ਵਿਜੀਲੈਂਸ ਵੱਲੋਂ ਟਰੱਸਟ ਦੇ ਸਾਬਕਾ ਚੇਅਰਮੈਨ ਦੇ ਘਰ ਛਾਪਾ : The Tribune India

ਵਿਜੀਲੈਂਸ ਵੱਲੋਂ ਟਰੱਸਟ ਦੇ ਸਾਬਕਾ ਚੇਅਰਮੈਨ ਦੇ ਘਰ ਛਾਪਾ

ਵਿਜੀਲੈਂਸ ਵੱਲੋਂ ਟਰੱਸਟ ਦੇ ਸਾਬਕਾ ਚੇਅਰਮੈਨ ਦੇ ਘਰ ਛਾਪਾ

ਲੁਧਿਆਣਾ ਵਿੱਚ ਬੁੱਧਵਾਰ ਨੂੰ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਸੁਬਰਾਮਨੀਅਮ ਦੇ ਕੋਠੀ ਵਿੱਚ ਪੜਤਾਲ ਕਰਦੇ ਹੋਏ ਵਿਜੀਲੈਂਸ ਦੇ ਅਧਿਕਾਰੀ। -ਫੋਟੋ: ਪੰਜਾਬੀ ਟ੍ਰਿਬਿਊਨ

ਗਗਨਦੀਪ ਅਰੋੜਾ

ਲੁਧਿਆਣਾ, 7 ਦਸੰਬਰ

ਨਗਰ ਸੁਧਾਰ ਟਰੱਸਟ ਦੇ ਪਲਾਟ ਅਲਾਟਮੈਂਟ ਮਾਮਲੇ ’ਚ ਫਸੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਦੇ ਸਰਾਭਾ ਨਗਰ ਸਥਿਤ ਘਰ ’ਤੇ ਅੱਜ ਵਿਜੀਲੈਂਸ ਦੀ ਟੀਮ ਵੱਲੋਂ ਛਾਪਾ ਮਾਰਿਆ ਗਿਆ। ਮੁਹਾਲੀ ਤੋਂ ਆਈ ਟੀਮ ਨੇ ਲੁਧਿਆਣਾ ਟੀਮ ਨਾਲ ਮਿਲ ਕੇ ਅੱਜ ਸਵੇਰੇ ਸਾਬਕਾ ਚੇਅਰਮੈਨ ਦੇ ਘਰ ਦੋ ਘੰਟਿਆਂ ਤੱਕ ਚੈਕਿੰਗ ਕੀਤੀ। ਇਸ ਦੌਰਾਨ ਸਾਬਕਾ ਚੇਅਰਮੈਨ ਘਰ ਵਿੱਚ ਮੌਜੂਦ ਨਹੀਂ ਸਨ। ਇਸ ਜਾਂਚ ਦੌਰਾਨ ਟੀਮ ਵੱਲੋਂ ਕੁਝ ਦਸਤਾਵੇਜ਼ ਆਪਣੇ ਕਬਜ਼ੇ ਹੇਠ ਲਏ ਗਏ ਹਨ। ਇਸ ਤੋਂ ਬਿਨਾ ਟੀਮ ਵੱਲੋਂ ਸਾਰੇ ਘਰ ਦੀ ਪੈਮਾਇਸ਼ ਕਰਵਾਈ ਤੇ ਕੋਠੀ ਦਾ ਸਰਵੇਖਣ ਵੀ ਕੀਤਾ।

ਸੂਤਰਾਂ ਅਨੁਸਾਰ ਵਿਜੀਲੈਂਸ ਦੀ ਟੀਮ ਸਾਬਕਾ ਚੇਅਰਮੈਨ ਦੀ ਜਾਇਦਾਦ ਨੂੰ ਵੀ ਕੇਸ ਨਾਲ ਜੋੜਨ ਦੀ ਤਿਆਰੀ ਕਰ ਰਹੀ ਹੈ, ਜਿਸ ਤਹਿਤ ਅੱਜ ਸਾਬਕਾ ਚੇਅਰਮੈਨ ਦੇ ਘਰ ਦੀ ਪੈਮਾਇਸ਼ ਕੀਤੀ ਗਈ ਹੈ। ਕੋਠੀ ਦਾ ਮੁੱਲ ਪਵਾ ਕੇ ਪੂਰੀ ਰਿਪੋਰਟ ਉੱਚ ਅਧਿਕਾਰੀਆਂ ਤੇ ਅਦਾਲਤ ਸਾਹਮਣੇ ਪੇਸ਼ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਖ਼ਿਲਾਫ਼ ਵਿਜੀਲੈਂਸ ਈਓ ਵਿੰਗ ’ਚ ਕੇਸ ਦਰਜ ਕੀਤਾ ਗਿਆ ਸੀ, ਜਿਸ ਮਗਰੋਂ ਉਹ ਕਾਫ਼ੀ ਸਮੇਂ ਤੱਕ ਫ਼ਰਾਰ ਰਹੇ। ਜਾਣਕਾਰੀ ਅਨੁਸਾਰ ਵਿਜੀਲੈਂਸ ਦੀ ਟੀਮ ਸਾਬਕਾ ਚੇਅਰਮੈਨ ਦੀ ਗ੍ਰਿਫ਼ਤਾਰੀ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਸਬੂਤ ਇਕੱਠੇ ਕਰ ਰਹੀ ਹੈ।

