ਵੈਟਰਨਰੀ ’ਵਰਸਿਟੀ ਵੱਲੋਂ ਪਸ਼ੂ ਪਾਲਕਾਂ ਲਈ ਸਿਖਲਾਈ ਕੈਂਪ
ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਜੂਨ
ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਨੇ ਭਾਰਤੀ ਖੇਤੀ ਖੋਜ ਪਰਿਸ਼ਦ ਵੱਲੋਂ ਕਰਵਾਏ ਫਾਰਮਰ ਫਸਟ ਪ੍ਰਾਜੈਕਟ ਅਧੀਨ ਕਿਸਾਨਾਂ ਲਈ ‘ਦੁੱਧ ਦੀ ਗੁਣਵੱਤਾ ਵਧਾਉਣ ਦੀ ਵਿਧੀ ਸਬੰਧੀ ਪ੍ਰਦਰਸ਼ਨੀ ਅਤੇ ਸਿਖਲਾਈ ਕੈਂਪ ਲਾਇਆ।
ਇਸ ਪ੍ਰਾਜੈਕਟ ਅਧੀਨ ਨਵੇਂ ਅਪਣਾਏ ਗਏ ਪਿੰਡ, ਕਿਲਾ ਰਾਏਪੁਰ ਵਿੱਚ ਇਹ ਕੈਂਪ ਲਾਇਆ ਗਿਆ, ਜਿੱਥੇ ਲਾਭਪਾਤਰੀ ਕਿਸਾਨਾਂ ਨੂੰ ਦੁੱਧ ਦੀ ਗੁਣਵੱਤਾ ਵਧਾਉਣ ਦੇ ਸੰਕਲਪ ਨਾਲ ਜਾਣੂ ਕਰਵਾਇਆ ਗਿਆ। ਕਿਸਾਨਾਂ ਨੂੰ ਵੱਖ-ਵੱਖ ਦੁੱਧ ਉਤਪਾਦਾਂ ਅਤੇ ਪੈਕੇਜਿੰਗ ਮਸ਼ੀਨਰੀ ’ਤੇ ਪ੍ਰਦਰਸ਼ਨ ਲਈ ਸਿਖਲਾਈ ਦਿੱਤੀ ਗਈ। ਇਸਦਾ ਸੰਯੋਜਨ ਪ੍ਰਾਜੈਕਟ ਦੇ ਸਹਿ-ਪ੍ਰਿੰਸੀਪਲ ਨਿਰੀਖਕ ਡਾ. ਗੋਪਿਕਾ ਤਲਵਾੜ, ਡਾ. ਰੇਖਾ ਚਾਵਲਾ ਅਤੇ ਡਾ. ਗੁਰਪ੍ਰੀਤ ਕੌਰ ਤੁੱਲਾ ਵੱਲੋਂ ਕੀਤਾ ਗਿਆ ।
ਡਾ. ਰੇਖਾ ਚਾਵਲਾ ਨੇ ਲਾਭਪਾਤਰੀਆਂ ਨੂੰ ਪਨੀਰ ਬਣਾਉਣ ਦੀ ਵਿਗਿਆਨਕ ਵਿਧੀ ਦੀ ਸਿਖਲਾਈ ਦਿੱਤੀ ਅਤੇ ਪ੍ਰਕਿਰਿਆ ਬਾਰੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਨੇ ਕਿਸਾਨਾਂ ਨੂੰ ਸੁਗੰਧਿਤ ਦੁੱਧ, ਖੋਆ, ਮੌਜ਼ੇਰੇਲਾ ਪਨੀਰ, ਘਿਓ ਆਦਿ ਵਰਗੇ ਵੱਖ-ਵੱਖ ਦੁੱਧ ਉਤਪਾਦਾਂ ਬਾਰੇ ਜਾਣੂ ਕਰਵਾਇਆ। ਕਿਸਾਨਾਂ ਨੂੰ ਦੱਸਿਆ ਗਿਆ ਕਿ ਦੁੱਧ ਦੀ ਗੁਣਵੱਤਾ ਵਧਾ ਕੇ ਉਹ ਬਿਹਤਰ ਆਰਥਿਕ ਲਾਭ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਇਨ੍ਹਾਂ ਉਤਪਾਦਾਂ ਦੇ ਵਿਗਿਆਨਕ ਢੰਗ ਨਾਲ ਉਤਪਾਦਨ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ।
ਡਾ. ਗੋਪਿਕਾ ਤਲਵਾੜ ਨੇ ਉਤਪਾਦਾਂ ਦੀ ਪੈਕਿੰਗ ਰਾਹੀਂ ਉਤਪਾਦਾਂ ਦੀ ਮੰਡੀਕਾਰੀ ’ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਸਿਖਿਆਰਥੀਆਂ ਨੂੰ ਕੱਪ-ਸੀਲਰ ਮਸ਼ੀਨ, ਹੈਂਡ-ਸੀਲਰ ਮਸ਼ੀਨ ਤੇ ਪੈਡਲ ਸੀਲਰ ਮਸ਼ੀਨ ਲਈ ਹੱਥੀਂ ਸਿਖਲਾਈ ਦਿੱਤੀ। ਉਨ੍ਹਾਂ ਨੂੰ ਖੀਰ, ਲੱਸੀ, ਵੇਅ ਡਰਿੰਕਸ ਜਾਂ ਸੁਗੰਧਿਤ ਦੁੱਧ ਆਦਿ ਵਰਗੇ ਉਤਪਾਦਾਂ ਨੂੰ ਪੈਕ ਕਰਨ ਲਈ ਇਨ੍ਹਾਂ ਮਸ਼ੀਨਾਂ ਦੀ ਪ੍ਰਕਿਰਿਆ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਪੈਕੇਜਿੰਗ ਨਾ ਸਿਰਫ਼ ਇਸ ਨੂੰ ਗਾਹਕ ਸਨੇਹੀ ਬਣਾਏਗੀ ਬਲਕਿਬਾਜ਼ਾਰ ਵਿੱਚ ਉਤਪਾਦਾਂ ਦੀ ਵਿਕਰੀ ਨੂੰ ਆਸਾਨ ਬਣਾਏਗੀ।