ਦਿਵਿਆਂਗਾਂ ਦੀਆਂ ਦੋ ਰੋਜ਼ਾ ਸੂਬਾ ਪੱਧਰੀ ਖੇਡਾਂ ਸਮਾਪਤ : The Tribune India

ਦਿਵਿਆਂਗਾਂ ਦੀਆਂ ਦੋ ਰੋਜ਼ਾ ਸੂਬਾ ਪੱਧਰੀ ਖੇਡਾਂ ਸਮਾਪਤ

ਦਿਵਿਆਂਗਾਂ ਦੀਆਂ ਦੋ ਰੋਜ਼ਾ ਸੂਬਾ ਪੱਧਰੀ ਖੇਡਾਂ ਸਮਾਪਤ

ਦੌੜ ਮੁਕਾਬਲੇ ਵਿੱਚ ਹਿੱਸਾ ਲੈਂਦੇ ਹੋਏ ਖਿਡਾਰੀ। -ਫੋਟੋ: ਿਹਮਾਂਸ਼ੂ

ਸਤਵਿੰਦਰ ਬਸਰਾ
ਲੁਧਿਆਣਾ, 9 ਦਸੰਬਰ

ਇੱਥੋਂ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਦਿਵਿਆਂਗ ਖਿਡਾਰੀਆਂ ਦੀਆਂ ਦੋ ਰੋਜ਼ਾ ਖੇਡਾਂ ਅੱਜ ਸਮਾਪਤ ਹੋ ਗਈਆਂ ਹਨ। ਇਨ੍ਹਾਂ ਖੇਡਾਂ ਵਿੱਚ 23 ਜ਼ਿਲ੍ਹਿਆਂ ਦੇ ਖਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ। ਲੁਧਿਆਣਾ ਦੇ ਖਿਡਾਰੀਆਂ ਨੇ ਕੁੱਲ 54 ਤਗਮੇ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ। ਸਮਾਗਮ ਵਿੱਚ ਡੀਜੀਐੱਸਈ ਦਫ਼ਤਰ ਤੋਂ ਸਹਾਇਕ ਡਾਇਰੈਕਟਰ ਅਮਨਦੀਪ ਕੌਰ, ਸਹਾਇਕ ਸਟੇਟ ਪ੍ਰਾਜੈਕਟ ਡਾਇਰੈਕਟਰ ਸਵਤੰਤਰ ਕਰੀਮ, ਡੀਈਓ ਸੈਕੰਡਰੀ ਹਰਜੀਤ ਸਿੰਘ ਅਤੇ ਡੀਈਓ ਐਲੀਮੈਂਟਰੀ ਬਲਦੇਵ ਸਿੰਘ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ।

ਇਸ ਮੌਕੇ ਅਮਨਦੀਪ ਕੌਰ ਨੇ ਕਿਹਾ ਕਿ ਦੋ ਰੋਜ਼ਾ ਮੁਕਾਬਲਿਆਂ ’ਚ ਖਿਡਾਰੀਆਂ ਨੇ ਦਿਖਾ ਦਿੱਤਾ ਹੈ ਕਿ ਵਿਸ਼ੇਸ਼ ਲੋੜਾਂ ਵਾਲੇ ਇਹ ਖਿਡਾਰੀ ਦੂਜਿਆਂ ਤੋਂ ਕਿਸੇ ਵੀ ਪੱਖੋਂ ਘੱਟ ਨਹੀਂ ਹਨ। ਇਨ੍ਹਾਂ ਨੂੰ ਖੇਡਦਿਆਂ ਦੇਖ ਕਿ ਹੋਰਨਾਂ ਨੌਜਵਾਨਾਂ ਅਤੇ ਬੱਚਿਆਂ ਵਿੱਚ ਵੀ ਖੇਡਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਜੋਸ਼ ਪੈਦਾ ਹੋਇਆ ਹੈ। ਉਨ੍ਹਾਂ ਨੇ ਸਫ਼ਲ ਖੇਡਾਂ ਲਈ ਸਮੂਹ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਜ਼ਿਲ੍ਹਾ ਪੱਧਰ ’ਤੇ ਮਿਲੇ ਨਤੀਜਿਆਂ ਅਨੁਸਾਰ ਲੁਧਿਆਣਾ ਦੇ ਖਿਡਾਰੀਆਂ ਨੇ ਸਭ ਤੋਂ ਵੱਧ 54 ਤਗਮੇ ਹਾਸਲ ਕੀਤੇ ਹਨ। ਇਨ੍ਹਾਂ ’ਚ 18 ਸੋਨੇ, 21 ਚਾਂਦੀ ਅਤੇ 15 ਕਾਂਸੇ ਦੇ ਤਗ਼ਮੇ ਸ਼ਾਮਲ ਹਨ। ਦੂਜਾ ਸਥਾਨ ਜਲੰਧਰ ਜ਼ਿਲ੍ਹੇ ਨੂੰ ਮਿਲਿਆ ਜਿਸ ਦੇ ਖਿਡਾਰੀਆਂ ਨੇ ਕੁੱਲ 39 ਤਗਮੇ ਆਪਣੇ ਨਾਮ ਕੀਤੇ। ਇਨ੍ਹਾਂ ਵਿੱਚ 21 ਸੋਨੇ, 5 ਚਾਂਦੀ ਅਤੇ 13 ਕਾਂਸੇ ਦੇ ਤਗਮੇ ਸ਼ਾਮਿਲ ਹਨ। ਤੀਜਾ ਸਥਾਨ ਫ਼ਤਹਿਗੜ੍ਹ ਜ਼ਿਲ੍ਹੇ ਨੂੰ ਮਿਲਿਆ। ਜ਼ਿਲ੍ਹੇ ਨੇ 10 ਸੋਨੇ, 15 ਚਾਂਦੀ ਅਤੇ 13 ਕਾਂਸੇ ਦੇ ਤਗਮਿਆਂ ਨਾਲ ਕੁੱਲ 38 ਤਗਮੇ ਜਿੱਤੇ। ਚੌਥੇ ਸਥਾਨ ’ਤੇ ਰਹੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਖਿਡਾਰੀਆਂ ਨੇ 36 ਤਗਮੇ ਜਿੱਤੇ ਜਿਨ੍ਹਾਂ ਵਿੱਚ 18 ਸੋਨੇ, 13 ਚਾਂਦੀ ਤੇ 5 ਕਾਂਸੇ ਦੇ ਤਗਮੇ ਸ਼ਾਮਲ ਹਨ।

ਇਨ੍ਹਾਂ ਤੋਂ ਇਲਾਵਾ ਅੰਮ੍ਰਿਤਸਰ ਦੇ ਖਿਡਾਰੀਆਂ ਨੇ 26, ਬਠਿੰਡਾ ਨੇ 23, ਬਰਨਾਲਾ ਨੇ 24, ਫ਼ਰੀਦਕੋਟ ਨੇ 19, ਫ਼ਿਰੋਜ਼ਪੁਰ ਨੇ 20, ਗੁਰਦਾਸਪੁਰ ਨੇ 27, ਹੁਸ਼ਿਆਰਪੁਰ ਨੇ 20, ਕਪੂਰਥਲਾ ਨੇ 5, ਮਾਲੇਰਕੋਟਲਾ ਨੇ 20, ਮਾਨਸਾ ਨੇ 13, ਮੁਹਾਲੀ ਨੇ 22, ਮੋਗਾ ਨੇ 23, ਮੁਕਤਸਰ ਨੇ 22, ਐਸਬੀਐਸ ਨਗਰ ਨੇ 10, ਪਠਾਨਕੋਟ ਨੇ 12, ਪਟਿਆਲਾ ਨੇ 24, ਰੂਪਨਗਰ ਨੇ 13, ਸੰਗਰੂਰ ਨੇ 29 ਜਦੋਂਕਿ ਤਰਨ ਤਾਰਨ ਦੇ ਖਿਡਾਰੀਆਂ ਨੇ ਕੁੱਲ 22 ਤਗਮੇ ਪ੍ਰਾਪਤ ਕੀਤੇ।

ਇਸੇ ਤਰ੍ਹਾਂ ਜ਼ੋਨ ਪੱਧਰ ’ਤੇ ਮਿਲੇ ਨਤੀਜਿਆਂ ’ਚ ਹੈਂਡਬਾਲ ਵਿੱਚੋਂ ਜ਼ੋਨ-1, ਫੁਟਬਾਲ ਵਿੱਚੋਂ ਜ਼ੋਨ-5, ਵਾਲੀਬਾਲ ਵਿੱਚੋਂ ਜ਼ੋਨ-2 ਅਤੇ ਟੇਬਲ ਟੈਨਿਸ ਵਿੱਚ ਜ਼ੋਨ-3 ਦੀਆਂ ਟੀਮ ਨੇ ਪਹਿਲੇ ਸਥਾਨ ਹਾਸਲ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਡੀਈਓ ਅਸ਼ੀਸ਼ ਕੁਮਾਰ ਅਤੇ ਜਸਵਿੰਦਰ ਸਿੰਘ ਤੋਂ ਇਲਾਵਾ ਖੇਡਾਂ ਦੇ ਕਨਵੀਨਰ ਗੁਰਜੰਟ ਸਿੰਘ, ਡੀਐਮ ਸਪੋਰਟਸ ਅਜੀਤਪਾਲ ਸਿੰਘ, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ਹੋਰ ਅਧਿਕਾਰੀ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All