Akali Dal Waris Punjab ਦੀ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ
ਪਿੰਡ ਵਾਸੀਆਂ ਵੱਲੋਂ ਹੱਥ ਖੜ੍ਹੇ ਕਰ ਕੇ ਹਮਾਇਤ ਦਾ ਐਲਾਨ; ਛਪਾਰ ਮੇਲਾ ਕਾਨਫਰੰਸ ਦੀ ਤਿਆਰੀ ਸਬੰਧੀ ਜ਼ਿੰਮੇਵਾਰੀਆਂ ਸੌਂਪੀਆਂ
ਹਲਕਾ ਜਗਰਾਉਂ ਦੇ ਅਹਿਮ ਪਿੰਡ ਗਾਲਿਬ ਕਲਾਂ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਸੀਨੀਅਰ ਆਗੂ ਹਰਵੀਰ ਸਿੰਘ ਇਆਲੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਭਾਰੀ ਇਕੱਠ ਕਾਰਨ ਰੈਲੀ ਵਿੱਚ ਬਦਲ ਗਈ। ਇਸ ਮੌਕੇ ਪਿੰਡ ਵਾਸੀਆਂ ਅਤੇ ਬਜ਼ੁਰਗਾਂ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਧਾਰਮਿਕ-ਸਮਾਜਿਕ ਮੁੱਦਿਆਂ ’ਤੇ ਖੁੱਲ੍ਹ ਕੇ ਵਿਚਾਰ ਸਾਂਝੇ ਕੀਤੇ। ਆਗੂ ਹਰਵੀਰ ਸਿੰਘ ਇਆਲੀ ਨੇ ਜਥੇਬੰਦੀ ਦੀਆਂ ਲੋਕ ਪੱਖੀ ਨੀਤੀਆਂ ਅਤੇ ਨੌਜਵਾਨੀ ਨੂੰ ਸਹੀ ਸੇਧ ਦੇਣ ਦੇ ਟੀਚਿਆਂ ਬਾਰੇ ਦੱਸਿਆ। ਪਿੰਡ ਵਾਸੀਆਂ ਨੇ ਸਾਫ਼-ਸੁਥਰੀ ਸੋਚ ਦੀ ਸ਼ਲਾਘਾ ਕਰਦਿਆਂ ਹੱਥ ਖੜ੍ਹੇ ਕਰ ਕੇ ਆਗਾਮੀ ਚੋਣਾਂ ਵਿੱਚ ਡਟਵਾਂ ਸਾਥ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸਾਬਕਾ ਸਰਪੰਚ ਹਰਸਿਮਰਨ ਸਿੰਘ, ਸਰਪੰਚ ਰਾਜਿੰਦਰ ਸਿੰਘ ਅਤੇ ਤਰਨਾ ਦਲ ਦੇ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
ਦੂਜੇ ਪਾਸੇ, ਛਪਾਰ ਮੇਲੇ ਦੌਰਾਨ ਹੋਣ ਵਾਲੀ ਕਾਨਫਰੰਸ ਦੀ ਤਿਆਰੀ ਲਈ ਪਾਰਟੀ ਦੇ ਮੁੱਲਾਂਪੁਰ ਦਫ਼ਤਰ ਵਿੱਚ ਵੀ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਪੰਚ ਭਗਵੰਤ ਸਿੰਘ ਰਕਬਾ ਨੇ ਕਿਹਾ ਕਿ ਵਰਕਰਾਂ ਵਿੱਚ ਕਾਨਫਰੰਸ ਸਬੰਧੀ ਭਾਰੀ ਉਤਸ਼ਾਹ ਹੈ ਅਤੇ ਪਿੰਡ ਰਕਬਾ ਤੋਂ ਵੱਡਾ ਜਥਾ ਸ਼ਾਮਲ ਹੋਵੇਗਾ। ਆਗੂਆਂ ਨੇ ਹਲਕੇ ਅੰਦਰ ਘਰ-ਘਰ ਜਾ ਕੇ ਲਾਮਬੰਦੀ ਕਰਨ ਦਾ ਪ੍ਰਣ ਲਿਆ। ਮੀਟਿੰਗ ਵਿੱਚ ਡਾ. ਅਮਰਜੀਤ ਸਿੰਘ, ਹਰਜੀਤ ਸਿੰਘ ਗਰੇਵਾਲ ਅਤੇ ਮਨਦੀਪ ਸਿੰਘ ਹਸਨਪੁਰ ਵੀ ਮੌਜੂਦ ਸਨ।

