Jagraon Municipal Council ਚੋਣਾਂ ਦੌਰਾਨ ਹਿੰਸਕ ਝੜਪਾਂ
ਕਿਰਚਾਂ ਅਤੇ ਇੱਟਾਂ-ਰੋੜੇ ਚੱਲਣ ਦੇ ਬਾਵਜੂਦ ਤਕਰੀਬਨ 64 ਫ਼ੀਸਦੀ ਵੋਟਾਂ ਪਈਆਂ
ਜਗਰਾਉਂ ਨਗਰ ਕੌਂਸਲ ਦੇ 23 ਵਾਰਡਾਂ ਲਈ ਅੱਜ ਹੋਈਆਂ ਚੋਣਾਂ ਦੌਰਾਨ ਭਾਰੀ ਹਿੰਸਾ ਅਤੇ ਸਿਆਸੀ ਖਿੱਚੋਤਾਣ ਦੇ ਬਾਵਜੂਦ 63.67 ਫੀਸਦ ਮਤਦਾਨ ਦਰਜ ਕੀਤਾ ਗਿਆ। ਸ਼ਹਿਰ ਦੇ ਕੁੱਲ 47,605 ਵੋਟਰਾਂ ਵਿੱਚੋਂ 30,311 ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ। ਅੰਕੜਿਆਂ ਅਨੁਸਾਰ 64.49 ਫੀਸਦ ਮਰਦਾਂ ਅਤੇ 62.79 ਫੀਸਦ ਔਰਤਾਂ ਨੇ ਵੋਟਾਂ ਪਾਈਆਂ। ਹਾਲਾਂਕਿ ਸਰਕਾਰ ਅਤੇ ਚੋਣ ਕਮਿਸ਼ਨ ਵੱਲੋਂ ਨਿਰਪੱਖ ਚੋਣਾਂ ਦੇ ਦਾਅਵੇ ਕੀਤੇ ਗਏ ਸਨ, ਪਰ ਜਗਰਾਉਂ ਵਿੱਚ ਸਥਿਤੀ ਇਸ ਦੇ ਉਲਟ ਨਜ਼ਰ ਆਈ।
ਚੋਣ ਅਮਲ ਦੌਰਾਨ ਉਸ ਸਮੇਂ ਮਾਹੌਲ ਬੇਹੱਦ ਖ਼ਰਾਬ ਹੋ ਗਿਆ ਜਦੋਂ ਕਾਂਗਰਸੀ ਆਗੂ ਤੇ ਪੱਤਰਕਾਰ ਸੁਖਵਿੰਦਰ ਸਿੰਘ ’ਤੇ ਇੱਕ ਵਿਅਕਤੀ ਨੇ ਕਿਰਚ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਹ ਘਟਨਾ ਉਦੋਂ ਵਾਪਰੀ ਜਦੋਂ ਸੁਖਵਿੰਦਰ ਸਿੰਘ ਹਲਕਾ ਵਿਧਾਇਕਾ ਨਾਲ ਹੋਈ ਤਿੱਖੀ ਬਹਿਸਬਾਜ਼ੀ ਮਗਰੋਂ ਸਕੂਲ ਵਿੱਚੋਂ ਬਾਹਰ ਆ ਰਹੇ ਸਨ। ਹਮਲੇ ਦੌਰਾਨ ਸੁਖਵਿੰਦਰ ਸਿੰਘ ਦੀ ਦਸਤਾਰ ਉਤਰ ਗਈ, ਜਦਕਿ ਉਨ੍ਹਾਂ ਦੇ ਸਾਥੀ ਗਗਨਦੀਪ ਸਿੰਘ ਨੇ ਵਾਰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਸ ਦਾ ਹੱਥ ਗੰਭੀਰ ਜ਼ਖ਼ਮੀ ਹੋ ਗਿਆ। ਗਗਨਦੀਪ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੇ ਹੱਥ ’ਤੇ 6 ਟਾਂਕੇ ਲੱਗੇ ਹਨ।
ਇਸੇ ਤਰ੍ਹਾਂ ਗੁਰਦੁਆਰਾ ਮੋਰੀ ਗੇਟ ਨੇੜੇ ਸਿਆਸੀ ਧਿਰਾਂ ਵਿਚਾਲੇ ਇੱਟਾਂ-ਰੋੜੇ ਚੱਲੇ ਅਤੇ ਵਾਰਡ ਨੰਬਰ 8 ਵਿੱਚ ਵੀ ਭਾਰੀ ਹੰਗਾਮਾ ਹੋਇਆ। ਇਸ ਵਿਰੁੱਧ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਸਾਂਝੇ ਤੌਰ ’ਤੇ ਧਰਨਾ ਲਾ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਣੇ ਮਤਦਾਨ ਕੇਂਦਰ ਵਿੱਚ ਵੋਟਿੰਗ ਦੌਰਾਨ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਅਤੇ ਇੱਕ ਪੱਤਰਕਾਰ ਵਿਚਾਲੇ ਤਿੱਖੀ ਬਹਿਸ ਹੋ ਗਈ। ਘਟਨਾ ਉਸ ਵੇਲੇ ਵਾਪਰੀ ਜਦੋਂ ਵਿਧਾਇਕਾ ਆਪਣੇ ਪਤੀ ਪ੍ਰੋ. ਸੁਖਵਿੰਦਰ ਸੁੱਖੀ ਅਤੇ ਸਮਰਥਕਾਂ ਨਾਲ ਬੂਥ ’ਤੇ ਪਹੁੰਚੀ। ਉੱਥੇ ਮੌਜੂਦ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਨੇ ਉਨ੍ਹਾਂ ਦੇ ਵੱਖ-ਵੱਖ ਬੂਥਾਂ ਅੰਦਰ ਘੁੰਮਣ ਉੱਤੇ ਸਖ਼ਤ ਇਤਰਾਜ਼ ਜਤਾਇਆ।
ਵਿਧਾਇਕਾ ਮਾਣੂੰਕੇ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਵੋਟ ਇਸੇ ਬੂਥ ਉੱਤੇ ਹੈ ਅਤੇ ਉਹ ਪਰਿਵਾਰ ਸਮੇਤ ਮਤਦਾਨ ਕਰਨ ਆਈ ਹੈ। ਉਨ੍ਹਾਂ ਉਲਟਾ ਸੁਖਵਿੰਦਰ ਸਿੱਧੂ ਦੀ ਉੱਥੇ ਮੌਜੂਦਗੀ ਉੱਤੇ ਸਵਾਲ ਚੁੱਕੇ। ਸਿੱਧੂ, ਜੋ ਇੱਕ ਟੀਵੀ ਪੱਤਰਕਾਰ ਹੋਣ ਦੇ ਨਾਲ ਕਾਂਗਰਸ ਦੀ ਟਿਕਟ ਦਾ ਦਾਅਵੇਦਾਰ ਵੀ ਹੈ, ਨੇ ਕਿਹਾ ਕਿ ਉਸ ਨੂੰ ਕਾਂਗਰਸੀ ਉਮੀਦਵਾਰਾਂ ਨੇ ਫੋਨ ਕਰ ਕੇ ਸੱਦਿਆ ਸੀ। ਉਸ ਨੇ ਦੋਸ਼ ਲਾਇਆ ਕਿ ਵਿਧਾਇਕਾ ਬੂਥਾਂ ਅੰਦਰ ਜਾ ਕੇ ਵੋਟਿੰਗ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਰਹੀ ਹੈ। ਦੋਵਾਂ ਧਿਰਾਂ ਵਿਚਾਲੇ ਹੋਈ ਤੂੰ-ਤੂੰ, ਮੈਂ-ਮੈਂ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ। ਸਿੱਧੂ ਨੇ ਕਿਹਾ ਕਿ ਚੋਣ ਨਿਯਮਾਂ ਅਨੁਸਾਰ ਕਿਸੇ ਵੀ ਵਿਧਾਇਕ ਨੂੰ ਮਤਦਾਨ ਕੇਂਦਰ ਉੱਤੇ ਲੰਮਾ ਸਮਾਂ ਰੁਕਣ ਦੀ ਇਜਾਜ਼ਤ ਨਹੀਂ ਹੈ। ਮੌਕੇ ਉੱਤੇ ਮੌਜੂਦ ਡੀ ਐੱਸ ਪੀ ਕੁਲਵੰਤ ਸਿੰਘ ਅਤੇ ਹੋਰ ਪੁਲੀਸ ਮੁਲਾਜ਼ਮਾਂ ਨੇ ਬੜੀ ਮੁਸ਼ਕਲ ਨਾਲ ਮਾਹੌਲ ਸ਼ਾਂਤ ਕਰਵਾਇਆ ਅਤੇ ਮਾਹੌਲ ਖ਼ਰਾਬ ਹੁੰਦਾ ਦੇਖ ਕੇ ਵਿਧਾਇਕਾ ਨੂੰ ਕੇਂਦਰ ਤੋਂ ਬਾਹਰ ਭੇਜਿਆ। ਦੂਜੇ ਪਾਸੇ, ਵਿਧਾਇਕਾ ਮਾਣੂੰਕੇ ਨੇ ਦੋਸ਼ ਲਾਇਆ ਕਿ ਸਿੱਧੂ ਪੱਤਰਕਾਰੀ ਦੀ ਆੜ ਵਿੱਚ ਸਿਆਸਤ ਕਰ ਰਹੇ ਹਨ।
ਪੱਤਰਕਾਰ ’ਤੇ ਹਮਲੇ ਮਗਰੋਂ ਕਾਂਗਰਸ ਵੱਲੋਂ ਧਰਨਾ
ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਇੱਥੇ ਅੱਜ ਨਗਰ ਕੌਂਸਲ ਚੋਣਾਂ ਦੌਰਾਨ ਮਾਹੌਲ ਉਸ ਸਮੇਂ ਬੇਹੱਦ ਤਣਾਅਪੂਰਨ ਹੋ ਗਿਆ ਜਦੋਂ ਤਹਿਸੀਲ ਰੋਡ ਸਥਿਤ ਸਕੂਲ ਆਫ ਐਮੀਨੈਂਸ ਦੇ ਬਾਹਰ ਡਿਊਟੀ ਨਿਭਾ ਰਹੇ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਅਤੇ ਕੈਮਰਾਮੈਨ ਗੁਰਵੀਰ ਸਿੰਘ ਵਿਰਕ ’ਤੇ ਕੁਝ ਅਨਸਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਤਹਿਸੀਲ ਰੋਡ ’ਤੇ ਧਰਨਾ ਲਾ ਕੇ ਚੱਕਾ ਜਾਮ ਕਰ ਦਿੱਤਾ। ਜ਼ਖ਼ਮੀ ਪੱਤਰਕਾਰਾਂ ਦੀ ਹਮਾਇਤ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਅਤੇ ਕਰਨਜੀਤ ਸਿੰਘ ਸੋਨੀ ਗਾਲਿਬ ਸਮੇਤ ਕਈ ਸੀਨੀਅਰ ਆਗੂ ਮੌਕੇ ’ਤੇ ਪਹੁੰਚ ਗਏ।
