ਇੱਥੋਂ ਨੇੜਲੇ ਪਿੰਡ ਜੁਲਫ਼ਗੜ੍ਹ ਵਿੱਚ ਦੂੁਸ਼ਿਤ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਈਪਾਂ ਵਿਛਾਈਆਂ ਜਾ ਰਹੀਆਂ ਹਨ ਪਰ ਠੇਕੇਦਾਰ ਦੀ ਜੇ ਸੀ ਬੀ ਮਸ਼ੀਨ ਨੇ ਸ਼ੁੱਧ ਪੀਣ ਵਾਲੇ ਪਾਣੀ ਦੀ ਸਪਲਾਈ ਵਾਲੀਆਂ ਪਾਈਪਾਂ ਤੋੜ ਦਿੱਤੀਆਂ, ਜਿਸ ਕਾਰਨ ਪਿਛਲੇ ਪੰਜ ਦਿਨਾਂ ਤੋਂ ਕਈ ਪਰਿਵਾਰ ਪਾਣੀ ਨੂੰ ਤਰਸ ਰਹੇ ਹਨ।
ਜੁਲਫ਼ਗੜ੍ਹ ਵਾਸੀ ਨਛੱਤਰ ਕੌਰ, ਪਰਮਜੀਤ ਕੌਰ, ਹਰਵਿੰਦਰ ਕੌਰ, ਹਰਪ੍ਰੀਤ ਕੌਰ, ਅੰਜੂ ਬਾਲਾ, ਸ਼ੰਕੁਤਲਾ ਰਾਣੀ, ਰਣਜੀਤ ਕੌਰ, ਰਜਿੰਦਰ ਕੌਰ, ਕਮਲੇਸ਼ ਰਾਣੀ, ਕੁਲਵਿੰਦਰ ਕੌਰ, ਅਵਤਾਰ ਸਿੰਘ, ਜਸਵੀਰ ਸਿੰਘ, ਸਤਪਾਲ ਸਿੰਘ, ਬਲਵੀਰ ਸਿੰਘ, ਗਗਨਦੀਪ ਸਿੰਘ, ਰਮਨਦੀਪ ਸਿੰਘ, ਸੁਰਜੀਤ ਸਿੰਘ, ਨਰਿੰਦਰਜੀਤ ਸਿੰਘ, ਹਰਭਜਨ ਸਿੰਘ, ਮਹਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਮਲਕੀਤ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਪੰਚਾਇਤ ਵਿਭਾਗ ਨੂੰ ਸ਼ਿਕਾਇਤ ਕੀਤੀ ਕਿ ਸੀਵਰੇਜ ਪਾਈਪਾਂ ਪਾਉਣ ਵੇਲੇ ਠੇਕੇਦਾਰ ਨੇ ਕਰੀਬ 20 ਤੋਂ 25 ਘਰਾਂ ਨੂੰ ਜਾਂਦੀ ਸ਼ੁੱਧ ਪਾਣੀ ਦੀ ਸਪਲਾਈ ਵਾਲੀ ਪਾਈਪ ਤੋੜ ਦਿੱਤੀ। ਪਿਛਲੇ ਪੰਜ ਦਿਨਾਂ ਤੋਂ ਪਾਣੀ ਨਹੀਂ ਆ ਰਿਹਾ ਜਿਸ ਕਾਰਨ ਬੱਚੇ ਅਤੇ ਬਜ਼ੁਰਗ ਪੀਣ ਵਾਲੇ ਪਾਣੀ ਤੋਂ ਇਲਾਵਾ ਨਹਾਉਣ ਨੂੰ ਵੀ ਤਰਸੇ ਹੋਏ ਹਨ। ਬੜੀ ਮੁਸ਼ਕਿਲ ਨਾਲ ਖਾਣਾ ਪਕਾਉਣ ਲਈ ਪਾਣੀ ਦਾ ਹੋਰ ਥਾਵਾਂ ਤੋਂ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਚਾਇਤ ਵਿਭਾਗ ਤੋਂ ਮੰਗ ਕੀਤੀ ਕਿ ਸੀਵਰੇਜ ਪਾਈਪਾਂ ਪਾਉਣ ਦਾ ਕੰਮ ਰੋਕ ਕੇ ਪਹਿਲਾਂ ਸ਼ੁੱਧ ਪਾਣੀ ਵਾਲੀ ਸਪਲਾਈ ਠੀਕ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੀ ਵੱਡੀ ਸਮੱਸਿਆ ਹੱਲ ਹੋ ਸਕੇ।
ਪੰਚਾਇਤ ਸਕੱਤਰ ਸੰਜੀਵ ਰਾਣਾ ਨੇ ਕਿਹਾ ਕਿ ਲੋਕਾਂ ਦੀ ਸ਼ਿਕਾਇਤ ਉਨ੍ਹਾਂ ਨੂੰ ਮਿਲ ਚੁੱਕੀ ਹੈ ਅਤੇ ਜਲਦੀ ਉਹ ਠੇਕੇਦਾਰ ਨਾਲ ਰਾਬਤਾ ਕਰ ਕੇ ਪਾਣੀ ਦੀ ਸਪਲਾਈ ਬਹਾਲ ਕਰਵਾਉਣਗੇ।