ਗ਼ੌਰਤਲਬ ਹੈ ਕਿ ਰਮਨ ਬਾਲਾ ਸੁਬਰਾਮਨੀਅਮ ਦੀ ਕੋਠੀ ਪਹਿਲਾਂ ਵੀ ਕਾਫ਼ੀ ਚਰਚਾ ’ਚ ਰਹੀ ਹੈ। ਇਸ ਕੋਠੀ ਨੂੰ ਰਮਨ ਬਾਲਾ ਸੁਬਰਾਮਨੀਅਮ ਨੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦੇ ਅਹੁਦੇ ’ਤੇ ਰਹਿੰਦਿਆਂ ਬਣਵਾਉਣਾ ਸ਼ੁਰੂ ਕੀਤਾ ਸੀ ਤੇ ਕਰੀਬ ਦੋ ਸਾਲ ਲਾ ਕੇ ਇਹ ਕੋਠੀ ਮੁਕੰਮਲ ਤਿਆਰ ਕਰਵਾਈ ਗਈ ਸੀ। ਖ਼ਾਸ ਗੱਲ ਇਹ ਹੈ ਕਿ ਇਸ ਕੋਠੀ ਨਾਲ ਸਥਿਤ ਸਰਕਾਰੀ ਪਾਰਕ ਨੂੰ ਵੀ ਖ਼ਾਸ ਤੌਰ ’ਤੇ ਵਿਸ਼ੇਸ਼ ਗਰਿੱਲਾਂ, ਮਾਰਬਲ ਤੇ ਗੇਟ ਲਾ ਕੇ ਤਿਆਰ ਕਰਵਾਇਆ ਗਿਆ ਹੈ। ਹਾਲਾਂਕਿ ਨਗਰ ਸੁਧਾਰ ਟਰੱਸਟ ਦੇ ਹੋਰ ਕਿਸੇ ਵੀ ਸਰਕਾਰੀ ਪਾਰਕ ਵਿੱਚ ਉਕਤ ਸਾਮਾਨ ਨਹੀਂ ਲਗਾਇਆ ਗਿਆ ਹੈ। ਇਸ ਪਾਰਕ ਵਿੱਚ ਦਾਖ਼ਲ ਹੋਣ ਦਾ ਰਾਹ ਵੀ ਸਾਬਕਾ ਚੇਅਰਮੈਨ ਦੇ ਘਰ ਵਿੱਚੋਂ ਹੀ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਸਰਕਾਰੀ ਖਰਚ ਨਾਲ ਚੌਰਾਹਿਆਂ ਤੇ ਲੈਂਡ ਸਕੇਪਿੰਗ ਕਰਵਾਈ ਗਈ। ਪਾਰਕ ’ਚ ਲੱਗੇ ਖਜੂਰ ਦੇ ਦਰੱਖ਼ਤ ਵੀ ਸਰਕਾਰੀ ਖਰਚੇ ’ਤੇ ਹੀ ਲਗਵਾਏ ਗਏ ਹਨ। ਵਿਜੀਲੈਂਸ ਦੀ ਟੈਕਨੀਕਲ ਟੀਮ ਇਸ ਗੱਲ ਦਾ ਮੁਲਾਂਕਣ ਕਰੇਗੀ ਕਿ ਕੋਠੀ ਬਣਵਾਉਣ ਵੇਲੇ ਕਿੰਨੇ ਥਾਂ ’ਤੇ ਕਿੰਨਾ ਖਰਚਾ ਕੀਤਾ ਗਿਆ ਹੈ ਤੇ ਕਿੰਨੇ ਖਰਚੇ ਦੇ ਬਿੱਲ ਦਿਖਾਏ ਗਏ ਹਨ।

