ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪ੍ਰੇਸ਼ਾਨੀ
ਇਥੋਂ ਦੇ ਵਾਰਡ-14 ਗੁਰੂ ਨਾਨਕ ਨਗਰ ਵਾਸੀ ਪਿਛਲੇ 10 ਸਾਲਾਂ ਤੋਂ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਹਨ। ਗਲੀਆਂ ਵਿੱਚ ਸੀਵਰੇਜ ਦਾ ਪਾਣੀ ਖੜ੍ਹਾ ਰਹਿੰਦਾ ਹੈ। ਹਾਲ ਹੀ ਵਿਚ ਕਰਾਟੇ ਖਿਡਾਰੀ ਤਰੁਣ ਸ਼ਰਮਾ ਦੀ ਮਾਂ ਸੀਵਰੇਜ ਵਿੱਚ ਡਿੱਗ ਗਈ ਸੀ।...
ਇਥੋਂ ਦੇ ਵਾਰਡ-14 ਗੁਰੂ ਨਾਨਕ ਨਗਰ ਵਾਸੀ ਪਿਛਲੇ 10 ਸਾਲਾਂ ਤੋਂ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਹਨ। ਗਲੀਆਂ ਵਿੱਚ ਸੀਵਰੇਜ ਦਾ ਪਾਣੀ ਖੜ੍ਹਾ ਰਹਿੰਦਾ ਹੈ। ਹਾਲ ਹੀ ਵਿਚ ਕਰਾਟੇ ਖਿਡਾਰੀ ਤਰੁਣ ਸ਼ਰਮਾ ਦੀ ਮਾਂ ਸੀਵਰੇਜ ਵਿੱਚ ਡਿੱਗ ਗਈ ਸੀ। ਇਸ ਘਟਨਾ ਉਪਰੰਤ ਲੋਕਾਂ ਨੇ ਇੱਕਠੇ ਹੋ ਕੇ ਨਗਰ ਕੌਂਸਲ ਪ੍ਰਸ਼ਾਸਨ ਅਤੇ ਮੌਜੂਦਾ ਕੌਂਸਲਰ ਵਿਰੁੱਧ ਨਾਅਰੇਬਾਜ਼ੀ ਕੀਤੀ ਸੀ। ਇਸ ਦੌਰਾਨ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇ 24 ਘੰਟਿਆਂ ਵਿੱਚ ਸੀਵਰੇਜ ਦੀ ਸਮੱਸਿਆ ਦਾ ਸਥਾਈ ਤੌਰ ਹੱਲ ਨਾ ਕੀਤਾ ਗਿਆ ਤਾਂ ਉਹ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ ਲਾਉਣਗੇ। ਇਸ ਮੌਕੇ ਕਰਾਟੇ ਖਿਡਾਰੀ ਤਰੁਨ ਸ਼ਰਮਾ ਨੇ ਕਿਹਾ ਕਿ ਜੇ ਉਸ ਦੀ ਮਾਂ ਨੂੰ ਗੰਭੀਰ ਨੁਕਸਾਨ ਪੁੱਜਾ ਤਾਂ ਉਹ ਨਗਰ ਕੌਂਸਲ ਅਤੇ ਸਬੰਧਤ ਕੌਂਸਲਰ ਵਿਰੁੱਧ ਕਾਨੂੰਨੀ ਕਾਰਵਾਈ ਕਰੇਗਾ। ਇਲਾਕੇ ਦੀ ਵਸਨੀਕ ਰਾਜਿੰਦਰ ਕੌਰ ਨੇ ਕਿਹਾ ਕਿ ਸੀਵਰੇਜ ਦੀ ਮਾੜੀ ਹਾਲਤ ਕਾਰਨ ਲੋਕਾਂ ਅਤੇ ਬੱਚਿਆਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਜੋਗਿੰਦਰ ਸਿੰਘ ਨੇ ਕਿਹਾ ਕਿ ਖੜ੍ਹੇ ਗੰਦੇ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ।
ਮਾਮਲੇ ਦੀ ਜਾਂਚ ਹੋਵੇਗੀ: ਕਾਰਜਸਾਧਕ ਅਫ਼ਸਰ
ਕੌਂਸਲਰ ਸੰਦੀਪ ਘਈ ਨੇ ਕਿਹਾ ਕਿ ਸਿਆਸੀ ਦਬਾਅ ਕਾਰਨ ਨਗਰ ਕੌਂਸਲ ਦੇ ਕਰਮਚਾਰੀ ਇਲਾਕੇ ਦੀ ਸਫ਼ਾਈ ਨਹੀਂ ਕਰ ਰਹੇ। ਉਧਰ, ਕੌਂਸਲ ਦੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਨਗੇ ਅਤੇ ਖੜ੍ਹੇ ਪਾਣੀ ਨੂੰ ਹਟਾਉਣ ਲਈ ਜਲਦ ਟੈਂਕਰ ਭੇਜਿਆ ਜਾਵੇਗਾ।

