ਪਿੰਡ ਦੀ ਪਛਾਣ ਦਾ ਮਸਲਾ: Aitiana ਪਿੰਡ ਦਾ ਨਕਸ਼ੇ ਤੋਂ ਨਾਮ ਗ਼ਾਇਬ ਹੋਣ ਦਾ ਖ਼ਦਸ਼ਾ
ਵਿਕਾਸ ਲਈ ਭੂਗੋਲਿਕ ਹੋਂਦ ਕੁਰਬਾਨ ਕਰਨ ਵਾਲੇ ਲੋਕ ਹੋਏ ਲਾਮਬੰਦ; ਹਵਾਈ ਅੱਡੇ ਦੇ ਨਾਮ ਵਿੱਚ ਪਿੰਡ ਐਤੀਆਣਾ ਸ਼ਾਮਲ ਕਰਨ ਦੀ ਮੰਗ
ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦੇ ਨਿਰਮਾਣ ਲਈ 161 ਏਕੜ ਕੀਮਤੀ ਜ਼ਮੀਨ ਦੇਣ ਵਾਲੇ ਪਿੰਡ ਐਤੀਆਣਾ ਦੇ ਨਿਵਾਸੀਆਂ ਨੇ ਦੁਨੀਆ ਦੇ ਨਕਸ਼ੇ ਤੋਂ ਆਪਣੇ ਪਿੰਡ ਦਾ ਨਾਮ ਅਤੇ ਭੂਗੋਲਿਕ ਪਛਾਣ ਗ਼ਾਇਬ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ। ਇਸ ਗੰਭੀਰ ਮਸਲੇ ਸਬੰਧੀ ਅੱਜ ਬਾਅਦ ਦੁਪਹਿਰ ਪਿੰਡ ਵਾਸੀਆਂ ਦੇ ਉੱਚ-ਪੱਧਰੀ ਵਫ਼ਦ ਨੇ ਸਾਬਕਾ ਸਰਪੰਚ ਲਖਵੀਰ ਸਿੰਘ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੇ ਯਤਨਾਂ ਸਦਕਾ ਇਹ ਗ਼ੈਰ-ਰਸਮੀ ਮੁਲਾਕਾਤ ਹੋਈ।
ਇਸ ਦੌਰਾਨ ਸਾਬਕਾ ਸਰਪੰਚ ਲਖਵੀਰ ਸਿੰਘ, ਗੁਰਮੀਤ ਸਿੰਘ ਗਿੱਲ, ਦਲਜੀਤ ਸਿੰਘ ਅਤੇ ਇੰਦਰਜੀਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਸਿਮਰਦੀਪ ਸਿੰਘ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ। ਪਿੰਡ ਵਾਸੀਆਂ ਨੇ ਇਸ ਗੱਲ ’ਤੇ ਡੂੰਘਾ ਰੋਸ ਪ੍ਰਗਟਾਇਆ ਕਿ ਸਿਵਲ ਟਰਮੀਨਲ ਦੀ ਉਸਾਰੀ ਲਈ ਸਾਰੀ ਜ਼ਮੀਨ ਦੇਣ ਦੇ ਬਾਵਜੂਦ ਹਵਾਈ ਅੱਡੇ ਦੇ ਨਾਮ ’ਚੋਂ ਉਨ੍ਹਾਂ ਦੇ ਪਿੰਡ ਦਾ ਨਾਮ ਨਫ਼ੀ ਕੀਤਾ ਜਾ ਰਿਹਾ ਹੈ। ਦਿੱਲੀ ਤੋਂ ਇੱਥੇ ਪਹੁੰਚੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਨਾਲ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਵਿੱਚ ਇੱਕ ਧਾਰਮਿਕ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਹੈਲੀਕਾਪਟਰ ਰਾਹੀਂ ਉਡਾਣ ਭਰਨੀ ਸੀ, ਜਿਸ ਤੋਂ ਠੀਕ ਪਹਿਲਾਂ ਇਹ ਮੀਟਿੰਗ ਹੋਈ।