ਘਪਲੇ ਦੇ ਦੋਸ਼ ਹੇਠ ਮਾਰਕਫੈੱਡ ਦਾ ਬਰਾਂਚ ਅਧਿਕਾਰੀ ਗ੍ਰਿਫ਼ਤਾਰ

ਪਟਿਆਲਾ/ਰਾਜਪੁਰਾ (ਸਰਬਜੀਤ ਸਿੰਘ ਭੰਗੂ/ਬਹਾਦਰ ਸਿੰਘ ਮਰਦਾਂਪੁਰ): ਵਿਜੀਲੈਂਸ ਬਿਊਰੋ ਨੇ ਮਾਰਕਫੈੱਡ ਦੇ ਐੱਮਆਰਐੱਮ ਕੰਪਲੈਕਸ ਰਾਜਪੁਰਾ ਵਿੱਚ ਕਣਕ ਦੇ ਭੰਡਾਰ ’ਚ ਕਥਿਤ ਘਪਲੇ ਦੇ ਦੋਸ਼ ਹੇਠ ਸੀਨੀਅਰ ਬਰਾਂਚ ਅਧਿਕਾਰੀ ਰਾਜਬੀਰ ਸਿੰਘ ਬੈਂਸ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਰਾਜਬੀਰ ਬੈਂਸ ਸਮੇਤ ਮਾਰਕਫੈੱਡ ਦੇ ਚਾਰ ਹੋਰ ਮੁਲਾਜ਼ਮਾਂ ਨੇ ਐੱਮਆਰਐੱਮ ਕੰਪਲੈਕਸ ਵਿੱਚ ਭੰਡਾਰ ਕੀਤੀ 6,097 ਕੁਇੰਟਲ ਕਣਕ ਦੀਆਂ 12,194 ਬੋਰੀਆਂ ਦੀ ਕਥਿਤ ਹੇਰਾ-ਫੇਰੀ ਕਰਕੇ ਸਰਕਾਰੀ ਖਜ਼ਾਨੇ ਨੂੰ 1,24,61,658 ਰੁਪਏ ਦਾ ਨੁਕਸਾਨ ਪਹੁੰਚਾਇਆ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਧਾਰਾ 409, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਡੀ, 13(2) ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਪਹਿਲਾਂ ਹੀ ਕੇਸ ਦਰਜ ਕੀਤਾ ਹੋਇਆ ਸੀ। ਮਾਮਲੇ ਦੀ ਜਾਂਚ ਦੌਰਾਨ ਰਾਜਬੀਰ ਬੈਂਸ ਸਮੇਤ ਨਿਗਰਾਨ (ਕਸਟੋਡੀਅਨ) ਫਰੀਦ ਖਾਨ ਅਤੇ ਸੇਲਜ਼ਮੈਨ ਦਲੇਰ ਸਿੰਘ ਜ਼ਿੰਮੇਵਾਰ ਪਾਇਆ ਗਿਆ। ਇਨ੍ਹਾਂ ਤੋਂ ਇਲਾਵਾ ਕੇਸ ਵਿੱਚ ਫੀਲਡ ਅਫ਼ਸਰ ਅਸ਼ਵਨੀ ਕੁਮਾਰ ਨੂੰ ਵੀ ਨਾਮਜ਼ਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਐੱਮਆਰਐੱਮ ਕੰਪਲੈਕਸ ਰਾਜਪੁਰਾ ਵਿੱਚ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮਾਰਕਫੈੱਡ ਦੇ ਗੋਦਾਮਾਂ ਅਤੇ ਢੀਂਡਸਾ ਵਿੱਚ ਖੁੱਲ੍ਹੇ ਪਲਿੰਥ ਦੀ ਅਚਨਚੇਤ ਚੈਕਿੰਗ ਉਪਰੰਤ ਦਰਜ ਕੀਤਾ ਗਿਆ ਹੈ। ਇਸ ਚੈਕਿੰਗ ਦੌਰਾਨ ਪਤਾ ਲੱਗਿਆ ਕਿ ਮਾਰਕਫੈੱਡ ਦੇ ਉਕਤ ਮੁਲਾਜ਼ਮ ਸਾਲ 2013-2014, 2014-2015 ਅਤੇ 2015-2016 ਦੌਰਾਨ 6097 ਕੁਇੰਟਲ ਕਣਕ ਦੀਆਂ 121, 94 ਬੋਰੀਆਂ ਵਿੱਚ ਘਪਲਾ ਕਰਨ ਲਈ ਜ਼ਿੰਮੇਵਾਰ ਪਾਏ ਗਏ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਕਣਕ ਦੇ ਸਟਾਕ ਦੀ ਦੁਰਵਰਤੋਂ ਕਰਕੇ ਸਰਕਾਰੀ ਖਜ਼ਾਨੇ ਨੂੰ 1,24,61,658 ਰੁਪਏ ਦਾ ਖੋਰਾ ਲਾਇਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All