ਕਾਂਗਰਸੀ ਬਲਾਕ ਪ੍ਰਧਾਨ ਦੇ ਕਤਲ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ
ਪੰਚਾਇਤੀ ਜ਼ਮੀਨ ਖਾਲੀ ਕਰਵਾਉਣ ਦੀ ਰੰਜਿਸ਼ ਬਣੀ ਕਤਲ ਦਾ ਕਾਰਨ; ਨੇਪਾਲ ਭੱਜਣ ਦੀ ਤਿਅਾਰੀ ’ਚ ਸਨ ਮੁਲਜ਼ਮ
ਮਾਛੀਵਾੜਾ ਦੇ ਪਿੰਡ ਵਿੱਚ ਕਾਂਗਰਸੀ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਕਤਲ ਮਾਮਲੇ ਨੂੰ ਪੁਲੀਸ ਨੇ ਸੁਲਝਾ ਲਿਆ ਹੈ। ਪੁਲੀਸ ਨੇ ਮੁੱਖ ਮੁਲਜ਼ਮ ਅਜੈ ਕੁਮਾਰ ਉਰਫ਼ ਵਿਜੈ ਕੁਮਾਰ ਅਤੇ ਉਸ ਦੇ ਸਾਥੀ ਲੱਕੀ ਨੂੰ ਨੇਪਾਲ ਸਰਹੱਦ ਦੇ ਨੇੜੇ ਬਿਹਾਰ ਦੇ ਜ਼ਿਲ੍ਹਾ ਮੁੰਗੇਰ ਸਥਿਤ ਕਸਬਾ ਜਮਾਲਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦੋਵਾਂ ਮੁਲਜ਼ਮਾਂ ਨੂੰ ਟਰਾਂਜ਼ਿਟ ਰਿਮਾਂਡ ’ਤੇ ਬਿਹਾਰ ਤੋਂ ਲੁਧਿਆਣਾ ਲੈ ਆਈ ਹੈ ਅਤੇ ਅਦਾਲਤ ਵਿੱਚ ਪੇਸ਼ ਕਰ ਕੇ ਤਿੰਨ ਦਿਨਾ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਅਜੈ ਦੇ ਪਿਤਾ ਜੈ ਸਿੰਘ, ਭਰਾ ਰਵੀ ਕੁਮਾਰ, ਅਮਰੀਸ਼ ਅਤੇ ਇੱਕ ਹੋਰ ਸਾਥੀ ਸੁਨੀਲ ਨੂੰ ਪੁਲੀਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।
ਡਿਪਟੀ ਕਮਿਸ਼ਨਰ ਆਫ਼ ਪੁਲੀਸ (ਡੀ ਸੀ ਪੀ ਦਿਹਾਤੀ) ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮੁੱਖ ਮੁਲਜ਼ਮ ਅਜੈ ਉਰਫ਼ ਵਿਜੈ ਦਾ ਪਰਿਵਾਰ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦਾ ਰਹਿਣ ਵਾਲਾ ਹੈ ਅਤੇ ਪਿਛਲੇ 25 ਸਾਲਾਂ ਤੋਂ ਪਿੰਡ ਖੋਖਰਾ ਵਿੱਚ ਰਹਿ ਰਿਹਾ ਸੀ। ਉਨ੍ਹਾਂ ਨੇ ਪੰਜ ਮਰਲੇ ਪੰਚਾਇਤੀ ਜਗ੍ਹਾਂ ’ਤੇ ਘਰ ਬਣਾਇਆ ਹੋਇਆ ਸੀ। ਪਰਮਿੰਦਰ ਤਿਵਾੜੀ ਕਾਂਗਰਸ ਦਾ ਬਲਾਕ ਪ੍ਰਧਾਨ ਸੀ ਅਤੇ ਪਿੰਡ ਦੀ ਪੰਚਾਇਤ ਵੀ ਕਾਂਗਰਸ ਪਾਰਟੀ ਦੀ ਹੀ ਸੀ। ਤਿਵਾੜੀ ਚਾਹੁੰਦਾ ਸੀ ਕਿ ਇਹ ਪੰਚਾਇਤੀ ਜ਼ਮੀਨ ਪੰਚਾਇਤ ਨੂੰ ਵਾਪਸ ਮਿਲੇ ਅਤੇ ਉਹ ਅਕਸਰ ਅਜੈ ਦੇ ਪਰਿਵਾਰ ਨੂੰ ਜਗ੍ਹਾਂ ਖਾਲੀ ਕਰਨ ਲਈ ਕਹਿੰਦਾ ਸੀ। ਇਸੇ ਰੰਜਿਸ਼ ਕਾਰਨ ਅਜੈ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨਾਲ ਮਿਲ ਕੇ ਪਰਮਿੰਦਰ ਤਿਵਾਰੀ ਨੂੰ ਰਸਤੇ ਵਿੱਚੋਂ ਹਟਾਉਣ ਦੀ ਯੋਜਨਾ ਬਣਾਈ। ਜਾਂਚ ਮੁਤਾਬਕ ਲੱਕੀ ਅਤੇ ਵਿਜੈ ਨੇ ਪਰਮਿੰਦਰ ਤਿਵਾਰੀ ਦੀ ਕਈ ਦਿਨ ਰੇਕੀ ਕੀਤੀ। 29 ਮਾਰਚ ਦੀ ਸ਼ਾਮ ਨੂੰ ਮੁਲਜ਼ਮ ਕੁਹਾੜੀ ਲੈ ਕੇ ਪਿੰਡ ਵਿੱਚ ਘੁੰਮ ਰਹੇ ਸਨ। ਜਿਵੇਂ ਹੀ ਤਿਵਾੜੀ ਆਪਣੇ ਕੁਆਰਟਰਾਂ ਕੋਲ ਕੁਰਸੀ ਡਾਹ ਕੇ ਬੈਠਾ, ਮੁਲਜ਼ਮਾਂ ਨੇ ਪਿੱਛੇ ਤੋਂ ਕੁਹਾੜੀ ਨਾਲ ਤਾਬੜਤੋੜ ਵਾਰ ਕਰ ਦਿੱਤੇ। ਹਸਪਤਾਲ ਵਿੱਚ ਇਲਾਜ ਦੌਰਾਨ ਤਿਵਾਰੀ ਦੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਜਦੋਂ ਪੁਲੀਸ ਨੇ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਾਬੂ ਕੀਤਾ ਤਾਂ ਪਤਾ ਲੱਗਿਆ ਕਿ ਅਜੈ ਅਤੇ ਲੱਕੀ ਬਿਹਾਰ ਰਾਹੀਂ ਨੇਪਾਲ ਭੱਜਣ ਦੀ ਫਿਰਾਕ ਵਿੱਚ ਹਨ। ਏ ਡੀ ਸੀ ਪੀ-4 ਜਸ਼ਨਦੀਪ ਸਿੰਘ ਗਿੱਲ ਅਤੇ ਹੋਰ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਪੁਲੀਸ ਟੀਮ ਬਿਹਾਰ ਰਵਾਨਾ ਹੋਈ ਅਤੇ ਉੱਥੋਂ ਦੀ ਪੁਲੀਸ ਦੀ ਮਦਦ ਨਾਲ ਦੋਵਾਂ ਨੂੰ ਕਾਬੂ ਕਰ ਲਿਆ। ਪੁਲੀਸ ਨੇ ਵਾਰਦਾਤ ਵਿੱਚ ਵਰਤੀ ਗਈ ਕੁਹਾੜੀ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਹੁਣ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਹੋਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

