ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਸਤੰਬਰ
ਭੀੜ ਭੜੱਕੇ ਵਾਲੇ ਸ਼ਹਿਰ ਲੁਧਿਆਣਾ ਵਿੱਚ ਰੋਜ਼ਾਨਾ ਕੋਈ ਨਾ ਕੋਈ ਚੋਰੀ, ਲੁੱਟ ਅਤੇ ਹੋਰ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਵਾਰਦਾਤਾਂ ਮੌਕੇ ਬਹੁਤੇ ਲੋਕ ਆਪਣੇ ਮੂੰਹ ਰੁਮਾਲ ਜਾਂ ਕੱਪੜੇ ਨਾਲ ਢੱਕ ਕੇ ਰੱਖਦੇ ਹਨ ਜਿਸ ਕਰਕੇ ਪੁਲੀਸ ਨੂੰ ਉਨ੍ਹਾਂ ਦੀ ਪਛਾਣ ਕਰਨੀ ਔਖੀ ਹੋ ਜਾਂਦੀ ਹੈ। ਇਸ ਵਰਤਾਰੇ ਨੂੰ ਰੋਕਣ ਲਈ ਲੰਘੇ ਦਨਿ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਸ਼ਹਿਰ ’ਚ ਮੂੰਹ ਢੱਕ ਕੇ ਵਾਹਨ ਚਲਾਉਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਸਨ ਜਨਿ੍ਹਾਂ ਦੀ ਸ਼ਹਿਰ ਵਿੱਚ ਸ਼ਰ੍ਹੇਆਮ ਅਣਦੇਖੀ ਹੁੰਦੀ ਰਹੀ। ਅੱਜ ਵੀ ਲੋਕ ਪਹਿਲਾਂ ਦੀ ਤਰ੍ਹਾਂ ਆਪਣੇ ਮੂੰਹ ’ਤੇ ਕੱਪੜਾ ਬੰਨ੍ਹ ਕੇ ਆਮ ਘੁੰਮਦੇ ਦੇਖੇ ਗਏ।
ਕੋਵਿਡ ਦੌਰਾਨ ਅਤੇ ਬਾਅਦ ਵਿੱਚ ਪ੍ਰਦੂਸ਼ਣ ਤੋਂ ਬਚਣ ਲਈ ਕਈ ਲੋਕ ਆਪਣੇ ਮੂੰਹ ਕੱਪੜੇ ਨਾਲ ਢੱਕਦੇ ਆ ਰਹੇ ਹਨ। ਉਸ ਸਮੇਂ ਮੂੰਹ ’ਤੇ ਕੱਪੜਾ ਨਾ ਬੰਨ੍ਹਣ ਵਾਲੇ ਦਾ ਚਲਾਨ ਤੱਕ ਕੀਤਾ ਜਾਂਦਾ ਸੀ ਪਰ ਹੁਣ ਕੋਵਿਡ ਦੇ ਖਤਮ ਹੋਣ ਤੋਂ ਬਾਅਦ ਪ੍ਰਸਾਸ਼ਨ ਨੇ ਮੂੰਹ ’ਤੇ ਕੱਪੜਾ ਬੰਨ੍ਹ ਕੇ ਵਾਹਨ ਚਲਾਉਣ ’ਤੇ ਪਾਬੰਦੀ ਲਗਾ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਜਾਰੀ ਕੀਤੇ ਹੁਕਮ ’ਚ ਤਰਕ ਦਿੱਤਾ ਸੀ ਕਿ ਕਈ ਲੋਕ ਮੂੰਹ ਢੱਕ ਕੇ ਚੋਰੀਆਂ, ਲੁੱਟਾਂ ਅਤੇ ਹੋਰ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਮੂੰਹ ਢਕਿਆ ਹੋਣ ਕਰਕੇ ਕਈ ਵਾਰ ਮੁਲਜ਼ਮ ਦੀ ਪਛਾਣ ਮੁਸ਼ਕਲ ਹੋ ਜਾਂਦੀ ਹੈ। ਪਰ ਅੱਜ ਲੁਧਿਆਣਾ ਦੀ ਹਰ ਸੜਕ ਜਾਂ ਬਾਜ਼ਾਰ ਵਿੱਚ ਉਕਤ ਹੁਕਮ ਦੀ ਪੂਰੀ ਤਰ੍ਹਾਂ ਉਲੰਘਣਾ ਹੁੰਦੀ ਦੇਖੀ ਗਈ। ਲੋਕ ਪਹਿਲਾਂ ਦੀ ਤਰ੍ਹਾਂ ਆਪਣੇ ਮੂੰਹ ਕੱਪੜੇ ਨਾਲ ਢੱਕ ਕੇ ਵਾਹਨ ਚਲਾਉਂਦੇ ਦੇਖੇ ਗਏ। ਇੱਥੋਂ ਤੱਕ ਕਿ ਸੜਕਾਂ ’ਤੇ ਫੜੀਆਂ ਲਗਾ ਕੇ ਖੜ੍ਹੇ ਲੋਕਾਂ ਨੇ ਵੀ ਆਪੋ ਆਪਣੇ ਮੂੰਹ ਕੱਪੜੇ ਆਦਿ ਨਾਲ ਢਕੇ ਹੋਏ ਸਨ। ਜਦੋਂ ਇਨ੍ਹਾਂ ਵਿੱਚੋਂ ਕਈਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮਿੱਟੀ ਬਹੁਤ ਜ਼ਿਆਦਾ ਉਡਦੀ ਹੈ ਜਿਸ ਕਰਕੇ ਉਹ ਦਮਾ, ਗਲਾ ਖਰਾਬ ਅਤੇ ਹੋਰ ਅਜਿਹੀਆਂ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਮੂੰਹ ਢਕਣ ਕਾਰਨ ਭਾਵੇਂ ਘੁਟਣ ਮਹਿਸੂਸ ਹੁੰਦੀ ਹੈ ਪਰ ਧੂੜ ਗਲੇ ਅੰਦਰ ਜਾਣ ਤੋਂ ਬਚਾਅ ਰਹਿੰਦਾ ਹੈ।
ਹੁਕਮਾਂ ਦੀ ਕਾਪੀ ਨਹੀਂ ਮਿਲੀ: ਏਸੀਪੀ ਲਾਂਬਾ
ਏਸੀਪੀ ਟ੍ਰੈਫਿਕ-1 ਚਰਨਜੀਵ ਲਾਂਬਾ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲੇ ਤੱਕ ਅਜਿਹੇ ਹੁਕਮ ਦੀ ਕੋਈ ਕਾਪੀ ਨਹੀਂ ਮਿਲੀ। ਜੇਕਰ ਅਜਿਹਾ ਹੁਕਮ ਉਨ੍ਹਾਂ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਉਸ ਨੂੰ ਇੰਨਬਿੰਨ ਲਾਗੂ ਕੀਤਾ ਜਾਵੇਗਾ। ਉਲੰਘਣਾ ਕਰਨ ਵਾਲਿਆਂ ’ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।