੂੰ ਸਲਿੱਪਾਂ ਜਾਰੀ ਕਰੇਗਾ, ਜਿਸ ਵਿੱਚ ਯੂਨੀਕ ਇਡੈਂਟੀਫਿਕੇਸ਼ਨ (ਯੂ.ਆਈ.ਡੀ.) ਨੰਬਰ ਦੇ ਨਾਲ ਹੋਲੋਗ੍ਰਾਮ ਵੀ ਲੱਗਾ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਖਰੀਦ ਕਾਰਜਾਂ ਦੌਰਾਨ ਅਨਾਜ ਮੰਡੀਆਂ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਹੋਰਾਂ ਦੁਆਰਾ ਸਰੀਰਕ ਦੂਰੀ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂ.ਆਈ.ਡੀ. ਨੰਬਰ ਇਹ ਨਿਸ਼ਚਿਤ ਕਰੇਗਾ ਕਿ ਸਿਰਫ ਉਹੀ ਕਿਸਾਨ ਆਪਣੀ ਕਣਕ ਵੇਚਣ ਲਈ ਦਾਣਾ ਮੰਡੀ ਦੇ ਅੰਦਰ ਆ ਸਕੇਗਾ, ਜਿਸ ਨੂੰ ਸਲਿੱਪ ਜਾਰੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਲਿੱਪਾਂ ’ਤੇ ਇੱਕ ਵਿਸ਼ੇਸ਼ ਹੋਲੋਗ੍ਰਾਮ ਹੋਵੇਗਾ ਅਤੇ ਸਿਰਫ ਅਸਲ ਸਲਿੱਪ ਧਾਰਕਾਂ ਨੂੰ ਹੀ ਅਨਾਜ ਮੰਡੀ ਵਿੱਚ ਆਉਣ ਦੀ ਆਗਿਆ ਦਿੱਤੀ ਜਾਵੇਗੀ। ਇਸ ਸੰਕਟ ਦੀ ਘੜੀ ਵਿੱਚ ਕਿਸਾਨਾਂ ਦਾ ਇੱਕ-ਇੱਕ ਦਾਣਾ ਖਰੀਦਣ ਲਈ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ, ਉਨ੍ਹਾਂ ਕਿਹਾ ਕਿ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਹਰ ਹੀਲੇ ਲਾਗੂ ਕੀਤਾ ਜਾਵੇਗਾ। ਡੀਸੀ ਸ਼ਰਮਾ ਨੇ ਦੱਸਿਆ ਕਿ ਖਰੀਦ ਦੌਰਾਨ ਮਾਰਕੀਟ ਕਮੇਟੀਆਂ ਵੱਲੋਂ ਆੜ੍ਹਤੀਆਂ ਨੂੰ ਕੂਪਨ ਜਾਰੀ ਕੀਤੇ ਜਾਣਗੇ, ਜੋ ਬਾਅਦ ਵਿੱਚ ਕਿਸਾਨਾਂ ਨੂੰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਅਨਾਜ ਮੰਡੀ ਵਿੱਚ ਭੀੜ ਤੋਂ ਬਚਣ ਲਈ ਜਗ੍ਹਾ ਦੇ ਆਧਾਰ ’ਤੇ ਹਰ ਦਿਨ ਜਾਂ ਵੱਖ-ਵੱਖ ਦਿਨਾਂ ਵਿੱਚ ਕਈ ਕੂਪਨ ਲੈਣ ਦੀ ਆਗਿਆ ਦਿੱਤੀ ਜਾਵੇਗੀ ਅਤੇ ਇੱਕ ਕੂਪਨ ’ਤੇ ਕਿਸਾਨ ਇੱਕ ਟਰਾਲੀ ਲਿਆਉਣ ਦਾ ਹੀ ਹੱਕਦਾਰ ਹੋਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All