Waterlogging: ਮੀਂਹ ਨੇ ਨਗਰ ਨਿਗਮ ਦੇ ਮੌਨਸੂਨ ਪ੍ਰਬੰਧਾਂ ਦੀ ਪੋਲ ਖੋਲ੍ਹੀ
ਸਮਾਰਟ ਸਿਟੀ ਵਿੱਚ ਕੁਝ ਘੰਟਿਆਂ ਦੇ ਭਰਵੇਂ ਮੀਂਹ ਨੇ ਨਗਰ ਨਿਗਮ ਵੱਲੋਂ ਮੌਨਸੂਨ ਦੀਆਂ ਤਿਆਰੀਆਂ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਸ਼ਹਿਰ ਦੇ ਕਈ ਮੁੱਖ ਅਤੇ ਅੰਦਰੂਨੀ ਇਲਾਕਿਆਂ ਵਿੱਚ ਮੀਂਹ ਕਾਰਨ ਪਾਣੀ ਭਰ ਗਿਆ। ਇਸ ਕਾਰਨ...
ਸਮਾਰਟ ਸਿਟੀ ਵਿੱਚ ਕੁਝ ਘੰਟਿਆਂ ਦੇ ਭਰਵੇਂ ਮੀਂਹ ਨੇ ਨਗਰ ਨਿਗਮ ਵੱਲੋਂ ਮੌਨਸੂਨ ਦੀਆਂ ਤਿਆਰੀਆਂ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਸ਼ਹਿਰ ਦੇ ਕਈ ਮੁੱਖ ਅਤੇ ਅੰਦਰੂਨੀ ਇਲਾਕਿਆਂ ਵਿੱਚ ਮੀਂਹ ਕਾਰਨ ਪਾਣੀ ਭਰ ਗਿਆ। ਇਸ ਕਾਰਨ ਰਾਹਗੀਰਾਂ ਅਤੇ ਸਥਾਨਕ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਵਿੱਚ ਸਵੇਰੇ 9 ਵਜੇ ਦੇ ਕਰੀਬ ਮੀਂਹ ਪੈਣਾ ਸ਼ੁਰੂ ਹੋਇਆ ਜੋ ਸਾਢੇ 11 ਵਜੇ ਤੱਕ ਪੈਂਦਾ ਰਿਹਾ।
ਮੀਂਹ ਕਾਰਨ ਸ਼ਹਿਰ ਦੇ ਸ਼ੇਰਪੁਰ ਚੌਕ, ਹੈਬੋਵਾਲ, ਜੱਸੀਆਂ ਰੋਡ, ਭਾਰਤ ਨਗਰ ਚੌਕ, ਫ਼ਿਰੋਜ਼ਪੁਰ ਰੋਡ ਗੁਰਦੇਵ ਨਗਰ, ਫੀਲਡ ਗੰਜ, ਭਾਮੀਆਂ ਖੁਰਦ, ਢੰਡਾਰੀ, ਚੰਡੀਗੜ੍ਹ ਰੋਡ, ਜਮਾਲਪੁਰ ਅਤੇ ਫੋਕਲ ਪੁਆਇੰਟ ਸਣੇ ਕਈ ਖੇਤਰਾਂ ਦੀਆਂ ਸੜਕਾਂ ’ਤੇ ਪਾਣੀ ਭਰ ਗਿਆ। ਕੁਝ ਇਲਾਕਿਆਂ ’ਚ ਤਾਂ ਪਾਣੀ ਨਿਕਲਣ ਨੂੰ ਕਈ ਕਈ ਘੰਟੇ ਲੱਗ ਗਏ।
ਸਥਾਨਕ ਲੋਕਾਂ ਨੇ ਨਿਗਮ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਦੋਸ਼ ਲਗਾਇਆ ਕਿ ਮੌਨਸੂਨ ਤੋਂ ਪਹਿਲਾਂ ਸੜਕਾਂ ਦੀ ਮੁਰੰਮਤ ਅਤੇ ਬਹਾਲੀ ਦੇ ਵੱਡੇ ਦਾਅਵੇ ਕੀਤੇ ਗਏ ਸਨ, ਪਰ ਹਕੀਕਤ ’ਚ ਅੱਜ ਵੀ ਅੱਧਾ ਸ਼ਹਿਰ ਪੁੱਟਿਆ ਪਿਆ ਹੈ। ਵਿਰੋਧੀ ਆਗੂਆਂ ਨੇ ਵੀ ਪ੍ਰਾਜੈਕਟਾਂ ਦੇ ਚੱਲ ਰਹੇ ਸੁਸਤ ਰਫ਼ਤਾਰ ਕੰਮ ’ਤੇ ਸਵਾਲ ਚੁੱਕੇ ਹਨ।
ਪੁੱਟੀਆਂ ਸੜਕਾਂ ਮੁਸੀਬਤ ਬਣੀਆਂ
ਇੱਥੇ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਚੱਲ ਰਹੇ 24 ਘੰਟੇ ਜਲ ਸਪਲਾਈ ਪ੍ਰਾਜੈਕਟ ਤਹਿਤ ਪਾਈਪਲਾਈਨ ਵਿਛਾਉਣ ਲਈ ਕੰਮ ਚੱਲ ਰਿਹਾ ਹੈ। ਮੀਂਹ ਕਾਰਨ ਸੜਕਾਂ ’ਤੇ ਖਿੱਲਰੀ ਮਿੱਟੀ ਕਾਰਨ ਚਿੱਕੜ ਹੋ ਗਿਆ। ਮਾਡਲ ਟਾਊਨ, ਸਰਾਭਾ ਨਗਰ, ਹੈਬੋਵਾਲ ਅਤੇ ਜੱਸੀਆਂ ਰੋਡ ਸਣੇ ਕਈ ਇਲਾਕਿਆਂ ਵਿੱਚ ਦੋਪਹੀਆ ਵਾਹਨ ਚਾਲਕ ਡਿੱਗ ਗਏ। ਕਈ ਗੱਡੀਆਂ ਚਿੱਕੜ ਵਿੱਚ ਫਸ ਗਈਆਂ।
