Ludhiana Municipal Corporation F&CC Meeting: ਨਿਗਮ ਦੀ ਵਿੱਤ ਕਮੇਟੀ ਦੀ ਮੀਟਿੰਗ ’ਚ ਹੰਗਾਮਾ
ਮੀਟਿੰਗ ’ਚ 195 ਮਤਿਆਂ ਨੂੰ ਮਨਜ਼ੂਰੀ; ਵਿਰੋਧੀ ਧਿਰ ਨੇ ਸਵਾਲਾਂ ਦੀ ਝਡ਼ੀ ਲਾੲੀ
ਨਗਰ ਨਿਗਮ ਲੁਧਿਆਣਾ ਦੀ ਵਿੱਤ ਤੇ ਠੇਕਾ ਕਮੇਟੀ (ਐੱਫ ਐਂਡ ਸੀ ਸੀ) ਦੀ ਪਿਛਲੇ ਹਫ਼ਤੇ ਦੋ ਮੈਂਬਰਾਂ ਦੀ ਚੋਣ ਤੋਂ ਬਾਅਦ ਹੋਈ ਪਹਿਲੀ ਮੀਟਿੰਗ ਹੰਗਾਮਾ ਭਰਪੂਰ ਰਹੀ। ਇਸ ਮੀਟਿੰਗ ਵਿੱਚ ਸ਼ਹਿਰ ਦੇ ਵਿਕਾਸ ਅਤੇ ਪ੍ਰਸ਼ਾਸਨਿਕ ਕੰਮਾਂ ਨਾਲ ਜੁੜੇ ਕੁੱਲ 195 ਏਜੰਡਿਆਂ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਦੌਰਾਨ 190 ਮਤਿਆਂ ਨੂੰ ਹਰੀ ਝੰਡੀ ਦੇ ਦਿੱਤੀ ਗਈ, ਜਦੋਂਕਿ ਬਾਕੀ ਰਹਿੰਦੇ ਪੰਜ ਏਜੰਡਿਆਂ ਨੂੰ ਅਗਲੀ ਚਰਚਾ ਲਈ ਰੱਖਿਆ ਗਿਆ ਹੈ।
ਮੀਟਿੰਗ ਦੌਰਾਨ ਕਾਂਗਰਸੀ ਕੌਂਸਲਰ ਗੌਰਵ ਭੱਟੀ ਨੇ ਨਗਰ ਨਿਗਮ ਦੇ ਫ਼ੰਡਾਂ ਦੀ ਕਾਰਜਪ੍ਰਣਾਲੀ, ਵਾਰਡਾਂ ਵਿੱਚ ਮੁਲਾਜ਼ਮਾਂ ਦੀ ਵੰਡ ਅਤੇ ਕਈ ਮਤਿਆਂ ਵਿੱਚ ਪਾਰਦਰਸ਼ਤਾ ਦੀ ਘਾਟ ਸਬੰਧੀ ਸਵਾਲ ਖੜ੍ਹੇ ਕੀਤੇ। ਹਾਲ ਹੀ ਵਿੱਚ ਹੋਈਆਂ ਚੋਣਾਂ ਬਾਅਦ ‘ਆਪ’ ਕੌਂਸਲਰ ਯੁਵਰਾਜ ਸਿੱਧੂ ਅਤੇ ਕਾਂਗਰਸੀ ਕੌਂਸਲਰ ਗੌਰਵ ਭੱਟੀ ਦੇ ਕਮੇਟੀ ਵਿੱਚ ਸ਼ਾਮਲ ਹੋਣ ਨਾਲ ਹੁਕਮਰਾਨ ਧਿਰ ਦੇ ਨਾਲ-ਨਾਲ ਵਿਰੋਧੀ ਧਿਰ ਨੂੰ ਵੀ ਨੁਮਾਇੰਦਗੀ ਮਿਲ ਗਈ ਹੈ। ਕੌਂਸਲਰ ਭੱਟੀ ਨੇ ਸਾਫ਼ ਕੀਤਾ ਕਿ ਕਮੇਟੀ ਵਿੱਚ ਉਨ੍ਹਾਂ ਦੀ ਮੌਜੂਦਗੀ ਦਾ ਮਕਸਦ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਰੋਕਣਾ ਅਤੇ ਵਿਕਾਸ ਕਾਰਜਾਂ ਵਿੱਚ ਪਾਰਦਰਸ਼ਤਾ ਲਿਆਉਣਾ ਹੈ।
