ਹਰ ਰੋਜ਼ ਖੰਡ, ਪਿਆਜ਼, ਸਬਜ਼ੀਆਂ ਅਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਨੂੰ ਦੇਖਦਿਆਂ ਸਾਬਕਾ ਭਾਜਪਾ ਆਗੂ ਅਤੇ ਸਾਬਕਾ ਕੌਂਸਲਰ ਪਰਮਿੰਦਰ ਮਹਿਤਾ ਵੱਲੋਂ ਮਹਿੰਗਾਈ ਖ਼ਿਲਾਫ਼ ਨਿਵੇਕਲਾ ਪ੍ਰਦਰਸ਼ਨ ਕੀਤਾ ਗਿਆ ਹੈ।
ਸੀਨੀਅਰ ਆਗੂ ਪਰਮਿੰਦਰ ਮਹਿਤਾ ਵੱਲੋਂ ਅੱਜ ਛਾਉਣੀ ਮੁਹੱਲੇ ਵਿੱਚ ਰੱਖੜੀ ਮੌਕੇ ਕਰਵਾਏ ਗਏ ਇਸ ਪ੍ਰਦਰਸ਼ਨ ਦੌਰਾਨ ਉਨ੍ਹਾਂ ਮਾਤ ਸ਼ਕਤੀ ਨੂੰ ਮਹਿੰਗੀ ਖੰਡ, ਪਿਆਜ਼ ਅਤੇ ਸਬਜ਼ੀਆਂ ਦੇ ਤੋਹਫ਼ੇ ਦੇ ਪੈਕੇਟ ਵੰਡ ਕੇ ਸਰਕਾਰ ਦਾ ਧਿਆਨ ਵਧਦੀਆਂ ਕੀਮਤਾਂ ਵੱਲ ਦਿਵਾਇਆ।
ਸ੍ਰੀ ਮਹਿਤਾ ਨੇ ਕਿਹਾ ਕਿ ਤਿਉਹਾਰਾਂ ਦੌਰਾਨ ਆਮ ਪਰਿਵਾਰਾਂ ਨੂੰ ਮਹਿੰਗਾਈ ਦਾ ਵਾਧੂ ਬੋਝ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਰੋਜ਼ਮਰ੍ਹਾ ਦੀਆਂ ਜ਼ਰੂਰੀ ਵਸਤਾਂ ਖੰਡ, ਗੁੜ, ਸਰ੍ਹੋਂ ਦਾ ਤੇਲ ਆਦਿ ਦੇ ਨਾਲ-ਨਾਲ ਪਿਆਜ਼, ਖੀਰਾ, ਟਮਾਟਰ ਆਦਿ ਦੀਆਂ ਸਬਜ਼ੀਆਂ ਦੇ ਭਾਅ ਵਧਣ ਕਾਰਨ ਘਰੇਲੂ ਬਜਟ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਲੋਕ ਰੱਖੜੀ ਦੇ ਤਿਉਹਾਰ ਨੂੰ ਮਨਾਉਣਾ ਚਾਹੁੰਦੇ ਹਨ, ਉੱਥੇ ਹੀ ਮਹਿੰਗੀਆਂ ਖਾਣ-ਪੀਣ ਵਾਲੀਆਂ ਵਸਤੂਆਂ ਆਮ ਲੋਕਾਂ ਦੀਆਂ ਮੁਸ਼ਕਲਾਂ ਵਧਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਹਿੰਗਾਈ ਨੂੰ ਗੰਭੀਰਤਾ ਨਾਲ ਲੈਂਦਿਆਂ ਆਮ ਲੋਕਾਂ ਨੂੰ ਰਾਹਤ ਦੇਣ ਲਈ ਠੋਸ ਕਦਮ ਚੁੱਕੇ।
ਇਸ ਮੌਕੇ ਰਵਿੰਦਰ ਸਿਆਣ, ਸਰਬਜੀਤ ਸਿੰਘ ਬੰਟੀ, ਤੀਕਸ਼ਣ ਮਹਿਤਾ, ਟਿੰਕੂ ਪੁਜਾਰਾ, ਅਸ਼ੋਕ ਕੁਮਾਰ, ਪਵਨ ਸ਼ਰਮਾ, ਅਸ਼ੋਕ ਸਚਦੇਵਾ ਅਤੇ ਸਤਨਾਮ ਕੌਰ ਹਾਜ਼ਰ ਸਨ।

