ਸਰਕਾਰੀ ਸਾਇੰਸ ਕਾਲਜ ਵਿੱਚ ਵਣ ਮਹਾਉਤਸਵ ਮਨਾਇਆ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 12 ਜੁਲਾਈ
ਸਥਾਨਕ ਸਰਕਾਰੀ ਸਨਮਤੀ ਸਾਇੰਸ ਤੇ ਖੋਜ ਕਾਲਜ ਵਿੱਚ ਅੱਜ ਵਣ ਮਹਾਉਤਸਵ ਮਨਾਇਆ ਗਿਆ। ਕਾਲਜ ਡਾਇਰੈਕਟਰ ਸੁਮਨ ਲਤਾ ਅਤੇ ਡੀਐੱਫਓ ਰਾਜੇਸ਼ ਕੁਮਾਰ ਗੁਲਾਟੀ ਦੀ ਅਗਵਾਈ ਹੇਠ ਇਹ ਪ੍ਰੋਗਰਾਮ ਹੋਇਆ। ਹਰਿਆਵਲੀ ਮੁਹਿੰਮ ਤਹਿਤ ਕਾਲਜ ਕੈਂਪਸ ਵਿੱਚ ਇਕ ਹਜ਼ਾਰ ਤੋਂ ਵੱਧ ਬੂਟੇ ਲਾਏ ਗਏ, ਜਦਕਿ ਨਾਨਕ ਬਗੀਚੀ ਨੂੰ ਹਰਿਆ ਭਰਿਆ ਬਣਾਉਣ ਲਈ ਪੰਜ ਸੌ ਵੱਖਰੇ ਕਈ ਕਿਸਮ ਦੇ ਫੁੱਲ ਬੂਟੇ ਲਾਏ। ਬੂਟੇ ਲਾਉਣ ਦੀ ਮੁਹਿੰਮ ਵਿੱਚ ਬੋਟਨੀ ਵਿਭਾਗ ਅਤੇ ਐੱਨਐੱਸਐੱਸ ਯੂਨਿਟ ਨਾਲ ਮਿਲ ਕੇ ਜੰਗਲਾਤ ਵਿਭਾਗ ਨੇ ਵੀ ਯੋਗਦਾਨ ਪਾਇਆ।
ਵਿਭਾਗ ਦੇ ਗਾਰਡ ਕੁਲਵਿੰਦਰ ਕੁਮਾਰ ਨੇ ਪੂਰੇ ਸਮਾਰੋਹ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਬੂਟੇ ਲਾਉਣ ਦੇ ਕੰਮ ਦੀ ਦੇਖ ਰੇਖ ਕੀਤੀ। ਵਣ ਵਿਭਾਗ ਨੇ ਬੂਟੇ ਲਾਉਣ 'ਚ ਤਕਨੀਕੀ ਸਹਿਯੋਗ ਪ੍ਰਦਾਨ ਕੀਤਾ। ਵਾਈਸ ਡਾਇਰੈਕਟਰ ਪ੍ਰੋ. ਨਿਧੀ ਮਹਾਜਨ ਨੇ ਸਾਰਿਆਂ ਦਾ ਧੰਨਵਾਦ ਕੀਤਾ। ਡਾਇਰੈਕਟਰ ਸੁਮਨ ਲਤਾ ਨੇ ਸਾਰਿਆਂ ਦੀ ਸਾਂਝੀ ਕੋਸ਼ਿਸ਼ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਵਾਤਾਵਰਨ ਸੁਧਾਰ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ।