Water Pollution News: ਮਾਛੀਵਾੜਾ ਨੇੜੇ Sirhind Canal ’ਚ ਕਈ ਕਿਲੋਮੀਟਰ ਤੱਕ ਗੰਦਗੀ ਫੈਲੀ
ਮਾਛੀਵਾੜਾ ਨੇੜਿਓਂ ਵਗਦੀ ਸਰਹਿੰਦ ਨਹਿਰ ਵਿੱਚ ਅੱਜ ਬਾਅਦ ਦੁਪਹਿਰ ਕਈ ਕਿਲੋਮੀਟਰ ਦੂਰ ਤੱਕ ਕੂੜਾ-ਕਰਕਟ ਫੈਲੇ ਹੋਣ ਕਾਰਨ ਸਾਫ਼ ਪਾਣੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਗਿਆ। ਨਹਿਰ ਦਾ ਇਹ ਦ੍ਰਿਸ਼ ਦੇਖ ਕੇ ਆਸ-ਪਾਸ ਦੇ ਲੋਕ ਚਿੰਤਤ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਰਹਿੰਦ ਨਹਿਰ...
ਮਾਛੀਵਾੜਾ ਨੇੜਿਓਂ ਵਗਦੀ ਸਰਹਿੰਦ ਨਹਿਰ ਵਿੱਚ ਅੱਜ ਬਾਅਦ ਦੁਪਹਿਰ ਕਈ ਕਿਲੋਮੀਟਰ ਦੂਰ ਤੱਕ ਕੂੜਾ-ਕਰਕਟ ਫੈਲੇ ਹੋਣ ਕਾਰਨ ਸਾਫ਼ ਪਾਣੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਗਿਆ। ਨਹਿਰ ਦਾ ਇਹ ਦ੍ਰਿਸ਼ ਦੇਖ ਕੇ ਆਸ-ਪਾਸ ਦੇ ਲੋਕ ਚਿੰਤਤ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਹਿੰਦ ਨਹਿਰ ਦਾ ਪਾਣੀ ਭਾਖੜਾ ਡੈਮ ਤੋਂ ਰੋਪੜ ਹੈੱਡਵਰਕਸ ਵਿੱਚ ਆਉਂਦਾ ਹੈ, ਜਿੱਥੋਂ ਇਸ ਦੀ ਵਰਤੋਂ ਫਿਰੋਜ਼ਪੁਰ, ਮੋਗਾ, ਬਠਿੰਡਾ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਸਿੰਚਾਈ ਲਈ ਕੀਤੀ ਜਾਂਦੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਪਾਣੀ ਅੱਜ ਤੱਕ ਕਦੇ ਵੀ ਇੰਨਾ ਪ੍ਰਦੂਸ਼ਿਤ ਦਿਖਾਈ ਨਹੀਂ ਦਿੱਤਾ, ਪਰ ਅੱਜ ਜਦੋਂ ਲੋਕਾਂ ਨੇ ਇਸ ਵਿੱਚ ਕਈ ਕਿਲੋਮੀਟਰ ਤੱਕ ਕੂੜਾ-ਕਰਕਟ, ਜਿਸ ਵਿੱਚ ਫੋਮ ਦੇ ਵੱਡੇ-ਵੱਡੇ ਟੁਕੜੇ ਵੀ ਤੈਰਦੇ ਨਜ਼ਰ ਆਏ, ਤਾਂ ਉਨ੍ਹਾਂ ਦੀ ਚਿੰਤਾ ਵਧਣੀ ਲਾਜ਼ਮੀ ਸੀ।
ਪੱਤਰਕਾਰਾਂ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਸਰਹਿੰਦ ਨਹਿਰ ਦਾ ਪਾਣੀ ਬਿਲਕੁਲ ਪ੍ਰਦੂਸ਼ਿਤ ਹੋ ਚੁੱਕਾ ਸੀ ਅਤੇ ਹਰ ਪਾਸੇ ਸਿਰਫ਼ ਗੰਦਗੀ ਹੀ ਨਜ਼ਰ ਆ ਰਹੀ ਸੀ। ਖੇਤਾਂ ਵਿੱਚ ਸਿੰਚਾਈ ਲਈ ਵਰਤੇ ਜਾਣ ਵਾਲੇ ਇਸ ਸ਼ੁੱਧ ਪਾਣੀ ਨੂੰ ਪ੍ਰਦੂਸ਼ਿਤ ਕਿਸ ਨੇ ਕੀਤਾ ਅਤੇ ਇਸ ਵਿੱਚ ਫੋਮ ਦੇ ਵੱਡੇ ਟੁਕੜੇ ਕਿਸ ਇੰਡਸਟਰੀ ਵਾਲੇ ਨੇ ਸੁੱਟੇ, ਇਹ ਹੁਣ ਗੰਭੀਰ ਜਾਂਚ ਦਾ ਵਿਸ਼ਾ ਬਣ ਗਿਆ ਹੈ। ਲੋਕਾਂ ਨੇ ਸਰਕਾਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਮੰਗ ਕੀਤੀ ਹੈ ਕਿ ਸਰਹਿੰਦ ਨਹਿਰ ਦੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਸ਼ੁੱਧ ਪਾਣੀ ਦੇ ਪ੍ਰਾਜੈਕਟ ਉੱਤੇ ਸਵਾਲ ਉੱਠੇ
ਪੰਜਾਬ ਮੰਡੀ ਬੋਰਡ ਵੱਲੋਂ ਸਰਹਿੰਦ ਨਹਿਰ ਤੋਂ ਮਾਛੀਵਾੜਾ ਤੱਕ ਪਾਈਪਾਂ ਵਿਛਾ ਕੇ ਇਸ ਪਾਣੀ ਨੂੰ ਟਰੀਟਮੈਂਟ ਪਲਾਂਟ ਰਾਹੀਂ ਸ਼ੁੱਧ ਕਰ ਕੇ ਲੋਕਾਂ ਨੂੰ ਪੀਣ ਲਈ ਮੁਹੱਈਆ ਕਰਵਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। 28 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਦਾ ਕੰਮ ਜ਼ੋਰਾਂ ਉੱਤੇ ਚੱਲ ਰਿਹਾ ਹੈ। ਪਰ ਦੂਜੇ ਪਾਸੇ ਸਰਹਿੰਦ ਨਹਿਰ ਵਿੱਚ ਫੈਲੀ ਗੰਦਗੀ ਦੇਖ ਕੇ ਲੋਕਾਂ ਦੇ ਮਨਾਂ ਵਿੱਚ ਖਦਸ਼ੇ ਖੜ੍ਹੇ ਹੋ ਗਏ ਹਨ ਕਿ ਇਹ ਪ੍ਰਦੂਸ਼ਿਤ ਪਾਣੀ ਕਿਵੇਂ ਸ਼ੁੱਧ ਹੋਵੇਗਾ ਅਤੇ ਉਹ ਇਸ ਨੂੰ ਕਿਵੇਂ ਪੀਣਗੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸ਼ੁੱਧ ਪਾਣੀ ਪਿਲਾਉਣਾ ਹੈ ਤਾਂ ਪ੍ਰਦੂਸ਼ਣ ਅਤੇ ਸਿੰਚਾਈ ਵਿਭਾਗ ਨੂੰ ਪਹਿਲਾਂ ਸਰਹਿੰਦ ਨਹਿਰ ਵਿੱਚ ਫੈਲਣ ਵਾਲੀ ਗੰਦਗੀ ਉੱਤੇ ਨੱਥ ਪਾਉਣੀ ਪਵੇਗੀ।

