Traffic Protest: ਸਤਲੁਜ ਪੁਲ ਦੀ ਮੁਰੰਮਤ ਨਾ ਹੋਣ ਰਾਹਗੀਰ ਖੁਆਰ
ਅਕਾਲੀ ਦਲ (ਵਾਰਿਸ ਪੰਜਾਬ) ਨੇ ਪ੍ਰਸ਼ਾਸਨ ਨੂੰ ਮਹੀਨੇ ਦਾ ਅਲਟੀਮੇਟ ਦਿੱਤਾ; ਸਰਕਾਰ ਖ਼ਿਲਾਫ਼ ਧਰਨਾ ਲਾਇਆ
ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ) ਵੱਲੋਂ ਦੋਆਬੇ ਤੇ ਮਾਲਵੇ ਨੂੰ ਆਪਸ ਵਿਚ ਜੁੜਦੇ ਸਤਲੁਜ ਦਰਿਆ ’ਤੇ ਪੁਲ ਦੀ ਧਸੀ ਸਲੈਬ ਦੀ ਮੁਰੰਮਤ ਨਾ ਹੋਣ ਕਾਰਨ ਅੱਜ ਰੋਸ ਧਰਨਾ ਦਿੱਤਾ ਗਿਆ। ਪੁਲ ਨੇੜੇ ਪ੍ਰਸ਼ਾਸਨ ਤੇ ਸਰਕਾਰ ਖਿਲਾਫ਼ ਧਰਨਾ ਨੂੰ ਸੰਬੋਧਨ ਕਰਦਿਆਂ ਕਿਰਪਾਲ ਸਿੰਘ ਤੇ ਕੁਲਦੀਪ ਸਿੰਘ ਨੇ ਕਿਹਾ ਕਿ ਪਿਛਲੇ ਪੌਣੇ 2 ਸਾਲ ਤੋਂ ਸਤਲੁਜ ਪੁਲ ਦੀ ਸਲੈੈਬ ਧਸੀ ਹੋਈ ਹੈ ਪਰ ਇਸ ਸਲੈਬ ਦੀ ਮੁਰੰਮਤ ਕਰਨ ਦੀ ਥਾਂ ਲੋਕਾਂ ਦੀ ਪ੍ਰੇਸ਼ਾਨੀ ਵਧਾਉਂਦਿਆਂ ਇਸ ਪੁਲ ਨੂੰ ਵੱਡੇ ਤੇ ਭਾਰੀ ਵਾਹਨਾਂ ਲਈ ਬੰਦ ਕਰ ਦਿੱਤਾ ਹੈ। ਇਸ ਕਾਰਨ ਖੰਨਾ ਤੋਂ ਨਵਾਂਸ਼ਹਿਰ ਬੱਸ ਰਾਹੀਂ ਜਾਣ ਵਾਲੀਆਂ ਸਵਾਰੀਆਂ ਵੀ ਖੁਆਰ ਹੁੰਦੀਆਂ ਹਨ ਜਿਨ੍ਹਾਂ ਨੂੰ ਪੁਲ ਦੇ ਇੱਕ ਕਿਨਾਰੇ ਉਤਾਰ ਕੇ ਦੂਜੇ ਕਿਨਾਰੇ ਉਹ ਡੇਢ ਕਿਲੋਮੀਟਰ ਦਾ ਲੰਬਾ ਪੈਂਡਾ ਤੈਅ ਕਰ ਕੇ ਤਪਦੀ ਗਰਮੀ ਵਿਚ ਅਗਲੀ ਬੱਸ ’ਚ ਸਵਾਰ ਹੁੰਦੀਆਂ ਹਨ। ਇਸ ਕਾਰਨ ਵੱਡੇ ਤੇ ਭਾਰੀ ਵਾਹਨਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ ਜਿਨ੍ਹਾਂ ਨੂੰ ਆਪਣੀ ਮੰਜ਼ਿਲ ’ਤੇ ਜਾਣ ਲਈ ਵਾਧੂ ਡੀਜ਼ਲ ਫੂਕ ਕੇ ਲੰਬਾ ਪੈਂਡਾ ਤੈਅ ਕਰਨਾ ਪੈਂਦਾ ਹੈ। ਇਸੇ ਤਹਿਤ ਮਜਬੂਰੀਬੱਸ ਇਹ ਕਦਮ ਚੁੱਕਣਾ ਪਿਆ। ਉਨ੍ਹਾਂ ਕਿਹਾ ਕਿ ਖੰਨਾ ਤੋਂ ਨਵਾਂਸ਼ਹਿਰ ਤੱਕ ਹਜ਼ਾਰਾਂ ਹੀ ਦੁਕਾਨਦਾਰ, ਢਾਬਾ ਮਾਲਕ, ਪੈਟਰੋਲ ਪੰਪ ਅਤੇ ਇੱਥੋਂ ਗਰੀਬ ਮੈਕੇਨਿਕ ਤੇ ਪੰਚਰ ਲਾਉਣ ਵਾਲਿਆਂ ਦਾ ਵੀ ਪੁਲ ਬੰਦ ਹੋਣ ਕਾਰਨ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਰੁਜ਼ਗਾਰ ਤਾਂ ਕੀ ਦੇਣਾ ਸੀ ਪਰ ਪੁਲ ਦੀ ਮੁਰੰਮਤ ਨਾ ਕਰ ਕੇ ਉਨ੍ਹਾਂ ਦਾ ਰੋਜ਼ਗਾਰ ਖੋਹਿਆ ਜਾ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਮਹੀਨੇ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇ ਪੁਲ ਦੀ ਮੁਰੰਮਤ ਸ਼ੁਰੂ ਨਾ ਹੋਈ ਤਾਂ ਫਿਰ ਲੋਕਾਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਉਲੀਕਿਆ ਜਾਵੇਗਾ।
ਟੌਲ ਪਲਾਜ਼ਿਆਂ ਦੀ ਕਮਾਈ ਵਧਾਉਣ ਲਈ ਪੁਲ ਦੀ ਨਹੀਂ ਕੀਤੀ ਜਾ ਰਹੀ ਮੁਰੰਮਤ
ਅਕਾਲੀ ਦਲ (ਵਾਰਿਸ ਪੰਜਾਬ) ਪਾਰਟੀ ਦੇ ਆਗੂਆਂ ਨੇ ਪ੍ਰਸ਼ਾਸਨ ’ਤੇ ਇਹ ਵੀ ਦੋਸ਼ ਲਾਇਆ ਕਿ ਪੁਲ ਦੀ ਮੁਰੰਮਤ ਇਸ ਲਈ ਨਹੀਂ ਕੀਤੀ ਜਾ ਰਹੀ ਕਿ ਭਾਰੀ ਤੇ ਵੱਡੇ ਵਾਹਨ ਜੋ ਬਿਨਾਂ ਟੌਲ ਪਲਾਜ਼ੇ ਰਾਹੀਂ ਇਸ ਪੁਲ ਤੋਂ ਲੰਘਦੇ ਹਨ ਹੁਣ ਉਨ੍ਹਾਂ ਨੂੰ ਵਾਇਆ ਲੁਧਿਆਣਾ ਜਾਂ ਰੋਪੜ ਲੱਗੇ ਟੌਲ ਪਲਾਜ਼ਿਆਂ ’ਤੇ ਮੋਟੀ ਰਕਮ ਅਦਾ ਕਰ ਕੇ ਲੰਘਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਮਿਲੀਭੁਗਤ ਹੈ ਕਿ ਟੋਲ ਪਲਾਜਿਆਂ ਦੀ ਰੋਜ਼ਾਨਾ ਲੱਖਾਂ ਰੁਪਏ ਕਮਾਈ ਵਧਾਉਣ ਲਈ ਇਸ ਦੀ ਮੁਰੰਮਤ ਨਹੀਂ ਕੀਤੀ ਜਾ ਰਹੀ। ਉਨ੍ਹਾਂ ਲੋਕਾਂ ’ਤੇ ਆਰਥਿਕ ਬੋਝ ਪਾਉਣ ਦੀ ਥਾਂ ਸਰਕਾਰ ਨੂੰ ਪੁਲ ਦੀ ਮੁਰੰਮਤ ਜਲਦ ਕਰਵਾਉਣ ਦੀ ਅਪੀਲ ਕੀਤੀ।

