Water Crisis Punjab: ਭਾਜਪਾ ਪੰਜਾਬ ਦੇ ਪਾਣੀਆਂ ਦੇ ਸਾਰੇ ਸਮਝੌਤੇ ਰੱਦ ਕਰੇ: ਰਾਜੇਵਾਲ
ਮਾਲਵਾ ਕਾਲਜ ਦੇ ਯੂਥ ਫੈਸਟੀਵਲ ਵਿਚ ਭੰਗੜੇ ਅਤੇ ਗਿੱਧੇ ਨੇ ਧਮਾਲਾਂ ਪਾੲੀਆਂ
ਪ੍ਰਿੰਸੀਪਲ ਡਾ. ਦਿਨੇਸ਼ ਸ਼ਰਮਾ ਦੀ ਅਗਵਾਈ ਅਤੇ ਪ੍ਰਬੰਧਕੀ ਸਕੱਤਰ ਡਾ. ਕੁਲਵਿੰਦਰ ਕੌਰ ਦੀ ਦੇਖ ਰੇਖ ਵਿਚ ਸਥਾਨਕ ਮਾਲਵਾ ਕਾਲਜ ਵਿਚ ਚਾਰ ਰੋਜ਼ਾ ਯੂਥ ਫੈਸਟੀਵਲ ਦੇ ਅੱਜ ਤੀਜੇ ਦਿਨ ਭੰਗੜੇ ਅਤੇ ਗਿੱਧੇ ਨੇ ਧਮਾਲਾਂ ਪਾਈਆਂ। ਇਸ ਦੌਰਾਨ ਲੁਧਿਆਣਾ ਜ਼ੋਨ-2 ਦੇ ਵੱਖ ਵੱਖ ਕਾਲਜਾਂ ਦੀਆਂ 30 ਟੀਮਾਂ ਨੇ ਹਿੱਸਾ ਲਿਆ। ਇਨਾਮ ਵੰਡ ਸਮਾਰੋਹ ਸਮੇਂ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅਸੀਂ ਵਿਗਿਆਨ ਦੇ ਯੁੱਗ ਵਿਚ ਧਰਤੀ, ਪਾਣੀ ਅਤੇ ਵਾਤਾਵਰਨ ਨੂੰ ਦੂਸ਼ਿਤ ਕਰਕੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਾਂ। ਅਜਿਹੇ ਹਾਲਾਤ ਦੇ ਚਲਦਿਆਂ ਸਾਡੀ ਨੌਜਵਾਨੀ ਜੋ ਪਹਿਲਾਂ ਹੀ ਨਸ਼ਿਆਂ ਵੱਲ ਗਲਤਾਨ ਹੈ, ਉਹ ਆਪਣੀ ਸਿਹਤ ਨੂੰ ਕਿਵੇਂ ਸੰਭਾਲੇਗੀ। ਉਨ੍ਹਾਂ ਕਿਹਾ ਕਿ ਬਿਨਾਂ ਤੰਦਰੁਸਤ ਸਰੀਰ ਦੇ ਭੰਗੜੇ ਤੇ ਗਿੱਧੇ ਨਹੀਂ ਪਾਏ ਜਾ ਸਕਦੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪੰਜਾਬ ਦੇ ਵਾਤਾਵਰਨ ਅਤੇ ਪਾਣੀ ਦੀ ਫ਼ਿਕਰ ਹੋਣੀ ਚਾਹੀਦੀ ਹੈ, ਜੇ ਪੰਜਾਬ ਦੀ ਧਰਤੀ ਤੋਂ ਪਾਣੀ ਮੁੱਕ ਗਿਆ ਤਾਂ ਖੇਤੀ ਕਿਵੇਂ ਹੋਵੇਗੀ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਅਤੇ ਕਾਲਜ ਦੇ ਸਰਪ੍ਰਸਤ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਜੇ ਵੋਟਾਂ ਲੈਣਾ ਚਾਹੁੰਦੀ ਹੈ ਤਾਂ ਉਹ ਪੰਜਾਬ ਦੇ ਪਾਣੀਆਂ ਦੇ ਸਾਰੇ ਸਮਝੌਤੇ ਰੱਦ ਕਰ ਕੇ ਉਨ੍ਹਾਂ ਦਾ ਰੀਵਿਊ ਕਰੇ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਕਾਲਜ ਨੂੰ 51 ਹਾਜ਼ਰ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਬਲਬੀਰ ਸਿੰਘ ਰਾਜੇਵਾਲ ਨੇ ਜੇਤੂ ਕਲਾਕਾਰਾਂ ਨੂੰ ਸਾਂਝੇ ਤੌਰ ਤੇ ਇਨਾਮ ਵੰਡੇ। ਇਸ ਮੌਕੇ ਕਾਲਜ ਪ੍ਰਧਾਨ ਆਲਮਦੀਪ ਸਿੰਘ ਮੱਲਮਹਰਾ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਜਸਦੇਵ ਸਿੰਘ ਜੱਸਾ ਬੌਂਦਲੀ, ਵਾਰਿਸ ਪੰਜਾਬ ਦੇ ਆਗੂ ਬਰਜਿੰਦਰ ਸਿੰਘ ਬਬਲੂ ਲੋਪੋਂ ਅਤੇ ਜੋਗਿੰਦਰ ਸਿੰਘ ਸੇਹ ਹਾਜ਼ਰ ਸਨ।

