ਖੰਨਾ ਸ਼ਹਿਰ ਦੇ ਚੌਕਾਂ ’ਤੇ ਟਰੈਫ਼ਿਕ ਲਾਈਟਾਂ ਬੰਦ, ਲੋਕ ਪ੍ਰੇਸ਼ਾਨ
ਜੋਗਿੰਦਰ ਸਿੰਘ ਓਬਰਾਏ
ਖੰਨਾ, 10 ਜੁਲਾਈ
ਸ਼ਹਿਰ ਵਿਚ ਲਾਈਆਂ ਟਰੈਫਿਕ ਲਾਈਟਾਂ ਲੋਕਾਂ ਲਈ ਸਮੱਸਿਆਵਾਂ ਦਾ ਕਾਰਨ ਬਣਦੀਆਂ ਜਾ ਰਹੀਆਂ ਹਨ ਕਿਉਂਕਿ ਇਹ ਲਾਈਟਾਂ ਪਿਛਲੇ ਲੰਬੇ ਸਮੇਂ ਤੋਂ ਕਦੇ ਬੰਦ ਹਨ ਤੇ ਬਹੁਤ ਮੁਸ਼ੱਕਤ ਤੋਂ ਬਾਅਦ ਵੀ ਕੁਝ ਦਿਨ ਹੀ ਚੱਲਦੀਆਂ ਹਨ ਤੇ ਮੁੜ ਬੰਦ ਹੋ ਜਾਂਦੀਆਂ ਹਨ। ਇਸ ਕਾਰਨ ਲੋਕ ਚੌਕ ਵਿਚੋਂ ਲੰਘਦੇ ਸਮੇਂ ਦੁਚਿੱਤੀ ਵਿਚ ਪੈ ਜਾਂਦੇ ਹਨ ਕਿ ਲਾਈਆਂ ਪਾਰ ਕਰਨੀਆਂ ਹਨ ਜਾਂ ਇੰਤਜ਼ਾਰ ਕਰਨਾ ਹੈ।
ਇਥੇ ਸਮਾਜ ਸੇਵੀ ਐਡਵੋਕੇਟ ਹਰਸ਼ ਭੱਲਾ ਨੇ ਕਿਹਾ ਕਿ ਇਨ੍ਹਾਂ ਲਾਈਟਾਂ ਕਾਰਨ ਰੋਜ਼ਾਨਾ ਸੈਂਕੜੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਸ਼ਹਿਰ ਦਾ ਲਲਹੇੜੀ ਚੌਕ ਅਤੇ ਸਮਰਾਲਾ ਚੌਕ ਵਿੱਚ ਲਾਈਟਾਂ ਬੰਦ ਪਈਆਂ ਹਨ ਅਤੇ ਇਹ ਚੌਕ ਸ਼ਹਿਰ ਦੇ ਸਭ ਤੋਂ ਭੀੜ ਭੜੱਕੇ ਵਾਲੇ ਹਨ। ਉਨ੍ਹਾਂ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਚੌਕਾਂ ਵਿਚ ਲੱਗੀਆਂ ਟਰੈਫਿਕ ਲਾਈਟਾਂ ਨੂੰ ਜਲਦ ਤੋਂ ਜਲਦ ਚਾਲੂ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਟਰੈਫਿਕ ਤੋਂ ਨਿਜ਼ਾਤ ਮਿਲ ਸਕੇ।
ਇਸ ਸਬੰਧੀ ਡੀਐੱਸਪੀ ਟਰੈਫਿਕ ਪੁਲੀਸ ਕਰਨਵੀਰ ਤੂਰ ਨੇ ਕਿਹਾ ਕਿ ਕੋਈ ਅਣਪਛਾਤਾ ਇਨ੍ਹਾਂ ਟਰੈਫਿਕ ਲਾਈਟਾਂ ਦੀ ਤਾਰ ਚੋਰੀ ਕਰਕੇ ਲੈ ਗਿਆ ਹੈ। ਇਸ ਸਬੰਧੀ ਨਗਰ ਕੌਂਸਲ ਵੱਲੋਂ ਪੁਲੀਸ ਨੂੰ ਦਰਖਾਸਤ ਵੀ ਦਿੱਤੀ ਗਈ ਹੈ। ਜਲਦ ਹੀ ਨਗਰ ਕੌਂਸਲ ਵੱਲੋਂ ਇਨ੍ਹਾਂ ਲਾਈਟਾਂ ਦਾ ਐਸਟੀਮੇਟ ਬਣਾ ਦਿੱਤਾ ਜਾਵੇਗਾ ਅਤੇ ਇਕ ਹਫ਼ਤੇ ਦੇ ਅੰਦਰ ਟਰੈਫਿਕ ਲਾਈਟਾਂ ਮੁੜ ਚਾਲੂ ਕਰਵਾ ਦਿੱਤੀਆਂ ਜਾਣਗੀਆਂ। ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਨੇ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਇਨ੍ਹਾਂ ਲਾਈਟਾਂ ਦੀ ਤਾਰ ਕੋਈ ਚੋਰੀ ਕਰਕੇ ਲੈ ਗਿਆ ਸੀ, ਜਲਦ ਲਾਈਟਾਂ ਚਾਲੂ ਕਰਵਾਈਆਂ ਜਾਣਗੀਆਂ।