Samrala ਵਿੱਚ Heatwave ਦੇ ਬਾਵਜੂਦ Voters ਵਿੱਚ ਜੋਸ਼, 68% Polling
ਸਮਰਾਲਾ ਨਗਰ ਕੌਂਸਲ ਦੀਆਂ ਚੋਣਾਂ ਅੱਜ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਈਆਂ। ਗਰਮੀ ਦੇ ਬਾਵਜੂਦ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਦੇ ਸਿੱਟੇ ਵਜੋਂ ਕੁੱਲ 68 ਫੀਸਦੀ ਮਤਦਾਨ ਦਰਜ ਕੀਤਾ ਗਿਆ। ਸ਼ਹਿਰ ਦੇ ਕੁੱਲ 15 ਵਾਰਡਾਂ...
ਸਮਰਾਲਾ ਨਗਰ ਕੌਂਸਲ ਦੀਆਂ ਚੋਣਾਂ ਅੱਜ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਈਆਂ। ਗਰਮੀ ਦੇ ਬਾਵਜੂਦ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਦੇ ਸਿੱਟੇ ਵਜੋਂ ਕੁੱਲ 68 ਫੀਸਦੀ ਮਤਦਾਨ ਦਰਜ ਕੀਤਾ ਗਿਆ। ਸ਼ਹਿਰ ਦੇ ਕੁੱਲ 15 ਵਾਰਡਾਂ ਵਿੱਚੋਂ 12 ਵਾਰਡਾਂ ਲਈ ਵੋਟਾਂ ਪਾਈਆਂ ਗਈਆਂ। ਵਾਰਡ ਨੰਬਰ 1, 4 ਅਤੇ 12 ਵਿੱਚ ਵਿਰੋਧੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋਣ ਕਾਰਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਜਾ ਚੁੱਕੇ ਹਨ।
ਚੋਣਾਂ ਦੌਰਾਨ ਇੱਕ ਅਹਿਮ ਘਟਨਾਕ੍ਰਮ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਾਰਡ ਨੰਬਰ 2 ਤੋਂ ਪਾਰਟੀ ਦੇ ਉਮੀਦਵਾਰ ਸਤਵੀਰ ਸਿੰਘ ਸੇਖੋਂ ਦੇ ਚੋਣ ਲੜਨ ’ਤੇ ਰੋਕ ਲਾ ਦਿੱਤੀ। ਅਦਾਲਤੀ ਫ਼ੈਸਲੇ ਮਗਰੋਂ ਸੇਖੋਂ ਨੂੰ ਚੋਣ ਪ੍ਰਕਿਰਿਆ ਵਿੱਚੋਂ ਬਾਹਰ ਕਰ ਦਿੱਤਾ ਗਿਆ, ਹਾਲਾਂਕਿ ਇਸ ਵਾਰਡ ਵਿੱਚ ਬਾਕੀ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਰਹੇ ਅਤੇ ਉਨ੍ਹਾਂ ਦਾ ਨਤੀਜਾ ਵੀ ਹੋਰਨਾਂ ਵਾਰਡਾਂ ਵਾਂਗ 29 ਮਈ ਨੂੰ ਐਲਾਨਿਆ ਜਾਵੇਗਾ।
