ਲੁਧਿਆਣਾ (ਗੁਰਿੰਦਰ ਸਿੰਘ):
ਮਨੁੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਵੱਖ ਵੱਖ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਵਪਾਰਕ ਜਥੇਬੰਦੀਆਂ ਦੇ ਨਿੱਘੇ ਸਹਿਯੋਗ ਨਾਲ ਅੱਜ ਫਿਰੋਜ਼ਪੁਰ ਰੋਡ ਸਥਿਤ ਗੁਲਮੋਹਰ ਹੋਟਲ ਦੇ ਸਾਹਮਣੇ ਵਿਸ਼ਾਲ ਰੋਸ ਧਰਨਾ ਦੇ ਕੇ ਰੈਲੀ ਕੀਤੀ ਗਈ, ਜਿਸ ਵਿੱਚ ਕਿਸਾਨੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਇਨ੍ਹਾਂ ਕਾਲੇ ਕਾਨੂੰਨਾਂ ਨਾਲ ਜਿਥੇ ਕਿਸਾਨੀ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ ਉਥੇ ਮਜ਼ਦੂਰ, ਛੋਟੇ ਦੁਕਾਨਦਾਰ, ਗਰੀਬ ਵਰਗ ਅਤੇ ਆਮ ਲੋਕ ਵੀ ਇਸ ਦੀ ਲਪੇਟ ਵਿੱਚ ਆਉਣਗੇ। ਦੀਪ ਸਿੱਧੂ ਅਤੇ ਪੰਥਕ ਵਿਦਵਾਨ ਭਾਈ ਹਰਪ੍ਰੀਤ ਸਿੰਘ ਮੱਖੂ ਨੇ ਕਿਹਾ ਕਿ ਹਣ ਦਰਿਆਵਾਂ ਦੇ ਪੱਤਣਾਂ ’ਤੇ ਖੜ੍ਹ ਕੇ ਸੋਚਣ ਦਾ ਵੇਲਾ ਨਹੀਂ ਬਲਕਿ ਕਾਲੇ ਬਿੱਲ ਪਾਸ ਕਰਨ ਵਾਲਿਆਂ ਨੂੰ ਹੂੰਝਣ ਦਾ ਵੇਲਾ ਹੈ। ਇਸ ਤੋਂ ਪਹਿਲਾਂ ਪੰਜਾਬੀ ਲੋਕ ਗਾਇਕ ਬਾਬਾ ਬੇਲੀ, ਬਰਜਿੰਦਰ ਸਿੰਘ ਪਰਵਾਨਾ, ਸੀਨੀਅਰ ਪੱਤਰਕਾਰ ਪੰਕਜ ਸ਼ਾਰਦਾ, ਅਬਦੁਲ ਸ਼ਕੂਰ ਮਾਂਗਟ, ਪਾਸਟਰ ਧਰਮਿੰਦਰ ਬਾਜਵਾ, ਦਰਸ਼ਨ ਸਿੰਘ ਘੋਲੀਆ, ਭਾਈ ਮਨਜੀਤ ਸਿੰਘ ਬੁਟਾਹਰੀ, ਪ੍ਰੀਤ ਸੈਣੀ, ਮੁਹੰਮਦ ਸਿਰਾਜ, ਅੰਮਿ੍ਤਪਾਲ ਸਿੰਘ ਛੰਦੜਾਂ, ਬੀਬੀ ਸਵਿੰਦਰਜੀਤ ਕੌਰ ਤਲੂਜਾ ਅਤੇ ਸੁਖਵਿੰਦਰ ਕੌਰ ਸੁੱਖੀ ਨੇ ਵੀ ਸੰਬੋਧਨ ਕਰਦਿਆਂ ਸਾਰੀਆਂ ਧਿਰਾਂ ਨੂੰ ਇਕਜੁੱਟ ਹੋ ਕੇ ਕਿਸਾਨਾਂ ਦੇ ਹੱਕ ਵਿੱਚ ਡਟਣ ਦਾ ਸੱਦਾ ਦਿੱਤਾ। ਇਸ ਦੌਰਾਨ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਲਾਡੋਵਾਲ ਟੌਲ ਪਲਾਜ਼ਾ ਉਪਰ ਦਿੱਤੇ ਜਾ ਰਹੇ ਧਰਨੇ ਤਹਿਤ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ।