Road Accidents Near Khanna: ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ
ਉੱਤਰ ਪ੍ਰਦੇਸ਼ ਦੇ ਮੁਰਾਦਪੁਰਾ ਤੋਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲੲੀ ਜਾ ਰਿਹਾ ਸੀ ਪਰਿਵਾਰ
ਇੱਥੇ ਸ਼ੁੱਕਰਵਾਰ ਅੱਧੀ ਰਾਤ ਨੂੰ ਮੁੱਖ ਮਾਰਗ ’ਤੇ ਹੋਏ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਇਕ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਮੁਰਾਦਪੁਰਾ ਤੋਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਦੋ ਪਰਿਵਾਰਾਂ ਦਾ ਕਾਫ਼ਲਾ ਤਿੰਨ ਕਾਰਾਂ ਵਿਚ ਰਵਾਨਾ ਹੋਇਆ ਸੀ। ਜਦ ਇਹ ਕਾਰਾਂ ਖੰਨਾ ਜਰਨੈਲੀ ਸੜਕ ’ਤੇ ਖਾਲਸਾ ਪੈਟਰੋਲ ਪੰਪ ਦੇ ਸਾਹਮਣੇ ਜਾ ਰਹੀਆਂ ਸਨ ਤਾਂ ਇਨ੍ਹਾਂ ਵਿੱਚੋਂ ਇਕ ਸੈਂਟਰੋ ਕਾਰ ਦਾ ਟਾਇਰ ਪੈਂਚਰ ਹੋ ਗਿਆ। ਕਾਰ ਵਿੱਚ ਸਵਾਰ 4 ਮੈਂਬਰ ਜਦੋਂ ਉਤਰ ਕੇ ਆਪਣੀ ਕਾਰ ਚੈੱਕ ਕਰਨ ਲੱਗੇ ਤਾਂ ਪਿੱਛੋਂ ਟਰੱਕ ਨੇ ਕਾਰ ਦੇ ਨਜ਼ਦੀਕ ਖੜ੍ਹੇ ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ। ਸਿੱਟੇ ਵਜੋਂ ਦੋ ਨੌਜਵਾਨਾਂ ਅਮਰਦੀਪ (30) ਅਤੇ ਵਿੱਕੀ (26) ਦੀ ਘਟਨਾ ਸਥਾਨ ’ਤੇ ਮੌਤ ਹੋ ਗਈ ਜਦੋਂ ਕਿ ਇਕ 9 ਸਾਲਾ ਬੱਚਾ ਗੰਭੀਰ ਜਖ਼ਮੀ ਹੋ ਗਿਆ। ਉਸ ਨੂੰ ਪੀ ਜੀ ਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਘਟਨਾ ਉਪਰੰਤ ਡਰਾਈਵਰ ਟਰੱਕ ਸਮੇਤ ਫ਼ਰਾਰ ਹੋ ਗਿਆ। ਖੰਨਾ ਪੁਲੀਸ ਨੇ ਘਟਨਾ ਸਥਾਨ ’ਤੇ ਪੁੱਜ ਕੇ ਮਾਮਲਾ ਦਰਜ ਕਰ ਲਿਆ ਅਤੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ। ਇੱਕ ਹੋਰ ਮਾਮਲੇ ਵਿੱਚ ਖੰਨਾ ਨੇੜੇ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ ਮੋਟਰਸਾਈਕਲ ਦੇ ਪਿੱਛੇ ਬੈਠੀ ਔਰਤ ਦੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕਾ ਦੇ ਜੇਠ ਰਾਜ ਕੁਮਾਰ ਵਾਸੀ ਖੰਨਾ ਦੇ ਬਿਆਨਾਂ ਦੇ ਆਧਾਰ ’ਤੇ ਆਲਟੋ ਕਾਰ ਚਾਲਕ ਅਵਿਨਾਸ਼ ਵਾਸੀ ਰਿਉਣਾ ਭੋਲਾ, ਫਤਹਿਗੜ੍ਹ ਸਾਹਿਬ ਖ਼ਿਲਾਫ਼ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਦਾ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਅਨੁਸਾਰ ਉਸ ਦਾ ਭਰਾ ਵਰਿੰਦਰ ਕੁਮਾਰ ਆਪਣੀ ਪਤਨੀ ਕੁਲਦੀਪ ਕੌਰ ਨਾਲ ਮੋਟਰਸਾਈਕਲ ’ਤੇ ਖੰਨਾ ਵੱਲ ਆ ਰਿਹਾ ਸੀ। ਜਦੋਂ ਉਹ ਇਕੋਲਾਹਾ ਨੇੜੇ ਪੁੱਜੇ ਤਾਂ ਮਾਲੇਰਕੋਟਲਾ ਵੱਲੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਕੁਲਦੀਪ ਕੌਰ ਦੀ ਮੌਤ ਹੋ ਗਈ।
ਸੜਕ ਹਾਦਸੇ ’ਚ ਜ਼ਖ਼ਮੀ
ਲੁਧਿਆਣਾ (ਗੁਰਿੰਦਰ ਸਿੰਘ): ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 3 ਦੇ ਇਲਾਕੇ ਵਿੱਚ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਐਕਟਿਵਾ ਸਵਾਰ ਨੂੰ ਟੱਕਰ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਜਾਣਕਾਰੀ ਮੁਤਾਬਕ ਮੋਹਰ ਸਿੰਘ ਨਗਰ ਦੇ ਜਗਜੋਤ ਇੰਦਰ ਗਿੱਲ ਦਾ ਭਤੀਜਾ ਜਤਿਨ ਗਿੱਲ ਜਦੋਂ ਆਪਣੇ ਐਕਟਿਵਾ ਸਕੂਟਰ ’ਤੇ ਫੀਲਡ ਗੰਜ ਜਾ ਰਿਹਾ ਸੀ, ਤਾਂ ਦੇਵਕੀ ਦੇਵੀ ਜੈਨ ਕਾਲਜ ਦੇ ਪਿਛਲੇ ਗੇਟ ਨੇੜੇ ਸਾਹਮਣਿਓਂ ਆ ਰਹੇ ਮੋਟਰਸਾਈਕਲ ਚਾਲਕ ਕੁਨਾਲ ਸ਼ਰਮਾ ਵਾਸੀ ਧਰਮਪੁਰਾ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਜਤਿਨ ਜ਼ਖ਼ਮੀ ਹੋ ਗਿਆ ਅਤੇ ਸਕੂਟਰ ਵੀ ਨੁਕਸਾਨਿਆ ਗਿਆ। ਮੁਲਜ਼ਮ ਮੋਟਰਸਾਈਕਲ ਮੌਕੇ ’ਤੇ ਹੀ ਛੱਡ ਕੇ ਫ਼ਰਾਰ ਹੋ ਗਿਆ।
