ਦੇਵਿੰਦਰ ਜੱਗੀ
ਪਾਇਲ, 15 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦੋਰਾਹਾ ਦੀ ਮੀਟਿੰਗ ਪ੍ਰਧਾਨ ਹਾਕਮ ਸਿੰਘ ਜਰਗੜੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਨਿੰਮਸਰ ਸਾਹਿਬ ਘੁਡਾਣੀ ਕਲਾਂ ਵਿਖੇ ਹੋਈ, ਜਿਸ ਵਿੱਚ 22 ਸਤੰਬਰ ਦੇ ਧਰਨੇ ਨੂੰ ਸਫਲ ਬਣਾਉਣ ਦੀਆਂ ਵਿਚਾਰਾਂ ਹੋਈਆਂ। ਮੀਟਿੰਗ ਦੌਰਾਨ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਜਸਵੀਰ ਸਿੰਘ ਅਸ਼ਗਰੀਪੁਰ ਨੇ ਦੱਸਿਆ ਕਿ ਨਸ਼ਿਆਂ ਦੇ ਖਿਲਾਫ਼ ਹੁਣ ਅਗਲੇ ਪੜਾਅ ਲਈ ‘ਪਿੰਡ ਜਗਾਓ ਪਿੰਡ ਹਿਲਾਓ’ ਮੁਹਿੰਮ ਤਹਿਤ ਪਿੰਡਾਂ ਵਿੱਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ। ਪਿੰਡਾਂ ਵਿੱਚ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਹੋਈਆਂ ਮੌਤਾਂ ਬਾਰੇ ਪੀੜਤ ਪਰਿਵਾਰਾਂ ਨੂੰ ਮਿਲ ਕੇ ਫੋਟੋਆਂ ਪ੍ਰਾਪਤ ਕਰ ਕੇ ਪਿੰਡਾਂ ਵਿੱਚ ਰੋਸ ਮੁਜ਼ਾਹਰੇ ਕੀਤੇ ਜਾਣਗੇ। 10 ਅਕਤੂਬਰ ਨੂੰ ਮੰਤਰੀਆਂ ਤੇ ਵਿਧਾਇਕਾਂ ਨੂੰ ਨਸ਼ਿਆਂ ਨਾਲ ਫੌਤ ਹੋਏ ਨੌਜਵਾਨਾਂ ਦੀਆਂ ਫੋਟੋਆਂ ਲੈ ਕੇ ਉਨ੍ਹਾਂ ਦੇ ਘਰਾਂ ਅੱਗੇ ਧਰਨੇ ਦਿੱਤੇ ਜਾਣਗੇ। ਇਸ ਦੀਆਂ ਤਿਆਰੀਆਂ ਲਈ ਪਿੰਡਾਂ ਵਿੱਚ ਮੁਹਿੰਮਾਂ ਵਿੱਢ ਦਿੱਤੀਆਂ ਗਈਆਂ ਹਨ, ਉਨ੍ਹਾਂ ਦੀ ਰੂਪ-ਰੇਖਾ ਵੀ ਤਿਆਰ ਕੀਤੀ ਜਾ ਰਹੀ ਹੈ। ਮੀਟਿੰਗ ’ਚ ਹਰਜੀਤ ਸਿੰਘ ਘਲੋਟੀ ਤੇ ਯੁਵਰਾਜ ਸਿੰਘ ਘੁਡਾਣੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 22 ਸਤੰਬਰ ਨੂੰ ਹੜ੍ਹਾਂ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਲਈ ਦਿੱਤੇ ਜਾ ਰਹੇ ਧਰਨਿਆਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਣਗੇ। ਮੀਟਿੰਗ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਦਵਿੰਦਰ ਘਲੋਟੀ, ਬਲਵੰਤ ਸਿੰਘ ਘੁਡਾਣੀ, ਜੱਸਾ ਗਿੱਦੜੀ, ਜਾਗਰ ਸਿੰਘ, ਕੁਲਵਿੰਦਰ ਸਿੰਘ ਘਣਗਸ, ਪਵਿੱਤਰ ਸਿੰਘ ਮਕਸੂਦੜਾ, ਜਿੰਦਰ ਸਿੰਘ, ਪਰਗਟ ਸਿੰਘ ਢੀਡਸਾ, ਪਰਮਜੀਤ ਸਿੰਘ ਪੰਮੀ, ਗੁਰਚਰਨ ਸਿੰਘ, ਨਿਰਮਲਸਿੰਘ ਤੇ ਜਰਨੈਲ ਸਿੰਘ ਵੀ ਹਾਜ਼ਰ ਸਨ।