ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ (ਆਈ ਡੀ ਪੀਡੀ) ਨੇ ਅਮਰੀਕਾ-ਇਜ਼ਰਾਈਲ ਵੱਲੋਂ ਇਰਾਨ ’ਤੇ ਕੀਤੇ ਹਮਲੇ ਦੀ ਨਿੰਦਾ ਕਰਦਿਆਂ ਇਹ ਜੰਗ ਤੁਰੰਤ ਰੋਕਣ ਦੀ ਮੰਗ ਕੀਤੀ ਹੈ।
ਅੱਜ ਇੱਥੇ ਆਈ ਡੀ ਪੀ ਡੀ ਦੇ ਪ੍ਰਧਾਨ ਡਾ. ਅਰੁਣ ਮਿਤਰਾ ਅਤੇ ਜਨਰਲ ਸਕੱਤਰ ਡਾ. ਸ਼ਕੀਲ-ਉਰ ਰਹਮਾਨ ਨੇ ਕਿਹਾ ਹੈ ਕਿ
ਇਹ ਹਮਲਾ ਪੂਰੀ ਤਰ੍ਹਾਂ ਬਿਨਾਂ ਕਿਸੇ ਉਕਸਾਹਟ ਦੇ ਕੀਤਾ ਗਿਆ ਹੈ ਅਤੇ ਉਸ ਸਮੇਂ ਕੀਤਾ ਗਿਆ ਹੈ ਜਦੋਂ ਅਮਰੀਕਾ ਅਤੇ ਇਰਾਨ, ਇਰਾਨ ਦੇ ਪਰਮਾਣੂ ਪ੍ਰੋਗਰਾਮ ਬਾਰੇ ਇਕ ਸਮਝੌਤੇ ਲਈ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਸੰਕੇਤ ਹੈ ਕਿ ਅਮਰੀਕਾ ਕਦੇ ਵੀ ਇਸ ਗੱਲਬਾਤ ਬਾਰੇ ਗੰਭੀਰ ਨਹੀਂ ਸੀ। ਇਹ ਦੁਨੀਆ ਨੂੰ ਡਰਾਉਣ-ਧਮਕਾਉਣ ਵਰਗਾ ਵੀ ਹੈ, ਜਦਕਿ ਅਮਰੀਕਾ ਲਗਾਤਾਰ ਆਪਣੇ ਪ੍ਰਮਾਣੂ ਹਥਿਆਰ ਪ੍ਰੋਗਰਾਮ ਅਤੇ ਸੰਸਾਰ ਭਰ ਵਿੱਚ ਹਥਿਆਰਾਂ ਦੀ ਦੌੜ ’ਤੇ ਵੱਡੀ ਰਕਮ ਖਰਚ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਵੀ ਧਿਆਨਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਇਜ਼ਰਾਈਲ ਦਾ ਦੌਰਾ ਕੀਤਾ ਸੀ ਅਤੇ ਉਨ੍ਹਾਂ ਦੇ ਵਾਪਸ ਆਉਣ ਦੇ ਤੁਰੰਤ ਬਾਅਦ ਇਹ ਜੰਗ ਸ਼ੁਰੂ ਹੋ ਗਈ। ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਗਾਜ਼ਾ ਉੱਤੇ ਇਜ਼ਰਾਈਲੀ ਹਮਲੇ ਦੀ ਨਿੰਦਾ ਦਾ ਇਕ ਸ਼ਬਦ ਵੀ ਨਹੀਂ ਕਿਹਾ, ਜਿਸ ਵਿੱਚ 70 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਹਨ, ਜਿਨ੍ਹਾਂ ਵਿੱਚ 20 ਹਜ਼ਾਰ ਤੋਂ ਵੱਧ ਬੱਚੇ ਸ਼ਾਮਲ ਹਨ।
ਉਨ੍ਹਾਂ ਸੰਯੁਕਤ ਰਾਸ਼ਟਰ ਸੰਘ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਦਖ਼ਲ ਦੇ ਕੇ ਇਸ ਜੰਗ ਨੂੰ ਰੋਕੇ, ਕਿਉਂਕਿ ਨਹੀਂ ਤਾਂ ਇਸ ਦੇ ਗੰਭੀਰ ਪ੍ਰਭਾਵ ਸਿਰਫ਼ ਮੱਧ ਪੂਰਬ ਹੀ ਨਹੀਂ ਸਗੋਂ ਪੂਰੀ ਦੁਨੀਆ ’ਤੇ ਪੈ ਸਕਦੇ ਹਨ।

