ਪੌਦੇ ਲਾ ਕੇ ਵਣ ਮਹਾਂਉਤਸਵ ਮਨਾਇਆ
ਚਾਰਟਰਡ ਅਕਾਊਂਟੈਂਟ ਕਵਿਤਾਂਸ਼ ਖੰਨਾ ਦੀ ਅਗਵਾਈ ਹੇਠ ਸੈਫਾਇਰ ਇੰਫੋ ਸੋਲਿਊਸ਼ਨਸ ਵੱਲੋਂ ਚਲਾਏ ਜਾ ਰਹੇ ਸੀਐਸਆਰ ਪ੍ਰਾਜੈਕਟ ਸਕਸ਼ਮ ਅਧੀਨ ਘੁਮਾਰ ਮੰਡੀ ਦੇ ਪਿੱਪਲ ਵਾਲਾ ਪਾਰਕ ਵਿੱਚ ਅੱਜ ਪੌਦੇ ਲਾ ਕੇ ਵਣ ਮਹਾਂਉਤਸਵ ਮਨਾਇਆ ਗਿਆ। ਕੰਪਨੀ ਦੇ ਸੰਸਥਾਪਕ ਅਤੇ ਸੀਈਓ ਸੀਏ ਨੇ ਦੱਸਿਆ ਕਿ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਅੱਜ 11 ਤਰ੍ਹਾਂ ਦੇ 100 ਦੇ ਕਰੀਬ ਪੌਦੇ ਲਗਾਏ ਗਏ ਹਨ, ਜਿਨ੍ਹਾਂ ਵਿੱਚ ਰੋਇਲ ਪਾਮ, ਮੋਰ ਪੰਖੀ, ਸ਼ੀਸ਼ਮ, ਹਾਰ ਸ਼ਿੰਗਾਰ, ਕੇਸੀਆ ਮਾਮੀਆ, ਕੇਸੀਆ ਗਲਾਕਾ, ਸੁਖਚੈਨ, ਅਮਲਤਾਸ, ਨਿਮ, ਸੁਹਾਂਨਜਣਾ ਅਤੇ ਗੁਲਮੋਹਰ ਦੇ ਪੌਦੇ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੌਦਿਆਂ ਦੀ ਸਾਂਭ ਸੰਭਾਲ ਵਾਸਤੇ ਕੰਪਨੀ ਵੱਲੋਂ ਇੱਕ ਮਾਲੀ ਵੀ ਉਪਲਬਧ ਕਰਵਾਇਆ ਗਿਆ ਹੈ ਜੋ ਪੌਦਿਆਂ ਦੀ ਦੇਖਭਾਲ ਕਰੇਗਾ ਅਤੇ ਉਹ ਖ਼ੁਦ ਇਸਦੀ ਨਿਗਰਾਨੀ ਕਰਨਗੇ।
ਕੰਪਨੀ ਵੱਲੋਂ ਹਰ ਸਾਲ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਜਾਂਦੀ ਹੈ ਜਿਸਦੇ ਚਲਦਿਆਂ ਹੁਣ ਤੱਕ 300 ਤੋਂ ਵੱਧ ਬੂਟੇ ਲਾਏ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਫਲਦਾਰ ਪੌਦੇ ਵੀ ਸ਼ਾਮਿਲ ਹਨ । ਇਸ ਮੌਕੇ ਸੀੇਏ ਗੌਰਵ ਗੋਇਲ, ਸੀਏ ਸ਼ਾਈਲੇਨ ਸੱਗੜ, ਸੀਏ ਦੀਪਾਂਸ਼ੀ ਖੰਨਾ ਅਤੇ ਆਈਟੀ ਇੰਚਾਰਜ ਭੁਪਿੰਦਰ ਕੁਮਾਰ ਤੋਂ ਇਲਾਵਾ ਕੰਪਨੀ ਦੇ ਸਟਾਫ ਮੈਂਬਰ ਵੀ ਮੌਜੂਦ ਸਨ।