ਮਤਦਾਨ ਕੇਂਦਰਾਂ ’ਤੇ ਸਵੇਰੇ ਤੋਂ ਹੀ ਮਹਿਲਾਵਾਂ, ਨੌਜਵਾਨਾਂ ਅਤੇ ਬਜ਼ੁਰਗਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਜਿਵੇਂ-ਜਿਵੇਂ ਪਾਰਾ ਚੜ੍ਹਦਾ ਗਿਆ, ਵੋਟਰਾਂ ਦੀ ਗਿਣਤੀ ਵੀ ਵਧਦੀ ਗਈ। ਅੰਕੜਿਆਂ ਅਨੁਸਾਰ ਇਨ੍ਹਾਂ 12 ਵਾਰਡਾਂ ਵਿੱਚ ਕੁੱਲ 17,167 ਵੋਟਰ ਸਨ, ਜਿਨ੍ਹਾਂ ਵਿੱਚ 8,792 ਪੁਰਸ਼ ਅਤੇ 8,372 ਮਹਿਲਾ ਵੋਟਰ ਸ਼ਾਮਲ ਹਨ। ਕਈ ਵਾਰਡਾਂ ਵਿੱਚ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਬਹੁਤ ਹੀ ਦਿਲਚਸਪ ਅਤੇ ਤਿਕੋਣਾ ਮੁਕਾਬਲਾ ਦੇਖਣ ਨੂੰ ਮਿਲਿਆ।
ਵੀਲ੍ਹ ਚੇਅਰ ਨਾ ਹੋਣ ਕਾਰਨ ਬਜ਼ੁਰਗ ਅਤੇ ਦਿਵਿਆਂਗ ਵੋਟਰ ਪ੍ਰੇਸ਼ਾਨ ਹੋਏ
ਸਮਰਾਲਾ ਨਗਰ ਕੌਂਸਲ ਦੇ 12 ਵਾਰਡਾਂ ਲਈ ਅੱਜ ਹੋਈ ਮਤਦਾਨ ਪ੍ਰਕਿਰਿਆ ਦੌਰਾਨ ਪ੍ਰਸ਼ਾਸਕੀ ਪ੍ਰਬੰਧਾਂ ਦੀ ਉਸ ਵੇਲੇ ਪੋਲ ਖੁੱਲ੍ਹ ਗਈ, ਜਦੋਂ ਵੱਖ-ਵੱਖ ਪੋਲਿੰਗ ਬੂਥਾਂ ’ਤੇ ਦਿਵਿਆਂਗ ਅਤੇ ਬਜ਼ੁਰਗ ਵੋਟਰਾਂ ਲਈ ਵ੍ਹੀਲ ਚੇਅਰ ਦਾ ਕੋਈ ਪ੍ਰਬੰਧ ਨਜ਼ਰ ਨਹੀਂ ਆਇਆ। ਤੁਰਨ-ਫਿਰਨ ਤੋਂ ਅਸਮਰਥ ਕਈ ਵੋਟਰਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਬੜੀ ਮੁਸ਼ਕਿਲ ਨਾਲ ਚੁੱਕ ਕੇ ਬੂਥਾਂ ਦੇ ਅੰਦਰ ਲਿਜਾਣਾ ਪਿਆ। ਇੱਕ ਵੋਟਰ ਦੇ ਪਰਿਵਾਰ ਨੇ ਰੋਸ ਪ੍ਰਗਟਾਇਆ ਕਿ ਵ੍ਹੀਲ ਚੇਅਰ ਨਾ ਹੋਣ ਕਾਰਨ ਉਨ੍ਹਾਂ ਨੂੰ ਆਪਣੀ ਬਿਰਧ ਮਾਤਾ ਨੂੰ ਚੁੱਕ ਕੇ ਅੰਦਰ ਲਿਜਾਣਾ ਪਿਆ। ਮੌਕੇ ’ਤੇ ਮੌਜੂਦ ਡੀ ਐੱਸ ਪੀ ਸਮਰਾਲਾ ਨੇ ਮੰਨਿਆ ਕਿ ਇਹ ਇੱਕ ਵੱਡੀ ਸਮੱਸਿਆ ਹੈ ਅਤੇ ਉਨ੍ਹਾਂ ਇਸ ਸਬੰਧੀ ਰਿਟਰਨਿੰਗ ਅਫ਼ਸਰ ਨੂੰ ਤੁਰੰਤ ਕਾਰਵਾਈ ਲਈ ਕਿਹਾ ਹੈ। ਦੂਜੇ ਪਾਸੇ ਚੋਣ ਡਿਊਟੀ ਅਧਿਕਾਰੀ ਜੀਵਨ ਜੋਤ ਸਿੰਘ ਨੇ ਦਾਅਵਾ ਕੀਤਾ ਕਿ ਪਾਣੀ ਅਤੇ ਛਾਂ ਵਰਗੇ ਪ੍ਰਬੰਧ ਮੁਕੰਮਲ ਹਨ ਅਤੇ ਵ੍ਹੀਲ ਚੇਅਰਾਂ ਦੀ ਘਾਟ ਬਾਰੇ ਉਹ ਮੁੜ ਪੜਤਾਲ ਕਰਵਾ ਰਹੇ ਹਨ।

