ਨਸ਼ੇੜੀਆਂ ਤੋਂ ਪ੍ਰੇਸ਼ਾਨ ਨੌਜਵਾਨ ਨੇ ਖ਼ੁਦਕੁਸ਼ੀ ਕੀਤੀ
ਡੇਹਲੋਂ ਪੁਲੀਸ ਨੇ ਦੋ ਭਰਾਵਾਂ ਖ਼ਿਲਾਫ਼ ਕੇਸ ਦਰਜ ਕੀਤਾ; ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲੲੀ ਕਾਰਵਾੲੀ ਸ਼ੁਰੂ
ਪਿੰਡ ਘੁੰਗਰਾਣਾ ਦੇ ਇੱਕ ਨੌਜਵਾਨ ਨੇ ਪਿੰਡ ਦੇ ਹੀ ਦੋ ਭਰਾਵਾਂ ਵੱਲੋਂ ਨਸ਼ੇ ਦੀ ਲ਼ਤ ਨੂੰ ਪੂਰਾ ਕਰਨ ਲਈ ਪੈਸਿਆਂ ਦੀ ਮੰਗ ਤੋਂ ਤੰਗ ਆ ਕੇ 28 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਹਰਮਨਦੀਪ ਸਿੰਘ ਵਾਸੀ ਪਿੰਡ ਘੁੰਗਰਾਣਾ ਵਜੋਂ ਹੋਈ ਹੈ।
ਹਰਮਨਪ੍ਰੀਤ ਸਿੰਘ ਦੇ ਪਿਤਾ ਹਾਕਮ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਪੁੱਤਰ ਹਰਮਨਦੀਪ ਸਿੰਘ ਪਿੰਡ ਦੇ ਹੀ ਦੋ ਭਰਾਵਾਂ ਆਸ਼ੂ ਸਿੰਘ ਅਤੇ ਸਾਜਨ ਸਿੰਘ ਨੂੰ ਜਾਣਦਾ ਸੀ, ਜੋ ਨਸ਼ੇੜੀ ਹਨ। ਉਹ ਹਰਮਨਦੀਪ ਸਿੰਘ ਤੋਂ ਆਪਣੀ ਨਸ਼ੇ ਦੀ ਲੋੜ ਪੂਰੀ ਕਰਨ ਲਈ ਅਕਸਰ ਪੈਸੇ ਮੰਗਦੇ ਸਨ। ਉਹ ਪੈਸੇ ਨਾ ਦੇਣ ’ਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ, ਜਿਸ ਕਾਰਨ ਹਰਮਨਦੀਪ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਗਿਆ ਸੀ। ਉਹ 24 ਜੁਲਾਈ ਨੂੰ ਕੰਮ ਲਈ ਗਿਆ ਸੀ ਪਰ ਦੇਰ ਰਾਤ ਤੱਕ ਜਦੋਂ ਉਹ ਵਾਪਸ ਨਾ ਆਇਆ ਤਾਂ ਉਸ ਦੀ ਭਾਲ ਦੌਰਾਨ ਲੁਧਿਆਣਾ-ਮਾਲੇਰਕੋਟਲਾ ਸੜਕ ’ਤੇ ਲਹਿਰਾ ਪਿੰਡ ਨੇੜੇ ਇੱਕ ਮੋਟਰ ’ਤੇ ਉਸ ਨੇ ਪ੍ਰੇਸ਼ਾਨੀ ਦੀ ਹਾਲਤ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਿਤਾ ਦੀ ਸ਼ਿਕਾਇਤ ’ਤੇ ਪੁਲੀਸ ਵੱਲੋਂ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤਾ ਹੈ।
ਥਾਣੇਦਾਰ ਨਵੀਨ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਨਾਮਜ਼ਦ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