ਮੀਟਿੰਗ ਦੌਰਾਨ ਸਾਰੇ 95 ਵਾਰਡਾਂ ਲਈ ਇੱਕੋ ਜਿਹੀ ਨੀਤੀ ਅਪਣਾਉਣ ਦੀ ਜ਼ੋਰਦਾਰ ਮੰਗ ਕੀਤੀ ਗਈ। ਕੌਂਸਲਰ ਭੱਟੀ ਨੇ ‘ਆਪ’ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਪੁੱਤਰ ਦੇ ਵਾਰਡ ਵਿੱਚ 25 ਸਫ਼ਾਈ ਕਰਮਚਾਰੀਆਂ ਦੀ ਵਿਸ਼ੇਸ਼ ਤਾਇਨਾਤੀ ਦੇ ਮਤੇ ’ਤੇ ਇਤਰਾਜ਼ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਜੇ ਕਿਸੇ ਖਾਸ ਵਾਰਡ ਵਿੱਚ ਵਾਧੂ ਮੁਲਾਜ਼ਮ ਦੇਣੇ ਹਨ, ਤਾਂ ਪਹਿਲਾਂ ਇਸ ਮਾਮਲੇ ਨੂੰ ਜਨਰਲ ਹਾਊਸ ਅੱਗੇ ਰੱਖਿਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇੱਕ ਸਾਲ ਲਈ ਕ੍ਰਮਵਾਰ 610 ਅਤੇ 340 ਸਫ਼ਾਈ ਕਰਮਚਾਰੀਆਂ ਦੀਆਂ ਸੇਵਾਵਾਂ ਵਧਾਉਣ ਦੇ ਮਤੇ ’ਤੇ ਵੀ ਸਵਾਲ ਚੁੱਕੇ ਗਏ ਅਤੇ ਸਾਰੇ ਕੌਂਸਲਰਾਂ ਨੂੰ ਵਾਰਡ-ਵਾਰ ਸਫ਼ਾਈ ਮੁਲਾਜ਼ਮਾਂ ਦੀ ਅਸਲ ਸੂਚੀ ਦੇਣ ਦੀ ਮੰਗ ਕੀਤੀ ਗਈ। ਕੁੱਤਿਆਂ ਦੀ ਨਸਬੰਦੀ ਅਤੇ ਵੈਕਸੀਨੇਸ਼ਨ ਦੇ 30 ਹਜ਼ਾਰ ਮਾਮਲਿਆਂ ਦੀ ਅਦਾਇਗੀ ਦੇ ਮਤੇ ’ਤੇ ਵੀ ਸਵਾਲ ਖੜ੍ਹੇ ਕੀਤੇ ਗਏ। ਕਾਂਗਰਸੀ ਆਗੂ ਨੇ ਸੁਝਾਅ ਦਿੱਤਾ ਕਿ ਜੇ ਜ਼ਮੀਨੀ ਪੱਧਰ ’ਤੇ ਕੰਮ ਪੂਰਾ ਨਹੀਂ ਹੋਇਆ, ਤਾਂ ਪੂਰੀ ਰਕਮ ਜਾਰੀ ਨਾ ਕੀਤੀ ਜਾਵੇ ਅਤੇ ਹਰੇਕ ਵਾਰਡ ਵਿੱਚ ਸਬੰਧਤ ਕੌਂਸਲਰ ਤੋਂ ਤਸਦੀਕ ਕਰਵਾਉਣ ਤੋਂ ਬਾਅਦ ਹੀ ਫੰਡ ਜਾਰੀ ਕੀਤੇ ਜਾਣ। ਸੈਂਟਰਲ ਹਲਕੇ ਵਿੱਚ 30 ਕਰਮਚਾਰੀਆਂ ਦੀ ਤਾਇਨਾਤੀ ਅਤੇ ਜਨਰਲ ਕੋਟੇ ਦੇ ਕੰਮਾਂ ਦੇ ਤਖ਼ਮੀਨਿਆਂ ਨੂੰ ਲੈ ਕੇ ਵੀ ਕਮੇਟੀ ਵਿੱਚ ਤਿੱਖੀ ਬਹਿਸ ਦੇਖਣ ਨੂੰ ਮਿਲੀ। ਵਿਰੋਧੀ ਧਿਰ ਦੇ ਇਨ੍ਹਾਂ ਤਿੱਖੇ ਤੇਵਰਾਂ ਤੋਂ ਸਾਫ਼ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਨਿਗਮ ਦੀ ਸਿਆਸਤ ਕਾਫ਼ੀ ਗਰਮਾਉਣ ਵਾਲੀ ਹੈ।

