ਸਨਅਤੀ ਸ਼ਹਿਰ ਵਿੱਚ ਰੇਲਵੇ ਟਰੈਕ ਪਾਰ ਕਰਨਾ ਦੋ ਪਰਵਾਸੀ ਮਜ਼ਦੂਰਾਂ ਲਈ ਕਾਲ ਬਣ ਗਿਆ। ਸ਼ਹਿਰ ਵਿੱਚ ਦੋ ਵੱਖ-ਵੱਖ ਥਾਵਾਂ ’ਤੇ ਹੋਏ ਰੇਲ ਹਾਦਸਿਆਂ ਵਿੱਚ ਦੋ ਵਿਅਕਤੀਆਂ ਦੀ ਜਾਨ ਚਲੀ ਗਈ। ਦੋਵੇਂ ਵਿਅਕਤੀ ਸਥਾਨਕ ਫੈਕਟਰੀਆਂ ਵਿੱਚ ਮਜ਼ਦੂਰੀ ਕਰਦੇ ਸਨ। ਇੱਕ ਵਿਅਕਤੀ ਤਾਂ 7 ਧੀਆਂ ਦਾ ਪਿਉ ਸੀ, ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪਰਿਵਾਰਾਂ ਵਿੱਚ ਦੁੱਖਾਂ ਦਾ ਪਹਾੜ ਟੁੱਟ ਗਿਆ। ਜੀ ਆਰ ਪੀ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਹਿਲਾ ਹਾਦਸਾ ਧੂਰੀ ਲਾਈਨ ਇਲਾਕੇ ਵਿੱਚ ਵਾਪਰਿਆ, ਜਿਥੇ ਮੂਲ ਰੂਪ ਵਿੱਚ ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਭੈਰੋ ਪ੍ਰਸਾਦ ਦਸ਼ਮੇਸ਼ ਨਗਰ ਦੀ ਗਲੀ ਨੰਬਰ 13 ਵਿੱਚ ਰਹਿੰਦਾ ਸੀ ਅਤੇ ਟਰੈਕਟਰ ਪਾਰਟਸ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦਾ ਸੀ। ਉਹ ਘਰੋਂ ਜ਼ਰੂਰੀ ਸਾਮਾਨ ਲੈਣ ਨਿਕਲਿਆ ਸੀ ਤੇ ਪੈਦਲ ਹੀ ਲਾਈਨਾਂ ਪਾਰ ਕਰਨ ਲੱਗਿਆ। ਰੇਲਵੇ ਲਾਈਨ ਪਾਰ ਕਰਦੇ ਸਮੇਂ ਗੱਡੀ ਆ ਗਈ ਤੇ ਭੈਰੋ ਪ੍ਰਸਾਦ ਗੱਡੀ ਦੀ ਲਪੇਟ ਵਿੱਚ ਆ ਗਿਆ।
ਦੂਜਾ ਹਾਦਸਾ ਢੰਡਾਰੀ ਇਲਾਕੇ ਵਿੱਚ ਰੇਲਵੇ ਪੁਲ ਦੇ ਹੇਠਾਂ ਵਾਪਰਿਆ। ਜਿੱਥੇ 45 ਸਾਲਾ ਵਿਅਕਤੀ ਰੇਲਵੇ ਲਾਈਨਾਂ ਪਾਰ ਕਰਦੇ ਸਮੇਂ ਰੇਲ ਗੱਡੀ ਦੀ ਫੇਟ ਲੱਗਣ ਕਾਰਨ ਫੱਟੜ ਹੋ ਗਿਆ ਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੁਲਈ ਵੱਜੋਂ ਹੋਈ ਹੈ ਜੋ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਦਾ ਰਹਿਣ ਵਾਲਾ ਸੀ ਤੇ ਇੱਥੇ ਇਕ ਫੈਕਟਰੀ ਵਿੱਚ ਕੰਮ ਕਰਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਈ ਸੱਤ ਧੀਆਂ ਅਤੇ ਇੱਕ ਪੁੱਤਰ ਦਾ ਪਿਤਾ ਸੀ। ਦੋਵੇਂ ਹੀ ਮਾਮਲਿਆਂ ਵਿੱਚ ਰੇਲਵੇ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