ਧਰਨਾਕਾਰੀ ਆਗੂਆਂ ਨੇ ਪੁਲੀਸ ਨੂੰ ਹਮਲਾਵਰਾਂ ਦੀ ਸੀ ਸੀ ਟੀ ਵੀ ਫੁਟੇਜ ਸੌਂਪਦਿਆਂ ਉਨ੍ਹਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ। ਸਾਬਕਾ ਮੰਤਰੀ ਆਸ਼ੂ ਅਤੇ ਹੋਰਨਾਂ ਆਗੂਆਂ ਨੇ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਆਪਣੀ ਹਾਰ ਦੇਖ ਕੇ ਬੁਖਲਾਹਟ ਵਿੱਚ ਹੈ ਅਤੇ ਪੁਲੀਸ ਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਚੋਣਾਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਰਾਏਕੋਟ ਰੋਡ ’ਤੇ ਵੀ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਵਾਰਡ ਨੰਬਰ ਪੰਜ ਵਿੱਚ ਵੋਟਾਂ ਪੈਣ ਦਾ ਸਮਾਂ ਖ਼ਤਮ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਪੋਲਿੰਗ ਕੇਂਦਰ ਦਾ ਗੇਟ ਬੰਦ ਕਰ ਦਿੱਤਾ ਗਿਆ। ਇਸ ਕਾਰਵਾਈ ਵਿਰੁੱਧ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਇਕਜੁੱਟ ਹੋ ਕੇ ਸੜਕ ’ਤੇ ਧਰਨੇ ’ਤੇ ਬੈਠ ਗਏ। ਸਾਬਕਾ ਵਿਧਾਇਕ ਐੱਸ ਆਰ ਕਲੇਰ, ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਅਤੇ ਪ੍ਰਸ਼ੋਤਮ ਲਾਲ ਖਲੀਫਾ ਨੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਵੋਟਾਂ ਲੁੱਟਣ ਦੇ ਦੋਸ਼ ਲਾਏ।
ਤੇਲ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਰੋਸ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਸਮਾਜ ਸੇਵੀ ਸੁੱਖ ਜਗਰਾਉਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਰੋਸ ਪ੍ਰਗਟਾਉਣ ਲਈ ਇੱਕ ਨਵਾਂ ਤਰੀਕਾ ਅਪਣਾਇਆ। ਉਹ ਆਪਣੇ ਸਾਈਕਲ ਉੱਤੇ ਤੇਲ ਕੀਮਤਾਂ ਵਿਰੁੱਧ ਤਖਤੀ ਲਗਾ ਕੇ ਵੋਟ ਪਾਉਣ ਪਹੁੰਚਿਆ।
ਮੀਡੀਆ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਅਸਮਾਨ ਛੂਹ ਰਹੀਆਂ ਤੇਲ ਕੀਮਤਾਂ ਤੋਂ ਹਰ ਨਾਗਰਿਕ ਪ੍ਰੇਸ਼ਾਨ ਹੈ। ਲੋਕਾਂ ਨੂੰ ਜਾਗਰੂਕ ਕਰਨ ਲਈ ਉਸ ਨੇ ਇਹ ਕਦਮ ਚੁੱਕਿਆ ਹੈ। ਸੁੱਖ ਜਗਰਾਉਂ ਨੇ ਵਾਰਡ ਨੰਬਰ 11 ਵਿੱਚ ਵੋਟ ਪਾਉਣ ਮਗਰੋਂ ਹੋਰਨਾਂ ਇਲਾਕਿਆਂ ਵਿੱਚ ਵੀ ਚੱਕਰ ਲਾਇਆ। ਉਸ ਨੇ ਲੋਕਾਂ ਨੂੰ ਸਿਹਤਮੰਦ ਰਹਿਣ, ਪੈਸੇ ਬਚਾਉਣ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਰੱਖਣ ਲਈ ਰੋਜ਼ਾਨਾ ਸਾਈਕਲ ਦੀ ਵਰਤੋਂ ਕਰਨ ਦਾ ਸੁਨੇਹਾ ਦਿੱਤਾ।

