ਲਗਜ਼ਰੀ ਕਾਰਾਂ ’ਤੇ ਲਾਲ ਬੱਤੀ ਲਾ ਕੇ ਠੱਗਣ ਵਾਲੇ ਦੋ ਕਾਬੂ
ਪੁਲੀਸ ਨੇ ਅਜਿਹੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਸ਼ਹਿਰ ਵਿੱਚ ਲਗਜ਼ਰੀ ਵਾਹਨਾਂ ‘ਤੇ ਗੈਰ-ਕਾਨੂੰਨੀ ਤੌਰ ’ਤੇ ਲਾਲ ਬੱਤੀਆਂ ਲਾ ਕੇ ਅਤੇ ਆਪਣੇ ਆਪ ਨੂੰ ਪ੍ਰਭਾਵਸ਼ਾਲੀ ਤੇ ਸਰਕਾਰੀ ਅਧਿਕਾਰੀ ਦੱਸ ਕੇ ਆਮ ਲੋਕਾਂ ਨੂੰ ਠੱਗਦਾ ਸੀ। ਥਾਣਾ ਸਦਰ ਦੇ ਥਾਣੇਦਾਰ...
ਪੁਲੀਸ ਨੇ ਅਜਿਹੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਸ਼ਹਿਰ ਵਿੱਚ ਲਗਜ਼ਰੀ ਵਾਹਨਾਂ ‘ਤੇ ਗੈਰ-ਕਾਨੂੰਨੀ ਤੌਰ ’ਤੇ ਲਾਲ ਬੱਤੀਆਂ ਲਾ ਕੇ ਅਤੇ ਆਪਣੇ ਆਪ ਨੂੰ ਪ੍ਰਭਾਵਸ਼ਾਲੀ ਤੇ ਸਰਕਾਰੀ ਅਧਿਕਾਰੀ ਦੱਸ ਕੇ ਆਮ ਲੋਕਾਂ ਨੂੰ ਠੱਗਦਾ ਸੀ। ਥਾਣਾ ਸਦਰ ਦੇ ਥਾਣੇਦਾਰ ਹਰਵਰਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਦੋ ਜਣਿਆਂ ਨੂੰ ਜਾਅਲਸਾਜ਼ੀ, ਧੋਖਾਧੜੀ ਅਤੇ ਸਰਕਾਰੀ ਚਿੰਨ੍ਹਾਂ ਦੀ ਦੁਰਵਰਤੋਂ ਦਾ ਮਾਮਲਾ ਦਰਜ ਕਰ ਕੇ ਲਾਲ ਬੱਤੀ ਲੱਗੀਆਂ ਗੱਡੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਥਾਣੇਦਾਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕੁਝ ਧੋਖੇਬਾਜ਼ ਵਿਅਕਤੀ ਝੂਠੀਆਂ ਪਛਾਣਾਂ ਬਣਾ ਕੇ ਇਲਾਕੇ ਵਿੱਚ ਘੁੰਮ ਰਹੇ ਹਨ ਅਤੇ ਆਪਣੀਆਂ ਲਗਜ਼ਰੀ ਕਾਰਾਂ ’ਤੇ ਲਾਲ ਬੱਤੀ ਦੀ ਵਰਤੋਂ ਕਰ ਕੇ ਲੋਕਾਂ ਤੋਂ ਵੱਡੀ ਰਕਮ ਠੱਗਣ ਲਈ ਗਰੋਹ ਚਲਾ ਰਹੇ ਹਨ। ਪੁਲੀਸ ਵੱਲੋਂ ਪੱਖੋਵਾਲ ਰੋਡ ਸਥਿਤ ਕੀਜ਼ ਹੋਟਲ ਦੇ ਨੇੜੇ ਵੈਡਿੰਗ ਵਿਲਾ ਕੋਲ ਨਾਕਾਬੰਦੀ ਕਰਕੇ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਪਿੰਡ ਧੋਥੜ ਬੇਟ ਅਤੇ ਗੁਲਸ਼ਨ ਸਿੰਘ ਵਾਸੀ ਮੁਹੱਲਾ ਅਨੰਦਪੁਰਾ, ਸੁਭਾਸ਼ ਨਗਰ ਵਜੋਂ ਹੋਈ ਹੈ।
ਤਲਾਸ਼ੀ ਦੌਰਾਨ ਉਨ੍ਹਾਂ ਪਾਸੋਂ ਇੱਕ ਫਾਰਚੂਨਰ ਗੱਡੀ ਜ਼ਬਤ ਕੀਤੀ ਗਈ, ਜਿਸ ’ਤੇ ਗੈਰ-ਕਾਨੂੰਨੀ ਤੌਰ ’ਤੇ ਲਾਲ ਬੱਤੀ ਲੱਗੀ ਹੋਈ ਸੀ। ਇਸ ਤੋਂ ਇਲਾਵਾ ਮਹਿੰਦਰਾ ਥਾਰ ਵੀ ਬਰਾਮਦ ਕਰਕੇ ਜ਼ਬਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਲੋਕਾਂ ਦੇ ਕੰਮ ਕਰਵਾਉਣ ਲਈ ਜਾਂ ਡਰਾ-ਧਮਕਾ ਕੇ ਧੋਖਾਧੜੀ ਕਰਨ ਲਈ ਸਰਕਾਰੀ ਪ੍ਰਭਾਵ ਦੀ ਵਰਤੋਂ ਕੀਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਗਰੋਹ ਵਿੱਚ ਸ਼ਾਮਲ ਉਨ੍ਹਾਂ ਦੇ ਹੋਰ ਸਾਥੀਆਂ ਅਰਸ਼ਦੀਪ ਸਿੰਘ ਵਾਸੀ ਖੰਨਾ ਅਤੇ ਦਵਿੰਦਰ ਮਾਂਗਟ ਵਾਸੀ ਬੇਗੋਵਾਲ ਦੋਰਾਹਾ ਅਤੇ ਮੋਹਣ ਸਿੰਘ ਨੂੰ ਫੜਨ ਲਈ ਵੀ ਸੰਭਾਵੀ ਟਿਕਾਣਿਆਂ ’ਤੇ ਛਾਪੇ ਮਾਰੇ ਜਾ ਰਹੇ ਹਨ।