ਕਈ ਥਾਵਾਂ ’ਤੇ ਟਰੈਫਿਕ ਜਾਮ ਹੋਇਆ
ਮੀਂਹ ਕਾਰਨ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ ਜਿਸ ਕਰ ਕੇ ਕਈ ਸੜਕਾਂ ’ਤੇ ਟਰੈਫਿਕ ਜਾਮ ਵਰਗੇ ਹਾਲਾਤ ਬਣ ਗਏ। ਮੀਂਹ ਦੌਰਾਨ ਸ਼ਹਿਰ ਦੇ ਅੰਦਰੂਨੀ ਸੜਕਾਂ ’ਤੇ ਜ਼ਿਆਦਾ ਜਾਮ ਲੱਗਿਆ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਹੜ੍ਹ ਸੁਰੱਖਿਆ ਉਪਰਾਲੇ ਤੇਜ਼
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਹਰ ਸਬ-ਡਿਵੀਜ਼ਨ ਵਿੱਚ ਚੱਲ ਰਹੇ ਹੜ੍ਹ ਸੁਰੱਖਿਆ ਕਾਰਜਾਂ ਦੀ ਨਿਗਰਾਨੀ ਕਰਨ, ਮੌਕ ਡਰਿੱਲ ਕਰਨ, ਸੀਵਰੇਜ ਟਰੀਟਮੈਂਟ ਪਲਾਂਟਾਂ (ਐੱਸ ਟੀ ਪੀਜ਼) ਦੇ ਕੰਮਕਾਜ ਨੂੰ ਯਕੀਨੀ ਬਣਾਉਣ, ਬੁੱਢਾ ਦਰਿਆ ਦੀ ਸਫ਼ਾਈ ਦੀ ਨਿਗਰਾਨੀ ਕਰਨ ਅਤੇ ਰਾਸ਼ਟਰੀ ਰਾਜਮਾਰਗਾਂ, ਸ਼ਹਿਰ ਅਤੇ ਪੇਂਡੂ ਪੱਟੀ ਦੇ ਨਾਲ-ਨਾਲ ਸੀਵਰੇਜ ਪ੍ਰਣਾਲੀਆਂ ਅਤੇ ਨਾਲੀਆਂ ਦਾ ਨਿਰੀਖਣ ਕਰਨ ਲਈ ਤੁਰੰਤ ਜਵਾਬ ਦੇਣ ਵਾਲੀਆਂ ਟੀਮਾਂ ਬਣਾਉਣ ਦੇ ਹੁਕਮ ਦਿੱਤੇ। ਉਨ੍ਹਾਂ ਸਾਰੇ ਸਬੰਧਤ ਵਿਭਾਗਾਂ ਨੂੰ ਆਗਾਮੀ ਮਾਨਸੂਨ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪਾਲਣਾ ਸਰਟੀਫਿਕੇਟ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ। ਹੜ੍ਹਾਂ ਦੀ ਰੋਕਥਾਮ ਸਬੰਧੀ ਤਿਆਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡੀ ਸੀ ਨੇ ਐਮਰਜੈਂਸੀ ਦੌਰਾਨ ਤੇਜ਼ੀ ਨਾਲ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਵਿਭਾਗਾਂ ਵਿਚਕਾਰ ਨਜ਼ਦੀਕੀ ਤਾਲਮੇਲ ਦੀ ਕਰਨ ਲਈ ਕਿਹਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਤਿਆਰੀ ਦੇ ਯਤਨਾਂ ਵਿੱਚ ਕੋਈ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਨਗਰ ਨਿਗਮ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਐੱਨ ਐੱਚ ਏ ਆਈ ਨੂੰ ਵਾਹਨ ਅੰਡਰਪਾਸਾਂ (ਵੀ ਯੂ ਪੀ) ਅਤੇ ਰੋਡ ਅੰਡਰ ਬ੍ਰਿਜ (ਆਰ ਯੂ ਬੀ) ਦਾ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।

