ਇੱਥੋਂ ਦੀ ਸਮਰਾਲਾ ਰੋਡ ਸਥਿਤ ਸੁੰਦਰ ਸਿਟੀ ਕਲੋਨੀ ਵਿਚ ਸੁੰਦਰੀਕਰਨ ਦੇ ਨਾਂ ’ਤੇ 100 ਤੋਂ ਵਧੇਰੇ ਰੁੱਖਾਂ ਅਤੇ ਬੂਟਿਆਂ ਨੂੰ ਦਿਨ ਦਿਹਾੜੇ ਜੇ ਸੀ ਬੀ ਚਲਾ ਕੇ ਪੁੱਟ ਦਿੱਤਾ ਗਿਆ। ਲੋਕਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਵਿਰੋਧ ਦੇ ਬਾਵਜੂਦ ਕੁਝ ਪ੍ਰਾਪਰਟੀ ਡੀਲਰਾਂ ਨੇ ਦਰੱਖਤ ਕੱਟਣ ਦੀ ਸਾਜਿਸ਼ ਰਚੀ। ਇਸ ਦੌਰਾਨ ਰਸਮੀ ਤੌਰ ’ਤੇ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਦੌਰਾ ਕੀਤਾ ਪਰ ਕੋਈ ਕਾਰਵਾਈ ਨਹੀਂ ਹੋਈ। ਲੋਕਾਂ ਨੂੰ ਜਦੋਂ ਕੋਈ ਹੱਲ ਨਾ ਮਿਲਿਆ ਤਾਂ ਉਨ੍ਹਾਂ ਔਨਲਾਈਨ ਸ਼ਿਕਾਇਤ ਦਰਜ ਕਰਵਾ ਦਿੱਤੀ।
ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਰੁੱਖਾਂ ਦੀ ਕਟਾਈ ਬੰਦ ਕਰ ਕੇ ਮੁਲਜ਼ਮਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਧਰ, ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਉਹ ਜਲਦ ਕੌਂਸਲ ਦੀ ਟੀਮ ਭੇਜਣਗੇ ਜੇ ਕੁਝ ਗਲਤ ਪਾਇਆ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ। ਐੱਸ ਡੀ ਐੱਮ ਸਵਾਤੀ ਟਿਵਾਣਾ ਨੇ ਕਿਹਾ ਕਿ ਇਹ ਮਾਮਲਾ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਉਹ ਕੌਂਸਲ ਅਧਿਕਾਰੀਆਂ ਨਾਲ ਗੱਲ ਕਰ ਕੇ ਇਕ ਟੀਮ ਘਟਨਾ ਸਥਾਨ ’ਤੇ ਭੇਜਣਗੇ। ਜੇ ਰੁੱਖਾਂ ਨੂੰ ਨੁਕਸਾਨ ਹੋਇਆ ਪਾਇਆ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ।

