ਖੇਤਰੀ ਪ੍ਰਤੀਨਿਧ
ਲੁਧਿਆਣਾ, 31 ਅਗਸਤ
ਪੀਏਯੂ ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਵੱਲੋਂ ਪੀਏਯੂ ਫਲਾਵਰ ਗਰੋਅਰਜ਼ ਕਲੱਬ ਦੇ ਮੈਂਬਰਾਂ ਲਈ ਮਹੀਨਾਵਾਰ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਵਿੱਚ 30 ਦੇ ਕਰੀਬ ਕਿਸਾਨਾਂ ਨੇ ਸ਼ਿਰਕਤ ਕੀਤੀ।
ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਸਿਹਤਮੰਦ ਫੁੱਲਾਂ ਦੀ ਨਰਸਰੀ ਦੇ ਪਾਲਣ-ਪੋਸ਼ਣ ਅਤੇ ਕ੍ਰਾਈਸੈਂਥਮਮ ਦੀ ਕਾਸ਼ਤ ਬਾਰੇ ਦੱਸਿਆ, ਜਿਸ ਨੂੰ ਵਪਾਰਕ ਉਦੇਸ਼ ਲਈ ਉਗਾਉਣ ਨਾਲ ਉਤਪਾਦਕਾਂ ਨੂੰ ਆਰਥਿਕ ਲਾਭ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਫੁੱਲਾਂ ਦੀ ਖੇਤੀ ਅਤੇ ਲੈਂਡਸਕੇਪਿੰਗ ਦੀ ਵਧਦੀ ਮੰਗ ਪੰਜਾਬ ਦੇ ਕਿਸਾਨਾਂ ਨੂੰ ਭਰਪੂਰ ਲਾਭ ਦੇ ਰਹੀ ਹੈ। ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਇਸ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ। ਪੀਏਯੂ ਫਲਾਵਰ ਗ੍ਰੋਅਰਜ਼ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸ਼ੇਰਗਿੱਲ ਨੇ ਉਤਪਾਦਨ ਅਤੇ ਉਤਪਾਦਕਤਾ ਦੇ ਨਾਲ-ਨਾਲ ਖਰਚਿਆਂ ਅਤੇ ਲਾਭਾਂ ’ਤੇ ਕੇਂਦ੍ਰਿਤ ਕਰਦੇ ਹੋਏ ਫੁੱਲਾਂ ਦੀ ਕਾਸ਼ਤ ਦੇ ਆਪਣੇ ਤਜਰਬੇ ਸਾਂਝੇ ਕੀਤੇ। ਇਸ ਤੋਂ ਪਹਿਲਾਂ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਅਤੇ ਪ੍ਰੋਗਰਾਮ ਦੇ ਐਸੋਸੀਏਟ ਡਾਇਰੈਕਟਰ ਡਾ. ਕੁਲਦੀਪ ਸਿੰਘ ਨੇ ਕਲੱਬ ਦੇ ਮਾਹਿਰਾਂ ਅਤੇ ਮੈਂਬਰਾਂ ਦਾ ਸਵਾਗਤ ਕੀਤਾ। ਬਾਅਦ ਵਿੱਚ ਪਸਾਰ ਵਿਗਿਆਨੀ ਡਾ. ਲਵਲੀਸ਼ ਗਰਗ ਨੇ ਸਭ ਦਾ ਧੰਨਵਾਦ ਕੀਤਾ। ਇਹ ਸਮਾਗਮ ਅਪਰਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਦੇ ਨਿਰਦੇਸ਼ਨ ਹੇਠ ਸਿਰੇ ਚੜ੍ਹਿਆ।