ਵਫ਼ਦ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪਹਿਲਾਂ ਹੀ ਹਵਾਈ ਅੱਡੇ ਲਈ ਪਿੰਡ ਦੀ ਬਹੁਤ ਵੱਡੀ ਹੱਦ ਗ੍ਰਹਿਣ ਕੀਤੀ ਜਾ ਚੁੱਕੀ ਹੈ। ਜੇ ਭਵਿੱਖ ਵਿੱਚ ਹੋਰ ਜ਼ਮੀਨ ਐਕੁਆਇਰ ਕੀਤੀ ਗਈ ਤਾਂ ਪਿੰਡ ਦੀ ਹੋਂਦ ਹੀ ਖ਼ਤਮ ਹੋ ਜਾਵੇਗੀ। ਉਨ੍ਹਾਂ ਅਪੀਲ ਕੀਤੀ ਕਿ ਰਾਜ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਇਸ ਪਿੰਡ ਦੇ ਇਤਿਹਾਸ ਨੂੰ ਸੁਰੱਖਿਅਤ ਰੱਖਣ ਲਈ ਹਵਾਈ ਅੱਡੇ ਦਾ ਨਾਮ ‘ਸ਼ਹੀਦ ਕਰਤਾਰ ਸਿੰਘ ਸਰਾਭਾ ਕੌਮਾਂਤਰੀ ਹਵਾਈ ਅੱਡਾ ਐਤੀਆਣਾ’ ਰੱਖਿਆ ਜਾਵੇ।
ਇਸ ਤੋਂ ਇਲਾਵਾ ਮੰਗ ਪੱਤਰ ਵਿੱਚ ਪਿੰਡ ਦੇ ਨੌਜਵਾਨਾਂ ਨੂੰ ਹਵਾਈ ਅੱਡੇ ਵਿੱਚ ਰੁਜ਼ਗਾਰ ਲਈ ਪਹਿਲ ਦੇਣ, ਸਥਾਨਕ ਸਰਕਾਰੀ ਹਾਈ ਸਕੂਲ ਨੂੰ ਸੀਨੀਅਰ ਸੈਕੰਡਰੀ ਪੱਧਰ ’ਤੇ ਅਪਗ੍ਰੇਡ ਕਰਨ, ਆਧੁਨਿਕ ਖੇਡ ਮੈਦਾਨ ਬਣਾਉਣ ਅਤੇ ਐੱਨ ਸੀ ਸੀ ਯੂਨਿਟ ਦੀ ਸਥਾਪਨਾ ਦੀ ਮੰਗ ਕੀਤੀ ਗਈ। ਵਫ਼ਦ ਨੇ ਪਿੰਡ ਦੇ ਸਰਵਪੱਖੀ ਵਿਕਾਸ ਕਾਰਜਾਂ ਲਈ 2 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਨ ਅਤੇ ਪ੍ਰਭਾਵਿਤ ਕਿਸਾਨਾਂ ਦੀਆਂ ਖੇਤੀਬਾੜੀ ਮੋਟਰਾਂ ਨੂੰ ਦੂਜੇ ਸਥਾਨਾਂ ’ਤੇ ਤਬਦੀਲ ਕਰਨ ਦਾ ਮੁੱਦਾ ਵੀ ਮੁੱਖ ਮੰਤਰੀ ਸਾਹਮਣੇ ਰੱਖਿਆ। ਸਾਬਕਾ ਸਰਪੰਚ ਅਨੁਸਾਰ ਮੁੱਖ ਮੰਤਰੀ ਨੇ ਸਾਰੀਆਂ ਮੰਗਾਂ ਵਿਚਾਰਨ ਅਤੇ ਹੱਲ ਕਰਨ ਦਾ ਪੂਰਾ ਭਰੋਸਾ ਦਿੱਤਾ ਹੈ। ।

